ਕੇਂਦਰ ਦੀ ਐਨ.ਡੀ.ਏ. ਮੋਦੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ, ਇਸ ਨੇ ਆਮ ਲੋਕਾਂ ਲਈ ਢੇਰਾਂ ਮੁਸ਼ਕਲਾਂ ਪੈਦਾ ਕੀਤੀਆਂ ਹਨ। ਇਸ ਵੱਲੋਂ ਲੋਕ ਮਾਰੂ ਨੀਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਡਾਨੀਆਂ ਤੇ ਅੰਬਾਨੀਆਂ ਸਣੇ 100 ਕਾਰਪੋਰੇਟ ਘਰਾਣਿਆਂ ਕੋਲ ਮੁਲਕ ਦਾ 73% ਸਰਮਾਇਆ ਹੈ। ਅਜਿਹੇ ਵਿੱਚ ਦੇਸ਼ ਦੀ ਬਾਕੀ ਜਨਤਾ ਲਈ ਤਾਂ ਭੁੱਖੇ ਮਰਨ ਦੀ ਨੌਬਤ ਆ ਗਈ ਹੈ।
ਦੇਸ਼ ਦੇ ਲੋਕ ਕੋਵਿਡ-19 ਮਹਾਂਮਾਰੀ ਦੀ ਮਾਰ ਚੋਂ ਅਜੇ ਪੂਰੀ ਤਰ੍ਹਾਂ ਉਭਰੇ ਵੀ ਨਹੀਂ ਸਨ ਕਿ ਕੇਂਦਰ ਦੀ ਮੋਦੀ ਸਰਕਾਰ ਨੇ, ਉਨ੍ਹਾਂ ਉੱਤੇ ਇੱਕ ਹੋਰ ਭਾਰੀ ਆਰਥਿਕ ਬੋਝ ਪਾਉਂਦਿਆਂ ਖਾਣ-ਖੀਣ ਦੀਆਂ ਵਸਤਾਂ ‘ਤੇ ਜੀਐਸਟੀ ਵਧਾ ਦਿੱਤਾ ਹੈ। ਪਹਿਲਾਂ ਜਦੋਂ ਦੇਸ਼ ਕਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਸੀ, ਉਸ ਸਮੇਂ ਹੀ ਦੇਸ਼ ਦੀ ਮੋਦੀ ਸਰਕਾਰ, ਨਵਾਂ ਪਾਰਲੀਮੈਂਟ ਭਵਨ, ਨਵੀਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਅਰਬਾਂ ਰੁਪਏ ਖਰਚ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਦੀ ਰੀਸ ਕਰਦਿਆਂ ਹਵਾਈ ਜਹਾਜ਼ ਖਰੀਦਣ ਤੇ ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਖਰਚ ਕਰਨ ‘ਤੇ ਲੱਗੀ ਹੋਈ ਸੀ। ਸੀਪੀਆਈ(ਐਮ) ਨੇ ਉਦੋਂ ਹੀ ਇਹ ਮੰਗ ਜ਼ੋਰਦਾਰ ਤਰੀਕੇ ਨਾਲ ਉਠਾਈ ਸੀ ਕਿ ਇਹ ਤਿੰਨੇ ਪ੍ਰੋਜੈਕਟ ਬੰਦ ਕਰਕੇ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਇਹ ਪੈਸਾ ਸਿਹਤ ਸਹੂਲਤਾਂ ਵਾਸਤੇ ਖਰਚ ਕਰਕੇ ਕਰੋਨਾ ਮਹਾਮਾਰੀ ਨੂੰ ਮਾਤ ਦਿੱਤੀ ਜਾਵੇ ਅਤੇ ਸਾਰੇ ਲੋਕਾਂ ਦਾ ਮੁਫਤ ਟੀਕਾਕਰਨ ਕੀਤਾ ਜਾਵੇ ਅਤੇ ਹਰ ਉਸ ਵਿਅਕਤੀ ਨੂੰ ਜੋ ਆਮਦਨ ਕਰ ਦੇ ਘੇਰੇ ਵਿਚੋਂ ਬਾਹਰ ਹੈ, ਨੂੰ ਪ੍ਰਤੀ ਮਹੀਨਾ 7500 ਰੁਪਏ ਨਗਦ ਅਤੇ 10 ਕਿਲੋ ਅਨਾਜ ਪ੍ਰਤੀ ਮਹੀਨਾ ਇਸ ਮਹਾਮਾਰੀ ‘ਚ ਦਿੱਤਾ ਜਾਵੇ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ।
