ਰਾਜ ਵਿਤੀ ਐਮਰਜੈਂਸੀ ਵੱਲ ਵਧ ਰਿਹਾ ਹੈ, ਮੁੱਖ ਮੰਤਰੀ ਸਥਿਤੀ ਸਪਸ਼ਟ ਕਰਨ- ਕਾ: ਸੇਖੋਂ
ਬਠਿੰਡਾ, 9 ਜੂਨ, ਬੀ ਐੱਸ ਭੁੱਲਰ
ਦੇਸ਼ ਦਾ ਸਭ ਤੋਂ ਖੁਸ਼ਹਾਲ ਸਮਝਿਆ ਜਾਣ ਵਾਲਾ ਰਾਜ ਪੰਜਾਬ ਹੁਣ ਵਿਤੀ ਐਮਰਜੈਸੀ ਵੱਲ ਵਧ ਰਿਹਾ ਹੈ। ਮੌਜੂਦਾ ਪੰਜਾਬ ਸਰਕਾਰ ਆਪਣਾ ਸਮਾਂ ਪੂਰਾ ਕਰਨ ਲਈ ਨਿੱਤ ਦਿਨ ਕਰਜਾ ਚੁੱਕ ਰਹੀ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦੀ ਵਿਤੀ ਸਥਿਤੀ ਬਾਰੇ ਲੋਕਾਂ ਨੂੰ ਸਪਸ਼ਟ ਕਰਨ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਪੰਜਾਬ ਸਿਰ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 3,53,600 ਕਰੋੜ ਰੁਪਏ ਦਾ ਕਰਜਾ ਹੈ। ਸਮੁੱਚੀ ਅਬਾਦੀ ਅਨੁਸਾਰ ਵਾਚਿਆ ਜਾਵੇ ਤਾਂ ਅੱਜ ਪੰਜਾਬ ਦੇ ਹਰ ਵਿਅਕਤੀ ਸਿਰ 1 ਲੱਖ 12 ਹਜ਼ਾਰ ਰੁਪਏ ਦਾ ਕਰਜਾ ਹੈ ਅਤੇ ਇਹ ਕਰਜਾ ਲਗਾਤਾਰ ਵਧ ਰਿਹਾ ਹੈ।
ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਰਥਿਕ ਹਾਲਤ ਏਨੀ ਡਾਵਾਂਡੋਲ ਹੈ ਕਿ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਸਭ ਤੋਂ ਅਹਿਮ ਪੰਜਾਬ ਪੁਲਿਸ ਦਾ ਮਾਮਲਾ ਮੰਨਿਆਂ ਜਾਂਦਾ ਹੈ, ਕਦੇ ਵੀ ਇਸ ਵਿਭਾਗ ਦੇ ਮੁਲਾਜਮਾਂ ਦੀ ਤਨਖਾਹ ਲੇਟ ਨਹੀਂ ਕੀਤੀ ਜਾਂਦੀ, ਪਰ ਮੌਜੂਦਾ ਸਰਕਾਰ ਦੌਰਾਨ ਇਸ ਵਿਭਾਗ ਦੀਆਂ ਤਨਖਾਹਾਂ ਵੀ ਲੇਟ ਹੁੰਦੀਆਂ ਰਹਿੰਦੀਆਂ ਹਨ। ਮੰਦੀ ਹਾਲਤ ਦਾ ਹੀ ਨਤੀਜਾ ਹੈ ਕਿ ਰਾਜ ਸਰਕਾਰ ਨੇ ਵੱਖ ਵੱਖ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਫੰਡ ਜਮਾਂ ਕਰਵਾਉਣ ਦੇ ਆਦੇਸ ਦਿੱਤੇ ਹਨ। ਹੁਣ ਸੂਬਾ ਸਰਕਾਰ ਨੇ ਸੰਸਾਰ ਬੈਂਕ ਤੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜਾ ਚੁੱਕ ਲਿਆ ਹੈ, ਇਹ ਕਰਜਾ 21 ਸਾਲਾਂ ਲਈ ਲਿਆ ਗਿਆ ਹੈ। ਇਸ ਤਰ੍ਹਾਂ ਇਹ ਕਰਜਾ ਸਾਲ 2046 ਤੱਕ ਵਾਪਸ ਕੀਤਾ ਜਾਣਾ ਹੈ। ਹੈਰਾਨੀਜਨਕ ਤੱਥ ਹੈ ਕਿ ਇਸ ਸਰਕਾਰ ਦਾ ਚੁੱਕਿਆ ਕਰਜਾ ਅਗਲੀਆਂ ਚਾਰ ਸਰਕਾਰ ਅਦਾ ਕਰਨਗੀਆਂ।
ਸੂਬਾ ਸਕੱਤਰ ਨੇ ਕਿਹਾ ਕਿ ਮਾੜੀ ਆਰਥਿਕ ਹਾਲਤ ਕਾਰਨ ਹੀ ਰਾਜ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ। ਔਰਤਾਂ ਨੂੰ ਹਰ ਮਹੀਨੇ ਇੱਕ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ 42 ਮਹੀਨੇ ਪੂਰੇ ਹੋਣ ਸਦਕਾ ਹਰ ਔਰਤ ਨੂੰ 42 ਹਜ਼ਾਰ ਰੁਪਏ ਦੇਣੇ ਬਣਦੇ ਹਨ। ਕਰਜ਼ੇ ਦੇ ਸਹਾਰੇ ਚੱਲਣ ਵਾਲੀ ਸਰਕਾਰ ਤੋਂ ਕੀ ਇਹ ਆਸ ਰੱਖੀ ਜਾ ਸਕਦੀ ਹੈ? ਉਹਨਾਂ ਕਿਹਾ ਕਿ ਕਈ ਪਿੰਡਾਂ ਦੀ 24311 ਏਕੜ ਇਕੁਆਇਰ ਕਰਨ ਵਾਲਾ ਪ੍ਰੋਜੈਕਟ ਵੀ ਸੰਸਾਰ ਬੈਂਕ ਤੋਂ ਕਰਜਾ ਹਾਸਲ ਲੈਣ ਦੀ ਨੀਅਤ ਨਾਲ ਹੀ ਸੁਰੂ ਕੀਤਾ ਜਾ ਰਿਹਾ ਹੈ, ਤਾਂ ਜੋ ਉਸ ਕਰਜੇ ਦੀ ਰਕਮ ਨਾਲ ਵਾਅਦੇ ਪੂਰੇ ਕਰਕੇ ਅਗਲੀਆਂ ਪੰਜਾਬ ਚੋਣਾਂ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕੀਤੀਆਂ ਜਾ ਸਕਣ।
ਕਾ: ਸੇਖੋਂ ਨੇ ਕਿਹਾ ਕਿ ਸਰਕਾਰਾਂ ਕੇਵਲ ਕਰਜੇ ਨਾਲ ਨਹੀਂ ਚਲਾਈਆਂ ਜਾ ਸਕਦੀਆਂ। ਮੁੱਖ ਮੰਤਰੀ ਹਮੇਸ਼ਾਂ ਬਿਆਨ ਦਿੰਦੇ ਰਹਿੰਦੇ ਹਨ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ, ਇਸ ਲਈ ਉਹ ਖਜ਼ਾਨੇ ਦੀ ਹਾਲਤ ਸਪਸ਼ਟ ਕਰ ਕੇ ਲੋਕਾਂ ਦੀ ਦੁਬਿਧਾ ਦੂਰ ਕਰਨ।