ਭਗਵਾਨ ਜੋਸ਼ ਜੀ; ਭਗਤ ਸਿੰਘ ਦਾ ਆਭਾ ਮੰਡਲ ਤੁਹਾਡੇ ਜਾਂ ਕਿਸੇ ਵੀ ਹੋਰ ਦੇ ਸਰਟੀਫਿਕੇਟ ਦਾ ਮੁਥਾਜ ਨਹੀਂ ਹੈ।
-ਲਹਿੰਬਰ ਸਿਘ ਤੱਗੜ
1980ਵਿਆਂ ਵਿੱਚ ਖ਼ਾਲਿਸਤਾਨੀ ਦਹਿਸ਼ਤਗ਼ਰਦਾਂ ਵੱਲੋਂ 19 ਮਈ 1987 ਨੂੰ ਸ਼ਹੀਦ ਕਰ ਦਿੱਤੇ ਗਏ ਸੀਪੀਆਈ (ਐਮ) ਦੇ ਨੌਜਵਾਨ ਕਮਿਊਨਿਸਟ ਆਗੂ ਕਾਮਰੇਡ ਦੀਪਕ ਧਵਨ ਨੇ ਆਪਣੀ ਸ਼ਹੀਦੀ ਤੋਂ ਕੁਝ ਮਹੀਨੇ ਪਹਿਲਾਂ ਪੰਜਾਬੀ ਦੇ ਵੱਡੇ ਸਾਹਿਤਕਾਰ ਸ਼੍ਰੀ ਜਸਵੰਤ ਸਿੰਘ ਕੰਵਲ ਦੇ ਖ਼ਾਲਿਸਤਾਨ ਪੱਖੀ ਵਿਚਾਰਾਂ ਦਾ ਖੰਡਨ ਕਰਦੇ ਹੋਏ ਚਾਰ- ਪੰਜ ਆਰਟੀਕਲ ਲਿਖੇ ਸਨ। ਸਾਥੀ ਦੀਪਕ ਧਵਨ ਨੇ ਆਰੰਭ ਵਿੱਚ ਹੀ ਲਿਖਿਆ ਸੀ ਕਿ ਜਸਵੰਤ ਸਿੰਘ ਕੰਵਲ ਵਰਗੇ ਮਹਾਨ ਲੇਖਕ ਦੀ ਆਲੋਚਨਾ ਕਰਨਾ ਇੱਕ ਬਹੁਤ ਦੁੱਖਦਾਈ ਕੰਮ ਹੈ ਪਰ ਉਨ੍ਹਾਂ ਦੇ ਗਲਤ ਵਿਚਾਰਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ । ਅੱਜ ਮੈਂ ਵੀ ਉਸੇ ਮਾਨਸਿਕ ਪ੍ਰਕਿਰਿਆ ਵਿੱਚ ਦੀ ਗੁਜ਼ਰ ਰਿਹਾ ਹਾਂ। ਮੈਂ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇੱਕ ਜਾਣੇ ਪਹਿਚਾਣੇ ਇਤਿਹਾਸਕਾਰ ਸ਼੍ਰੀ ਭਗਵਾਨ ਜੋਸ਼ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਬਾਰੇ ਇੱਕ ਗੁੰਮਰਾਹਕੁਨ ਆਰਟੀਕਲ ਲਿਖਣ ਕਾਰਨ ਉਨ੍ਹਾਂ ਦੀ ਆਲੋਚਨਾ ਕਰਨ ਵਾਲਾ ਆਰਟੀਕਲ ਲਿਖਣ ਲੱਗਾ ਹਾਂ।
ਜੋਸ਼ ਜੀ ਦੀ ਆਲੋਚਨਾ ਕਰਨਾ ਵੀ ਇੱਕ ਦੁੱਖਦਾਈ ਕੰਮ ਹੈ। ਆਖਿਰ ਜੋਸ਼ ਜੀ ਕਮਿਊਨਿਸਟ ਲਹਿਰ ਦੇ ਇਤਿਹਾਸਕਾਰ ਕਹੇ ਜਾਂਦੇ ਹਨ। ਜੋਸ਼ ਜੀ ਪ੍ਰਸਿੱਧ ਇਤਿਹਾਸਕਾਰ ਵਿਪਨ ਚੰਦਰ ਦੇ ਵਿਦਿਆਰਥੀ ਹਨ, ਪੰਜਾਬ ਦੇ ਨੌਜਵਾਨ ਬੁੱਧੀਜੀਵੀ ਅਤੇ ਜਸਵੰਤ ਸਿੰਘ ਕੰਵਲ ਦੇ ਦੋਹਤੇ ਸੁਮੇਧ ਸਿੰਘ ਸਿੱਧੂ ਦੇ ਅਧਿਆਪਕ ਹਨ ਅਤੇ ਜਵਾਹਰਲ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਹਨ ਪਰ ਉਨ੍ਹਾਂ ਦੇ ਅੱਜ-ਕੱਲ੍ਹ ਦੇ ਨੁਕਸਦਾਰ ਵਿਚਾਰਾਂ ਦਾ ਖੰਡਨ ਕਰਨਾ ਵੀ ਬਹੁਤ ਜ਼ਰੂਰੀ ਹੈ। ਆਓ! ਸਿੱਧੇ ਆਪਣੇ ਵਿਸ਼ੇ ਵੱਲ ਆਉਂਦੇ ਹਾਂ।
ਅੱਜ-ਕੱਲ੍ਹ ਪੰਜਾਬ ਦੇ ਲੇਖਕਾਂ, ਵਿਦਵਾਨਾਂ, ਬੁੱਧੀਜੀਵੀਆਂ, ਸਾਹਿਤਕਾਰਾਂ ਦੇ ਇੱਕ ਹਿੱਸੇ ਵਿੱਚ ਇਤਿਹਾਸਕਾਰ ਸ਼੍ਰੀ ਭਗਵਾਨ ਜੋਸ਼ ਜੀ ਵੱਲੋਂ ਲਿਖੇ ਅਤੇ ਪੰਜਾਬੀ ਅਤੇ ਅੰਗ੍ਰੇਜ਼ੀ ਟ੍ਰਿਬਿਊਨ ਵਿੱਚ 23 ਮਾਰਚ 2026 ਨੂੰ ਛਪੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਬਾਰੇ ਇੱਕ ਆਰਟੀਕਲ ਬਾਰੇ ਚਰਚਾ ਹੋ ਰਹੀ ਹੈ। ਇਸ ਆਰਟੀਕਲ ਦੀਆਂ ਦੋਹਾਂ ਅਖ਼ਬਾਰਾਂ ‘ਪੰਜਾਬੀ ਟ੍ਰਿਬਿਊਨ ਅਤੇ ਅੰਗ੍ਰੇਜ਼ੀ ਟ੍ਰਿਬਿਊਨ’ ਦੀਆਂ ਕਟਿੰਗ ਦੀਆਂ ਤਸਵੀਰਾਂ ਮੈਨੂੰ ਜੋਸ਼ ਜੀ ਨੇ 26 ਮਾਰਚ ਵਾਲੇ ਦਿਨ ਵਟ੍ਹਸਅਪ ’ਤੇ ਭੇਜੀਆਂ। ਆਰਟੀਕਲ ਦਾ ਸਿਰਲੇਖ (ਹੈਡਿੰਗ) ਪੜ੍ਹਦਿਆਂ ਹੀ ਮੇਰਾ ਮੱਥਾ ਠਣਕਿਆ ਕਿ ਹੈਂਅ! ਜੋਸ਼ ਜੀ ਨੂੰ ਇਹ ਆਰਟੀਕਲ ਲਿਖਣ ਦੀ ਕਿਉਂ ਅਤੇ ਕੀ ਲੋੜ ਪੈ ਗਈ। ਸਿਰਲੇਖ ਸੀ, ‘‘ਭਗਤ ਸਿੰਘ ਮਾਰਕਸਵਾਦੀ ਚਿੰਤਕ ਕਿਉਂ ਨਹੀਂ ਸੀ’’। ਅੰਗਰੇਜ਼ੀ ਟ੍ਰਿਬਿਊਨ ਦਾ ਹੈਡਿੰਗ ਸੀ, ‘‘Why 2hagat Singh was not a Marxist thinker”. ਖ਼ੈਰ ਆਰਟੀਕਲ ਪੜਿ੍ਹਆ ਤਾਂ ਮਨ ਪਰੇਸ਼ਾਨ ਹੋ ਗਿਆ ਕਿ ਇਹ ਕੁਝ ਲੋਕ ਭਗਤ ਸਿੰਘ ਦੇ ਪੇਸ਼ ਕਿਉਂ ਪਏ ਹੋਏ ਹਨ। ਭਗਤ ਸਿੰਘ ਨੂੰ ਤਾਂ ਸ਼ਹੀਦ ਹੋਏ ਨੂੰ 95 ਸਾਲ ਹੋ ਗਏ ਹਨ ਪਰ ਇਨ੍ਹਾਂ ਲੋਕਾਂ ਨੂੰ ਉਹ ਅੱਜ ਵੀ ਕਿਉਂ ਅਤੇ ਕੀ ਤਕਲੀਫ਼ ਦਿੰਦਾ ਹੈ।
ਇਸ ਆਰਟੀਕਲ ਬਾਰੇ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਮੈਂ ਭਗਵਾਨ ਜੋਸ਼ ਜੀ ਨਾਲ ਆਪਣੇ ਸੰਬੰਧਾਂ ਅਤੇ ਵਿਚਾਰ ਵਟਾਂਦਰਿਆਂ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਣੀ ਚਾਹੁੰਦਾ ਹਾਂ। ਇਸ ਜਾਣਕਾਰੀ ਵਿੱਚੋਂ ਪਾਠਕਾਂ ਨੂੰ ਜੋਸ਼ ਜੀ ਦੀ ਸੋਚ ਬਾਰੇ ਆਪਣੇ ਵਿਚਾਰ ਬਣਾਉਣ ਦਾ ਮੌਕਾ ਮਿਲ ਜਾਏਗਾ ।
ਸਤੰਬਰ 2021 ਵਿੱਚ ਜਦੋਂ ਮੈਂ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਆਪਣੀ ਪੁਸਤਕ, ‘‘ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ’’ ਲਿਖਣੀ ਸੀ ਤਾਂ ਮੈਂ ਕੁਝ ਹੋਰ ਪੁਸਤਕਾਂ ਦੇ ਨਾਲ ਹੀ ਭਗਵਾਨ ਜੋਸ਼ ਜੀ ਦੀ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਕਿਤਾਬ ਵੀ ਮੰਗਵਾਈ ਅਤੇ ਪੜ੍ਹੀ। ਭਗਵਾਨ ਜੋਸ਼ ਜੀ ਦੀ ਕਿਤਾਬ ਅਤੇ ਕੁਝ ਹੋਰ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹ ਕੇ ਮੈਂ ਜਿਸ ਨਤੀਜੇ ’ਤੇ ਪਹੁੰਚਿਆ ਉਸ ਬਾਰੇ ਮੈਂ ਆਪਣੀ ਪੁਸਤਕ ਦੇ ਆਰੰਭ ਵਿੱਚ ਹੀ ਸਫ਼ਾ 8 ਉਤੇ ਲਿਖਿਆ ‘‘ਜੇਕਰ ਕੁਝ ਕੁ ਵਿਦਵਾਨ ਅਖਵਾਉਂਦੇ ਲੇਖਕਾਂ ਨੇ ਇਸ (ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ) ਬਾਰੇ ਕੋਈ ਕਿਤਾਬਾਂ ਲਿਖੀਆਂ ਵੀ ਹਨ ਤਾਂ ਉਨ੍ਹਾਂ ਵਿੱਚ ਲਹਿਰ ਦੇ ਸੰਘਰਸ਼ ਅਤੇ ਪ੍ਰਾਪਤੀਆਂ ਵੱਲ ਘੱਟ ਅਤੇ ਗਲਤੀਆਂ ਕੱਢਣ ਅਤੇ ਆਲੋਚਨਾਵਾਂ ਕਰਨ ਵੱਲ ਜ਼ਿਆਦਾ ਜ਼ੋਰ ਲਾਇਆ ਗਿਆ ਹੈ।’’ ਜੋਸ਼ ਜੀ ਦੀ ਪੁਸਤਕ ਵੀ ਇਸੇ ਤਰ੍ਹਾਂ ਦੀ ਨਿਕਲੀ। ਸੋ ਮੈਂ ਇਨ੍ਹਾਂ ਕਿਤਾਬਾਂ ਦਾ ਖਹਿੜਾ ਛੱਡ ਦਿੱਤਾ ਅਤੇ ਆਪਣੀ ਪੁਸਤਕ ਆਪਣੀ ਅਰਥਾਤ ਸੀ.ਪੀ.ਆਈ.(ਐਮ.) ਦੀ ਸੋਚ ਅਨੁਸਾਰ ਲਿਖੀ।
