

ਦਲਿਤ ਸੋਸ਼ਨ ਮੁਕਤੀ ਮੰਚ ਪੰਜਾਬ ਦੀ ਜਥੇਬੰਦਕ ਕਨਵੇਂਸ਼ਨ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਪੰਨ।
ਕਾਮਰੇਡ ਹਰਬੰਸ ਸਿੰਘ ਧੂਤ ਪ੍ਰਧਾਨ ਅਤੇ ਬਲਬੀਰ ਸਿੰਘ ਜਨਰਲ ਸਕੱਤਰ ਚੁਣੇ ਗਏ।
ਦਲਿਤ ਸੋਸ਼ਨ ਮੁਕਤੀ ਮੰਚ ਦੀ ਰਾਜ ਪੱਧਰੀ ਜਥੇਬੰਦਕ ਕਾਨਫਰੰਸ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਹਰਬੰਸ ਸਿੰਘ ਧੂਤ , ਸਾਬਕਾ ਐਮ.ਐਲ.ਏ ਚੰਦ ਸਿੰਘ ਚੋਪੜਾ ਅਤੇ ਚਮਕੌਰ ਸਿੰਘ ਖੇੜੀ ਦੀ ਪ੍ਰਧਾਨਗੀ ਹੇਠ ਹੋਈ।
ਅਰੰਭ ਵਿੱਚ ਮੰਚ ਦਾ ਝੰਡਾ ਕਾਮਰੇਡ ਹਰਬੰਸ ਸਿੰਘ ਧੂਤ ਨੇ ਲਹਿਰਾਇਆ।
ਪੰਜਾਬ ਭਰ ਤੋਂ 200 ਤੋਂ ਵੱਧ ਚੁਣੇ ਹੋਏ ਡੈਲੀਗੇਟਾਂ ਨੇ ਕਾਨਫਰੰਸ ਵਿੱਚ ਹਿੱਸਾ ਲਿਆ।
ਹਾਊਸ ਵਲੋਂ 2 ਮਿੰਟ ਦਾ ਮੋਨ ਰੱਖਕੇ ਵਿਛੜੇ ਸਾਥੀਆਂ ਨੂੰ ਸਰਧਾਂਜਲੀ ਦਿੱਤੀ ਗਈ।
ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਚੰਦ ਸਿੰਘ ਚੋਪੜਾ ਨੇ ਕਾਨਫਰੰਸ ਵਿੱਚ ਸ਼ਾਮਲ ਡੈਲੀਗੇਟਾਂ ਅਤੇ ਪੁੱਜੇ ਹੋਏ ਆਗੂਆਂ ਦਾ ਸਵਾਗਤ ਕੀਤਾ।
ਸਵਾਗਤੀ ਭਾਸ਼ਣ ਦਿੰਦਿਆਂ ਉਹਨਾਂ ਨੇ ਪੰਜਾਬ ਵਿੱਚ ਦਲਿਤਾ ਨਾਲ ਹੋ ਰਹੇ ਵਿਤਕਰੇ, ਉਹਨਾਂ ਦੇ ਹੱਕਾਂ ਵਿਸ਼ੇਸ਼ ਕਰਕੇ ਪੰਚਾਇਤੀ ਜਮੀਨ ਦੀ ਬੋਲੀ ਦੌਰਾਨ 25 % ਜਮੀਨ ਦਲਿਤਾ ਲਈ ਰਾਖਵੀਂ ਰੱਖਣ, ਮਨਰੇਗਾ ਹੁਣ ਵੀਬੀ ਜੀ ਰਾਮ ਜੀ ਕਨੂੰਨ ਰੁਜਗਾਰ ਨਾ ਮਿਲਣ, ਸਰਕਾਰ ਵਲੋਂ ਬੇਜ਼ਮੀਨੇ ਦਲਿਤਾਂ ਨੂੰ ਪੰਜ ਮਰਲੇ ਦੇ ਪਲਾਟ, ਮਕਾਨ ਬਣਾਉਣ ਲਈ ਆਰਥਿਕ ਸਹਾਇਤਾ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦੌਰਾਨ ਉੱਚ ਜਾਤੀਆਂ ਵਲੋਂ ਬਾਈਕਾਟ ਜਿਹੇ ਮਸਲਿਆਂ ਤੇ ਆਪਣੇ ਵਿਚਾਰ ਰੱਖੇਂ। ਉਹਨਾਂ ਨੇ ਦਲਿਤ ਸਮਾਜ ਨੂੰ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ ਦਲਿਤ ਸ਼ੋਸ਼ਣ ਮੁਕਤੀ ਮੰਚ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਕਾਨਫਰੰਸ ਦਾ ਉਦਘਾਟਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ (ਐਮ) ਪੰਜਾਬ ਨੇ ਕੀਤਾ। ਉਹਨਾਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਾਰਪੋਰੇਟ ਘਰਾਣਿਆ ਦੀਆਂ ਤਿਜੌਰੀਆਂ ਭਰਨ ਲਈ ਕਿਸਾਨ,ਮਜ਼ਦੂਰ , ਮਨਰੇਗਾ ਮਜਦੂਰਾਂ ਅਤੇ ਆਮ ਲੋਕਾਂ ਖਿਲਾਫ ਕਨੂੰਨ ਬਣਾ ਰਹੀ ਹੈ।
ਮਨਰੇਗਾ ਕਨੂੰਨ ਨੂੰ ਵੀਬੀ ਜੀ ਰਾਮ ਕਾਨੂੰਨ ਵਿੱਚ ਤਬਦੀਲ ਕਰਕੇ ਇਸ ਨੇ ਮਨਰੇਗਾ ਵਿੱਚ ਕੰਮ ਕਰਨ ਵਾਲੇ ਦਲਿਤਾਂ ਦੀ ਰੋਜੀ ਰੋਟੀ ਖੋਹਣ ਦਾ ਕੰਮ ਕੀਤਾ ਹੈ। ਨਵੇਂ ਕਨੂੰਨ ਵਿੱਚ ਅਜਿਹੀਆਂ ਸ਼ਰਤਾਂ ਲਾਈਆਂ ਹਨ ਕਿ ਮਨਰੇਗਾ ਆਪਣੇ ਆਪ ਹੀ ਖ਼ਤਮ ਹੋ ਜਾਵੇਗਾ ਜੋ ਕਿ ਦਲਿਤ ਪਰਿਵਾਰਾਂ ਲਈ ਵੱਡਾ ਘਾਟਾ ਹੈ ।
ਸਰਕਾਰ ਨਵਾਂ ਬਿਜਲੀ ਕਨੂੰਨ 2025 ਲਿਆ ਕੇ ਰਿਆਇਤੀ ਦਰਾਂ ਅਤੇ ਮੁੱਫਤ ਬਿਜਲੀ ਦੀ ਸਹੂਲਤ ਬੰਦ ਕਰ ਰਹੀ ਹੈ। ਮੀਟਰ ਪ੍ਰੀਪੇਡ ਕਰ ਦਿੱਤੇ ਜਾਣਗੇ ਅਤੇ ਬਿਜਲੀ ਮਹਿੰਗੀ ਹੋ ਜਾਵੇਗਾ। ਜੋ ਕਿ ਗਰੀਬ ਪ੍ਰੀਵਾਰਾਂ ਲਈ ਵੱਡਾ ਘਾਟਾ ਹੋਵੇਗਾ। ਉਹਨਾਂ ਲੇਬਰ ਕਾਨੂੰਨਾਂ ਵਿੱਚ ਸੋਧ, ਸੀਡ ਬਿੱਲ ਅਤੇ ਮੁਕਤ ਵਿਉਪਾਰ ਸਮਝੌਤੇ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਉਹਨਾਂ ਨੇ ਪੰਜਾਬ ਦੇ ਦਲਿਤ ਵਰਗ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਵਿਸ਼ਾਲ ਏਕਾ ਉਸਾਰਨ ਦੀ ਅਪੀਲ ਕੀਤੀ।
ਕਾਮਰੇਡ ਬਲਬੀਰ ਸਿੰਘ ਜਨਰਲ ਸਕੱਤਰ ਦਲਿਤ ਸ਼ੋਸ਼ਣ ਮੁਕਤੀ ਮੰਚ ਪੰਜਾਬ ਨੇ ਗਤੀਵਿਧੀਆ ਤੇ ਰਿਪੋਰਟ ਪੇਸ਼ ਕੀਤੀ ਜੋ ਸੰਖੇਪ ਬਹਿਸ ਤੋਂ ਬਾਅਦ ਸਰਬਸੰਮਤੀ ਨਾਲ ਹਾਊਸ ਵਲੋਂ ਪਰਵਾਨ ਕੀਤੀ ਗਈ।
ਭਰਾਤਰੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਬਲਜੀਤ ਸਿੰਘ ਗਰੇਵਾਲ ,ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਉਪ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋ, ਭਾਰਤ ਦੀ ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਸੁਖਦੀਪ ਸਿੰਘ ਗਰੇਵਾਲ ਅਤੇ ਮਨਰੇਗਾ ਯੂਨੀਅਨ ਵਲੋਂ ਪਰਮਜੀਤ ਗੁੰਮਟੀ, ਕਿਸਾਨ ਸਭਾ ਆਗੂ ਰਜਿੰਦਰ ਸਿੰਘ ਕਾਹਨੇਕੇ, ਟੀ. ਐਸ. ਯੂ ( ਵਿਗਿਆਨਕ) ਆਗੂ ਸਤਿੰਦਰ ਪਾਲ ਅਤੇ ਸੁਖਦੇਵ ਸਿੰਘ ਗਰਚਾ ਨੇ ਕਾਨਫਰੰਸ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਕਾਨਫਰੰਸ ਨੇ ਸੂਬਾ ਪੱਧਰੀ 21 ਮੈਂਬਰੀ ਕਮੇਟੀ ਬਣਾਈ ਜਿਸ ਨੇ ਆਪਣੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਚੰਦ ਸਿੰਘ ਚੋਪੜਾ ਨੂੰ ਚੇਅਰਮੈਨ ਹਰਬੰਸ ਸਿੰਘ ਧੂਤ ਨੂੰ ਪ੍ਰਧਾਨ,ਕੁਲਦੀਪ ਸਿੰਘ ਝਿੰਗੜ, ਚਮਕੌਰ ਸਿੰਘ ਨੂੰ ਉਪ ਪ੍ਰਧਾਨ, ਬਲਬੀਰ ਸਿੰਘ ਨੂੰ ਜਰਨਲ ਸਕੱਤਰ, ਪਰਮਜੀਤ ਕੌਰ ਗੁੰਮਟੀ ਅਤੇ ਗੁਰਦੇਵ ਸਿੰਘ ਮੁੱਲਾਂਪੁਰ ,ਜੈ ਰਾਮ ਨੂੰ ਜੁਆਇੰਟ ਸਕੱਤਰ, ਅਬਦੁੱਲ ਸਤਾਰ ਨੂੰ ਕੈਸੀਅਰ, ਰਛਪਾਲ ਸਿੰਘ ਨੂੰ ਸਹਾਇਕ ਕੈਸ਼ੀਅਰ ਚੁਣਿਆ ਗਿਆ। ਮਹਿੰਦਰ ਸਿੰਘ ਭੀਲੋਵਾਲ ,ਹੁਸਨ ਸਿੰਘ ਮਾਂਗਟ, ਮੇਵਾ ਸਿੰਘ ਹੰਡਿਆਇਆ, ਇੰਦਰਜੀਤ ਸਿੰਘ ਛੰਨਾਂ, ਪਰਮਜੀਤ ਕੌਰ ਭੱਟੀਵਾਲ, ਜਗਦੇਵ ਸਿੰਘ ਛਪਾਰ, ਕਰਤਾਰ ਸਿੰਘ ਮਹੋਲੀ ਦੀ ਸੂਬਾ ਵਰਕਿੰਗ ਕਮੇਟੀ ਲਈ ਚੋਣ ਕੀਤੀ ਗਈ।
ਪ੍ਰਧਾਨੀ ਮੰਡਲ ਦੇ ਧੰਨਵਾਦ ਪ੍ਰਸਤਾਵ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਅਹਿਦ ਨਾਲ ਕਾਨਫਰੰਸ ਸਫਲਤਾਪੂਰਵਕ ਖ਼ਤਮ ਹੋਈ।
![]()