ਦੇਸ਼ ਦੇ ਲੋਕ ਮਹਾਮਾਰੀ ਦੀ ਮਾਰ ਤੋਂ ਬਾਅਦ ਅੱਤ ਦੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਵਿਰੁੱਧ ਜਥੇਬੰਦਕ ਸੰਘਰਸ਼ ਨੂੰ ਤੇਜ਼ ਕਰਨਾ ਚਾਹੀਦਾ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਇਆਂ ਜਿਸ ਤਰੀਕੇ ਨਾਲ ਧੱਕੇਸ਼ਾਹੀ ਨਾਲ ਮਜ਼ਦੂਰ ਜਮਾਤ ਨਾਲ ਸਬੰਧਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲ ਕੇ ਲਾਗੂ ਕੀਤਾ ਜਾ ਰਿਹਾ ਹੈ, ਮਜ਼ਦੂਰ ਦੀ ਦਿਹਾੜੀ ‘‘8 ਘੰਟੇ ਤੋਂ ਵਧਾ ਕੇ 12 ਘੰਟੇ’’ ਕੀਤੀ ਗਈ ਹੈ, ਇਹ ਅਤਿ ਨਿੰਦਣਯੋਗ ਹੈ। ਸੰਸਾਰ ਵਪਾਰ ਸੰਸਥਾਂ, ਆਈਐਮਐਫ ਅਤੇ ਸੰਸਾਰ ਬੈਂਕ ਦੀਆਂ ਸ਼ਰਤਾਂ ਤਹਿਤ ਇਨ੍ਹਾਂ ਕਾਨੂੰਨਾਂ ‘ਚ ਤਬਦੀਲੀਆਂ ਨਾਲ ਦੇਸ਼ ਦੇ ਮਿਹਨਤਕਸ਼ ਅਵਾਮ ਦੀਆਂ ਮੁਸੀਬਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਵਿਰੁੱਧ ਕਿਸਾਨ ਅਤੇ ਮਜ਼ਦੂਰ ਆਪਣੇ ਜਥੇਬੰਦਕ ਸੰਘਰਸ਼ ਬਹੁਤ ਹੀ ਦਿ੍ਰੜ੍ਹਤਾ ਨਾਲ ਚਲਾ ਰਹੇ ਹਨ। ਇਸ ਸੰਘਰਸ਼ ਨੂੰ ਤੋੜਨ ਲਈ ਆਰਐਸਐਸ, ਬੀਜੇਪੀ ਅਤੇ ਕਾਰਪੋਰੇਟਾਂ ਵੱਲੋਂ ਯਤਨ ਫੇਲ੍ਹ ਹੋ ਗਏ ਹਨ, ਪ੍ਰੰਤੂ ਇਸ ਸਮੇਂ ਵੀ ਚੌਕਸੀ ਬਰਕਰਾਰ ਰੱਖਣੀ ਹੋਵੇਗੀ।
ਮੌਜੂਦਾ ਰਾਜਨੀਤਕ ਵਿਵਸਥਾ ਵਿੱਚ ਦੇਸ਼ ਨੂੰ ਫਿਰਕੂ ਫਾਸ਼ੀਵਾਦੀ ਵਿਚਾਰਾਂ ਦਾ ਖਤਰਾ ਬਹੁਤ ਵੱਧ ਚੁੱਕਿਆ ਹੈ। ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ਅਤੇ ਕਾਰਪੋਰੇਟ ਗਠਜੋੜ ਦੇਸ਼ ਦੇ ਜਮਹੂਰੀ ਅਤੇ ਧਰਮਨਿਰਪੱਖ ਅਧਾਰ ਲਈ ਖਤਰੇ ਨੂੰ ਠੱਲਣ ਵਾਸਤੇ ਖੱਬੀਆਂ, ਧਰਮਨਿਰਪੱਖ ਅਤੇ ਜਮਹੂਰੀ ਸ਼ਕਤੀਆਂ ਦੀ ਲਾਮਬੰਦੀ ਅਤੀ ਜ਼ਰੂਰੀ ਹੈ । ਨਾਲ ਹੀ ਵਿਚਾਰਧਾਰਕ ਸੰਘਰਸ਼ ਨੂੰ ਤੇਜ਼ ਕਰਨਾ ਵੀ ਜ਼ਰੂਰੀ ਹੈ। ਦੇਸ਼ ਦੇ ਸੰਵਿਧਾਨ ਅਤੇ ਧਰਮਨਿਰਪੱਖਤਾ ਨੂੰ ਬਚਾਉਣਾ ਇਸ ਸਮੇਂ ਸਭ ਤੋਂ ਵੱਧ ਮਹੱਤਵਪੂਰਨ ਕੰਮ ਹੈ। ਦੇਸ਼ ਦੀ ਮੌਜੂਦਾ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੀਆਂ ਸੰਵਿਧਾਨਕ ਅਤੇ ਜਮਹੂਰੀ ਸੰਸਥਾਵਾਂ ਨੂੰ ਸਮਾਪਤ ਕਰਨ ਦੇ ਰਾਹ ਤੇ ਤੁਰੀ ਹੋਈ ਹੈ। ਜੰਮੂ-ਕਸ਼ਮੀਰ ਵਿੱਚ ਲੋਕਾਂ ਦੇ ਜਮਹੂਰੀ ਹੱਕ ਹਕੂਕ ਸਮਾਪਤ ਕੀਤੇ ਗਏ ਅਤੇ ਆਸਾਮ ‘ਚ ਕੌਮੀ ਨਾਗਰਿਕਤਾ ਰਜਿਸਟਰ ਨਾਲ ਫਿਰਕਾਪ੍ਰਸਤੀ ਨੂੰ ਮਜ਼ਬੂਤੀ ਦਿੱਤੀ ਗਈ ਹੈ। ਇਸੇ ਤਰ੍ਹਾਂ ਮਨੀਪੁਰ ਦੀਆਂ ਘਟਨਾਵਾਂ ਨੇ ਇਨਸਾਨੀਅਤ ਨੂੰ ਜਿੱਥੇ ਸ਼ਰਮਸਾਰ ਕੀਤਾ ਸੀ, ਉਥੇ ਦੇਸ਼ ਨੂੰ ਵੀ ਝੰਜੋੜ ਰੱਖ ਦਿੱਤਾ ਸੀ। ਪਰ ਪ੍ਰਧਾਨ ਮੰਤਰੀ ਤੇ ਗ੍ਰ੍ਰਹਿ ਮੰਤਰੀ ਨੇ ਮੂੰਹ ਨਹੀਂ ਖੋਲ੍ਹਿਆ । ਹੁਣ ਰਾਸ਼ਟਰਪਤੀ ਰਾਜ ਹੋਰ ਵਧਾ ਦਿੱਤਾ ਗਿਆ ਹੈ। ਜਦੋਂ ਔਰਤਾਂ ਨਾਲ ਹੋਏ ਘਿਨਾਉਣੇ ਕਾਰੇ ਦੀ ਵੀਡੀਓ ਵਾਈਰਲ ਹੋਈ ਤਾਂ ਜਾ ਕੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ । ਇਸ ਘਟਨਾ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕੀਤਾ ਸੀ। ਆਰਐਸਐਸ ਤੇ ਐਨਡੀਏ ਦੀ ਮੋਦੀ ਸਰਕਾਰ ਦੇਸ਼ ਦੀ ਨਿਆਂਪਲਿਕਾ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ । ਦੇਸ਼ ਦੀਆਂ ਵੱਕਾਰੀ ਜਾਂਚ ਏਜੰਸੀਆਂ ਨੂੰ ਵੀ ਆਰਐਸਐਸ, ਬੀਜੇਪੀ ਸਰਕਾਰ ਨੇ ਢਹਿ ਢੇਰੀ ਕਰ ਕੇ ਰੱਖ ਦਿੱਤਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਆਪਣੇ ਚਹੇਤਿਆਂ ਨੂੰ ਲਿਆ ਕੇ ਸਰਕਾਰ ਆਪਣੇ ਆਪ ਨੂੰ ਭਿ੍ਰਸ਼ਟਾਚਾਰ ਦੇ ਕੇਸਾਂ ਚੋਂ ਬਚਾਉਣ ਅਤੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਨ੍ਹਾਂ ਦੀ ਦੁਰਵਰਤੋਂ ਕਰ ਰਹੀ ਹੈ। ਈ.