31 ਦਸੰਬਰ 2024 ਨੂੰ ਮੈਂ ਵਟ੍ਹਸਅਪ ’ਤੇ ਆਪਣੀ ਪੁਸਤਕ ਦੇ ਟਾਈਟਲ ਦੀਆਂ ਤਸਵੀਰਾਂ ਜੋਸ਼ ਜੀ ਨੂੰ ਭੇਜੀਆਂ ਅਤੇ ਨਾਲ ਹੀ ਲਿਖਿਆ, ‘‘ਮੈਂ (ਰਿਸੈਂਟਲੀ) ਹੁਣੇ ਹੀ 600 ਤੋਂ ਵੱਧ ਸਫ਼ੇ ਦੀ ਇਹ ਕਿਤਾਬ ਲਿਖੀ ਹੈ ਜੀ। ’’ ਇਸ ਤੋਂ ਬਾਅਦ ਮੇਰੇ ਅਤੇ ਜੋਸ਼ ਜੀ ਵਿਚਕਾਰ ਜੋ ਲਿਖਤੀ ਸੁਨੇਹਿਆਂ (ਮੈਸੇਜ਼ਿਜ) ਦਾ ਆਦਾਨ ਪ੍ਰਦਾਨ ਹੋਇਆ ਉਹ ਇਸ ਪ੍ਰਕਾਰ ਹੈ:
ਜੋਸ਼ ਜੀ : ਆਪਣੀਆਂ ਯਾਦਾਂ ਇੱਕ ਥਾਂ ਇਕੱਠੀਆਂ ਕਰਨ ਦਾ ਵਧੀਆ ਉਪਰਾਲਾ ਕੀਤਾ ਹੈ। ਵਧਾਈ ਹੋਵੇ।
ਮੈਂ: ਸਰ ਜੀ, ਮੈਂ ਆਪਣੀਆਂ ਯਾਦਾਂ ਇਕੱਠੀਆਂ ਨਹੀਂ ਕੀਤੀਆਂ, ਪੰਜਾਬ ਦੀ ਕਮਿਊਨਿਸਟ ਲਹਿਰ (ਕਮਿਊਨਿਸਟ ਪਾਰਟੀ ਨਹੀਂ) ਦਾ ਸੰਖੇਪ ਇਤਿਹਾਸ ਲਿਖਿਆ ਹੈ। ਹਾਂ, ਲਿਖਿਆ ਜ਼ਰੂਰ ਸੀਪੀਆਈ (ਐਮ) ਦੇ ਐਂਗਲ ਤੋਂ ਹੈ। ਧੰਨਵਾਦ ਜੀ।
ਜੋਸ਼ ਜੀ: ਇਤਿਹਾਸ ਕਿਸੇ ਪਾਰਟੀ ਐਂਗਲ ਤੋਂ ਨਹੀਂ ਲਿਖਿਆ ਜਾ ਸਕਦਾ। ਅਜਿਹਾ ਯਤਨ ਕੇਵਲ ਆਪਣੀ ਲਾਈਨ ਨੂੰ ਠੀਕ ਸਿੱਧ ਕਰਨ ਦਾ ਯਤਨ ਹੋ ਨਿੱਬੜਦਾ ਹੈ। ਤੁਸੀਂ ਮੇਰੀ ਕਿਤਾਬ ਪੜ੍ਹੀ ਹੋਵੇਗੀ। ਮੈਂ ਸਮੁੱਚੀ ਲਹਿਰ ਬਾਰੇ ਸਵਾਲ ਉਠਾਏ ਹਨ । ਸਮੁੱਚੇ ਤੌਰ ’ਤੇ ਕੁਰਬਾਨੀਆਂ ਦੇ ਬਾਵਜ਼ੂਦ ਇਹ ਛੋਟੀ ਜਿਹੀ ਲਹਿਰ ਹੀ ਕਿਉਂ ਰਹਿ ਗਈ? ਕੀ ਤੁਸੀਂ ਇਸ ਸਵਾਲ ਦਾ ਤਸੱਲੀਬਖ਼ਸ਼ ਉੱਤਰ ਦੇ ਸਕਦੇ ਹੋ? ਇਹ ਲਹਿਰ ਦਾ ਇਤਿਹਾਸ ਹੋਵੇਗਾ।
ਮੈਂ: ਅਜਿਹਾ ਇਸ ਲਈ ਹੋਇਆ ਕਿਉਂਕਿ ਤੁਸੀਂ ਅਤੇ ਤੁਹਾਡੇ ਵਰਗੇ ਹੋਰ ਵਿਦਵਾਨ ਸੱਜਣ ਕਮਿਊਨਿਸਟ ਪਾਰਟੀ ਅਤੇ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਨਹੀਂ ਹੋਏ, ਸਿਰਫ਼ ਬਾਹਰੋਂ ਖੜ੍ਹੇ ਹੀ ਸਲਾਹਾਂ ਦਿੰਦੇ ਰਹੇ ਅਤੇ ਦੇ ਰਹੇ ਹਨ । ਬਾਕੀ ਤੁਹਾਡੀ ਕਿਤਾਬ ਨਾ ਪੜ੍ਹਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।
ਜੋਸ਼ ਜੀ: ਮੇਰੇ ਵਰਗੇ ਲੋਕ ਤਾਂ ਜਨਮੇਂ ਹੀ 1950 ਤੋਂ ਬਾਅਦ ਹਨ। ਕਮਿਊਨਿਸਟ ਲਹਿਰ ਤਾਂ ਪਹਿਲਾਂ 1947 ਤੱਕ ਹੀ ਫੇਲ੍ਹ ਹੋ ਗਈ ਸੀ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਪੰਜਾਬ ਵਿੱਚ ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਨਾ ਹੁੰਦੇ ਹੋਏ ਵੀ ਸੁਝਾਅ ਦਿੱਤੇ ਹੋਣ। ਮੇਰਾ ਅੰਦਾਜ਼ਾ ਹੈ ਕਿ ਅਜਿਹੇ ਲੋਕ ਨਾ ਕੇਵਲ ਪੰਜਾਬ ਵਿੱਚ ਹੀ ਬਲਕਿ ਸਮੁੱਚੇ ਭਾਰਤ ਵਿੱਚ ਹੀ ਨਹੀਂ ਸਨ।
ਮੈਂ: ਇਸ ਵਿੱਚ ਪਾਰਟੀ ਦਾ ਜਾਂ ਪਾਰਟੀ ਵਿੱਚ ਕੁਰਬਾਨੀਆਂ ਕਰਨ ਵਾਲੇ ਕਾਮਰੇਡਾਂ ਦਾ ਕੀ ਕਸੂਰ ਹੈ?
ਜੋਸ਼ ਜੀ: ਤੁਹਾਡਾ ਉਪਰੋਕਤ ਸਵਾਲ ਠੀਕ ਹੈ। ਉਨ੍ਹਾਂ ਦਾ ਕੋਈ ਕਸੂਰ ਨਹੀਂ।
ਮੈਂ: ਸੋ ਤੁਹਾਡਾ ਉਪਰੋਕਤ ਸਵਾਲ ਨਿਰਾਰਥਕ ਹੈ ਜੀ। ਇਸ ਤੋਂ ਬਾਅਦ ਜਿਸ ਦਿਨ ਦੇਸ਼ ਸੇਵਕ ਵਿੱਚ ਮੇਰੀ ਪੁਸਤਕ ਵਿੱਚੋਂ ਇਹ ਆਰਟੀਕਲ ਛਪਿਆ ‘‘ਲੋਕ ਸਭਾ ਚੋਣਾਂ 1996-ਜਦੋਂ ਕਾਮਰੇਡ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਕੇ ਚੋਣਾਂ ਲੜਨ ਦਾ ਸੁਝਾਅ ਸਾਹਮਣੇ ਆਇਆ’’ ਤਾਂ ਜੋਸ਼ ਜੀ ਨੇ ਮੈਨੂੰ ਲਿਖਿਆ, ‘‘ਇਹ ਇਤਿਹਾਸਕ ਗਲਤੀ ਹੈ ਜਿਸ ਨੇ ਦੇਸ਼ ਵਿੱਚ ਬੀਜੇਪੀ ਨੂੰ ਉਭਰਨ ਦਾ ਮੌਕਾ ਪ੍ਰਦਾਨ ਕੀਤਾ। ‘‘ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖ਼ੇਤ’’ ।