ਡੀ. ਦੀ ਕਾਰਜਸ਼ੈਲੀ ਤੇ ਸਰਬਉੱਚ ਅਦਾਲਤ ਦੀ ਟਿਪਣੀ ਬਹੁਤ ਹੀ ਮਹੱਤਵਪੂਰਨ ਹੈ। ਦੇਸ਼ ਅੰਦਰ ਫਿਰਕੂ ਫਾਸ਼ੀਵਾਦੀ ਸੰਗਠਨਾਂ ਆਰਐਸਐਸ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਇਨ੍ਹਾਂ ਦੇ ਹੋਰ ਸੰਗਠਨਾਂ ਵੱਲੋਂ ਜ਼ਹਿਰੀਲਾ ਵਾਤਾਵਰਣ ਪੈਦਾ ਕੀਤਾ ਜਾ ਰਿਹਾ ਹੈ। ਫਿਰਕਾਪ੍ਰਸਤੀ ਉਭਾਰੀ ਜਾ ਰਹੀ ਹੈ ਅਤੇ ਫਿਰਕੂ ਵੰਡ ਵਾਸਤੇ ਭੜਕਾਊ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਭਾਜਪਾ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਪੁਸ਼ਤਪਨਾਹੀ ਕਰਕੇ ਆਮ ਜਨਤਾ ਚੋਂ ਬੁਰੀ ਤਰਾਂ ਨਿਖੜ ਚੁੱਕੀ ਹੈ। ਲੋਕਾਂ ਦੇ ਧਿਆਨ ਨੂੰ ਫਿਰਕੂ ਆਧਾਰ ‘ਤੇ ਵੰਡਣ ਵਾਸਤੇ ਕਿਸੇ ਨਾ ਕਿਸੇ ਫਿਰਕੂ ਮੁੱਦੇ ਨੂੰ ਉਭਾਰ ਕੇ ਦੇਸ਼ ਦੇ ਧਰਮਨਿਰਪੱਖ ਸਰੂਪ ਨੂੰ ਢਾਹ ਲਾਉਣ ਦੀ ਕੇਂਦਰ ਸਰਕਾਰ ਕੋਸ਼ਿਸ਼ ਕਰਦੀ ਰਹਿੰਦੀ ਹੈ। ਹੁਣ ਆਰਐਸਐਸ, ਬੀਜੇਪੀ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਚੋਂ ਧਰਮਨਿਰਪੱਖਤਾ ਅਤੇ ਸਮਾਜਵਾਦ ਸ਼ਬਦ ਹਟਾਉਣ ਲਈ ਬਿਆਨ ਦਿੱਤੇ ਜਾ ਰਹੇ ਹਨ। ਦੇਸ਼ ਦੇ ਧਰਮਨਿਰਪੱਖ ਸੋਚ ਰੱਖਣ ਵਾਲੇ ਲੋਕਾਂ ਨੂੰ ਮਜ਼ਬੂਤੀ ਨਾਲ ਇਸ ਅੱਤ ਦਰਜੇ ਦੀ ਘਟੀਆ ਰਾਜਨੀਤਕ ਖੇਡ ਦਾ ਡਟ ਕੇ ਮੁਕਾਬਲਾ ਕਰਨਾ ਹੋਵੇਗਾ ਤਾਂ ਜੋ ਦੇਸ਼ ਨੂੰ ਫਿਰਕੂ ਫਾਸ਼ੀਵਾਦੀ ਵਿਚਾਰਾਂ ਤੋਂ ਬਚਾਇਆ ਜਾ ਸਕੇ।
ਫਿਰਕਾਪ੍ਰਸਤੀ ਵਿਰੁੱਧ ਬੇਕਿਰਕ ਲੜਾਈ ਨੂੰ ਤੇਜ਼ ਕਰਕੇ ਹੀ ਅਸੀਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਸਹੀ ਸ਼ਰਧਾਂਜਲੀ ਭੇਂਟ ਕਰ ਸਕਦੇ ਹਾਂ। ਕਾਮਰੇਡ ਸੁਰਜੀਤ ਹੋਰਾਂ ਨੇ ਹਮੇਸ਼ਾਂ ਫਿਰਕੂ ਤਾਕਤਾਂ ਵਿਰੁੱਧ ਇੱਕ ਮਜ਼ਬੂਤ ਧੁਰੇ ਵਜੋਂ ਕੰਮ ਕੀਤਾ ਅਤੇ ਇਨ੍ਹਾਂ ਫਿਰਕੂ ਜਨੂੰਨੀਆਂ ਨੂੰ ਨਿਖੇੜਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਕਾਮਰੇਡ ਸੁਰਜੀਤ ਜੀ ਨੇ ਸਰਮਾਏਦਾਰਾਂ, ਜਗੀਰਦਾਰਾਂ ਅਤੇ ਇਨ੍ਹਾਂ ਦੀ ਅਗਵਾਈ ਕਰਦੀ ਵੱਡੀ ਸਰਮਾਏਦਾਰੀ ਵਿਰੁੱਧ ਬਹੁਤ ਹੀ ਸੂਝ-ਬੂਝ ਨਾਲ ਸੰਘਰਸ਼ ਲੜਦਿਆਂ, ਪਾਰਟੀ ਦੀ ਲੰਮਾ ਸਮਾਂ ਅਗਵਾਈ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਕੇ ਸਿਖਰਾਂ ‘ਤੇ ਪਹੰੁਚਾਇਆ।
ਕਾਮਰੇਡ ਸੁਰਜੀਤ ਹੋਰਾਂ ਨੇ ਪੰਜਾਬ ਅੰਦਰ ਫਿਰਕਾਪ੍ਰਸਤੀ, ਵੱਖਵਾਦ ਅਤੇ ਅੱਤਵਾਦ ਵਿਰੁੱਧ ਵਿਚਾਰਧਾਰਕ ਲੜਾਈ ਵਿੱਚ ਵੀ ਅਹਿਮ ਰੋਲ ਨਿਭਾਇਆ। ਜਦੋਂ ਪੰਜਾਬ ਅੰਦਰ ਕੋਈ ਹੱਕ ਸੱਚ ਵਾਸਤੇ ਬੋਲਣ ਲਈ ਤਿਆਰ ਨਹੀਂ ਸੀ ਤਾਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੇ ਪਾਰਟੀ ਨੂੰ ਸਮੇਂ ਸਿਰ ਠੀਕ ਸੇਧ ਦੇ ਕੇ ਫਿਰਕੂ ਵੱਖਵਾਦੀ ਅਤੇ ਅੱਤਵਾਦੀ ਤਾਕਤਾਂ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਗੰਭੀਰ ਚੁਣੌਤੀਆਂ ਦੇ ਰਹੀਆਂ ਸਨ, ਨੂੰ ਲੋਕਾਂ ਚੋਂ ਨਿਖੇੜਨ ‘ਚ ਵੱਡਮੁੱਲਾ ਯੋਗਦਾਨ ਪਾਇਆ ਸੀ।
ਨਵੀਂ ਸਿੱਖਿਆ ਨੀਤੀ ਵਿੱਚ ਜੋ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਖੁੱਲ੍ਹ ਦਿੱਤੀ ਗਈ ਹੈ, ਇਸ ਨੀਤੀ ਨਾਲ ਦੇਸ਼ ਦੀ ਪੂੰਜੀ ਵੱਡੇ ਪੈਮਾਨੇ ‘ਤੇ ਵਿਦੇਸ਼ਾਂ ਵਿੱਚ ਜਾਵੇਗੀ। ਸੀਪੀਆਈ(ਐਮ) ਨਵੀਂ ਸਿੱਖਿਆ ਨੀਤੀ ਦੇ ਖਿਲਾਫ ਦਿ੍ਰੜ੍ਹਤਾਪੂਰਨ ਸੰਘਰਸ਼ਸ਼ੀਲ ਹੈ। ਐਨਡੀਏ ਦੀ ਮੋਦੀ ਸਰਕਾਰ ਕੋਲੇ ਦੀਆਂ ਖਾਨਾਂ ਅਤੇ ਰੇਲਵੇ ਦਾ ਨਿੱਜੀਕਰਨ ਕਰਕੇ ਅਤੇ ਦੇਸ਼ ਦੀਆਂ ਜਾਇਦਾਦਾਂ ਨੂੰ ਵੇਚ ਕੇ ਪੂੰਜੀਪਤੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ।
ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਨਮ 23 ਮਾਰਚ, 1916 ਨੂੰ ਹੋਇਆ ਸੀ। ਉਨ੍ਹਾਂ ਨੇ 16 ਵਰ੍ਹਿਆਂ ਦੀ ਉਮਰ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਪਹਿਲੀ ਬਰਸੀ ਦੇ ਮੌਕੇ ‘ਤੇ 23 ਮਾਰਚ 1932 ਨੂੰ ਵਰ੍ਹਦੀਆਂ ਗੋਲੀਆਂ ਵਿੱਚ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਉਤੋਂ ਅੰਗਰੇਜ ਸਾਮਰਾਜ ਦਾ ਝੰਡਾ ‘ਯੂਨੀਅਨ ਜੈਕ’ ਉਤਾਰ ਕੇ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ‘ਯੂਨੀਅਨ ਜੈਕ’ ਉਤਾਰਨ ਦਾ ਸੱਦਾ ਉਸ ਸਮੇਂ ਕਾਂਗਰਸ ਪਾਰਟੀ ਨੇ ਦਿੱਤਾ ਸੀ ਪਰ ਪੁਲਿਸ ਦੀ ਸਖਤੀ ਨੂੰ ਦੇਖਦਿਆਂ ਇਸ ਨੂੰ ਵਾਪਸ ਲੈ ਲਿਆ ਸੀ ਪਰ ਇਸ ਦੇ ਬਾਵਜੂਦ ਕਾਮਰੇਡ ਸੁਰਜੀਤ ਆਪਣੀ ਭੂਆ ਦੇ ਪਿੰਡ ਚੱਬੇਵਾਲ ਤੋਂ ਯੂਨੀਅਨ ਜੈਕ ਉਤਾਰਨ ਲਈ ਹੁਸ਼ਿਆਰਪੁਰ ਪਹੁੰਚ ਗਏ। ਉਨ੍ਹਾਂ ਨੂੰ ਇਸ ਮਾਮਲੇ ਵਿੱਚ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਾਮਰੇਡ ਸੁਰਜੀਤ ਦਾ ਸਾਰੀ ਉਮਰ ਫਿਰਕੂ ਫਾਸ਼ੀਵਾਦੀ ਤੇ ਵੰਡ ਪਾਊ ਸ਼ਕਤੀਆਂ ਖਿਲਾਫ ਨਿਰੰਤਰ ਘੋਲ ਜਾਰੀ ਰਿਹਾ। ਕਾਮਰੇਡ ਸੁਰਜੀਤ 1 ਅਗਸਤ 2008 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਆਓ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦੀ ਅੱਜ (1 ਅਗਸਤ 2025 ਨੂੰ) 17 ਵੀਂ ਬਰਸੀ ਮੌਕੇ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਣ ਕਰੀਏ ਕਿ ਅਸੀਂ ਫਿਰਕੂ-ਫਾਸ਼ੀਵਾਦੀ ਵਿਚਾਰਧਾਰਾ, ਕਾਰਪੋਰੇਟ ਗਠਜੋੜ ਅਤੇ ਤਾਨਾਸ਼ਾਹੀ ਸ਼ਕਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਰਾਹੀਂ ਇਨ੍ਹਾਂ ਨੂੰ ਭਾਂਜ ਦਈਏ। ਮੋਦੀ ਸਰਕਾਰ ਦੇ ਹਿੰਦੂਤਵਵਾਦੀ ਅਤੇ ਪਿਛਾਖੜੀ ਫਾਸ਼ੀਵਾਦੀ ਏਜੰਡੇ ਨੂੰ ਹਰਾਉਣਾ ਹੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਹੋਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਮੋਬਾਇਲ : 94170-44516

 

 

Loading