26 ਮਾਰਚ 2026 ਵਾਲੇ ਦਿਨ ਭਗਤ ਸਿੰਘ ਬਾਰੇ ਆਪਣੇ ਆਰਟੀਕਲ ਭੇਜਣ ਤੋਂ ਕੁਝ ਸਮਾਂ ਬਾਅਦ ਜੋਸ਼ ਜੀ ਨੇ ਮੈਨੂੰ ਫੋਨ ਕੀਤਾ ਆਰਟੀਕਲ ਭੇਜਣ ਬਾਰੇ ਦੱਸਿਆ। ਉਸ ਦਿਨ ਪੂਰੇ 36 ਮਿੰਟ ਮੇਰੀ ਜੋਸ਼ ਜੀ ਨਾਲ ਗੱਲ ਹੋਈ। ਕਾਫੀ ਵਿਚਾਰ ਵਟਾਂਦਰਾ ਹੋਇਆ ਪਰ ਮੈਂ ਉਸ ਬਾਰੇ ਕੋਈ ਗੱਲ ਨਹੀਂ ਲਿਖਣੀ ਕਿਉਂਕਿ ਉਸਦਾ ਕੋਈ ਰਿਕਾਰਡ ਮੇਰੇ ਕੋਲ ਨਹੀਂ ਹੈ। ਸੱਤ ਅਪ੍ਰੈਲ 2026 ਨੂੰ ਮੈਂ ਆਪਣਾ ਤਾਜ਼ਾ ਲਿਖਿਆ ਆਰਟੀਕਲ ‘‘ਐਸ.ਐਫ਼.ਆਈ. ਦੀ ਅਗਵਾਈ ਹੇਠ ਰੇਲਵੇ ਬਰਾਬਰ ਰਿਆਇਤੀ ਰੇਟਾਂ ’ਤੇ ਬੱਸ ਪਾਸਾਂ ਦੀ ਮੰਗ ਲਈ ਲੜਿਆ ਅਤੇ ਜਿੱਤਿਆ ਗਿਆ-ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਸਭ ਤੋਂ ਮਹਾਨ ਅਤੇ ਜੇਤੂ ਸੰਘਰਸ਼-1974’’ ਜੋਸ਼ ਜੀ ਨੂੰ ਭੇਜਿਆ। 8 ਅਪ੍ਰੈਲ 2026 ਨੂੰ ਜੋਸ਼ ਜੀ ਨੇ ਮੈਨੂੰ ਲਿਖਿਆ:
ਜੋਸ਼ ਜੀ: ਧੰਨਵਾਦ! ਮੈਂ ਭੂਤ-ਕਾਲ ਬਾਰੇ ਬਹੁਤਾ ਮਾਣ ਕਰਨ ਦੀ ਥਾਂ ਅਗਲੇ ਭਵਿੱਖ ਵੱਲ ਨੂੰ ਵੇਖਦਾ ਹਾਂ। ਸੀਪੀਆਈ (ਐਮ) ਦਾ ਭਵਿੱਖ ਬਹੁਤ ਬਹੁਤ ਧੁੰਦਲਾ ਹੈ। ਵਰਤਮਾਨ ਅਤੇ ਭਵਿੱਖ ਨਾਲੋਂ ਟੁੱਟੇ ਹੋਏ ਪਿਛਲੇ ਸਮੇਂ (ਇਤਿਹਾਸ) ਉਤੇ ਮਾਣ ਕਰਨ ਦਾ ਕੋਈ ਮਤਲਬ ਨਹੀਂ ਹੈ। ਇਹੋ ਕੁਝ ਮੋਦੀ ਕਰ ਰਿਹਾ ਹੈ। ਤੁਸੀਂ ਵੀ ਉਹੋ ਕੁਝ ਕਰ ਰਹੇ ਹੋ। ਕਿਸੇ ਨੂੰ ਵੀ ਪਿਛਲੇ ਸਮੇਂ ਉਤੇ ਪਿਛਲਾ ਸਮਾਂ ਹੋਣ ਕਰਕੇ ਕੋਈ ਦਿਲਚਸਪੀ ਨਹੀਂ ਹੈ। ਸੌਰੀ ਕਾਮਰੇਡ ! ਮੈਂ ਮੂੰਹ-ਫੱਟ ਹੋ ਰਿਹਾ ਹਾਂ। ਤੁਹਾਡੀ ਉਮਰ ਭਾਵੇਂ ਬਹੁਤ ਹੋਵੇ ਪਰ ਤੁਸੀਂ ਇੱਕ ਨੌਜਵਾਨ ਕਾਮਰੇਡ ਹੋ। ਵਰਤਮਾਨ ਬਾਰੇ ਸੋਚੋ, ਭਵਿੱਖ ਬਾਰੇ ਸੋਚੋ!
ਮੈਂ:ਸਤਿਕਾਰਯੋਗ ਜੋਸ਼ ਜੀ! ਧਰਤੀ ਕਦੇ ਬਾਂਝ ਨਹੀਂ ਹੁੰਦੀ। ਇਤਿਹਾਸ ਤੋਂ ਪ੍ਰੇਰਨਾ ਲੈ ਕੇ ਹੀ ਵਰਤਮਾਨ ਅਤੇ ਭਵਿੱਖ ਵਿੱਚ ਹੋਰ ਸੂਰਮੇ ਉੱਠਿਆ ਕਰਦੇ ਹਨ। ਆਉਣ ਵਾਲੇ ਸਮਿਆਂ ਵਿੱਚ ਵੀ ਜ਼ਰੂਰੀ ਤੌਰ ’ਤੇ ਹੋਰ ਹਰਕਿਸ਼ਨ ਸਿੰਘ ਸੁਰਜੀਤ, ਲਹਿੰਬਰ ਸਿੰਘ ਤੱਗੜ… … … ਪੈਦਾ ਹੋਣਗੇ ਜੋ ਇਤਿਹਾਸ ਨੂੰ ਖਿੱਚ ਕੇ ਹੋਰ ਅਗਾਂਹ ਲੈ ਜਾਣਗੇ। ਇਹ ਪ੍ਰਕਿਰਿਆ ਹਮੇਸ਼ਾਂ ਚਲਦੀ ਰਹਿੰਦੀ ਹੈ ਅਤੇ ਹਮੇਸ਼ਾ ਹੀ ਚਲਦੀ ਰਹੇਗੀ। ਤੁਸੀਂ ਨਾ ਆਪ ਫਰੱਸਟ੍ਰੇਟ ਹੋਵੋ, ਨਾ ਦੂਸਰਿਆਂ ਨੂੰ ਕਰੋ। -1lways be positive- ਇਤਿਹਾਸ ਦਾ ਇਹ ਹੀ ਨਿਯਮ ਹੈ।
ਜੋਸ਼ ਜੀ: ਦੂਸਰਿਆਂ ਨੂੰ ਝੂਠੇ ਪਾਰਟੀ ਅਭਿਮਾਨ ਤੋਂ ਬਚਾਉਣਾ, ਮੇਰਾ ਕੰਮ ਹੈ ਇੱਕ ਇਤਿਹਾਸਕਾਰ ਦੇ ਤੌਰ ’ਤੇ, ਮੈਂ ਤਾਂ ਬੱਸ ਆਪਣਾ ਕੰਮ ਕਰ ਰਿਹਾ ਹਾਂ। ਮੈਂ ਵੀ ਇਤਿਹਾਸ ਦੇ ਨਿਯਮ ਦੀ ਪਾਲਣਾ ਕਰ ਰਿਹਾ ਹਾਂ। ਰੱਸੀ ਸੜ੍ਹ ਜਾਂਦੀ ਹੈ ਪਰ ਉਸ ਦਾ ਵੱਟ ਨਹੀਂ ਜਾਂਦਾ, ਓਸ ਰੱਸੀ ਦਾ ਨਾਂ ਹੈ-ਸੀਪੀਆਈ (ਐਮ)।
ਮੈਂ: ਜੋਸ਼ ਜੀ ! ਇਹ ਕੰਮ ਤਾਂ ਤੁਹਾਡੇ ਨਾਲੋਂ ਵੀ ਕਿਤੇ ਵਧੀਆ ਪੂੰਜੀਵਾਦੀ ਪਾਰਟੀਆਂ, ਜਥੇਬੰਦੀਆਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਕਰ ਰਹੀਆਂ ਹਨ। ਵਰਤਮਾਨ ਸਮਿਆਂ ਵਿੱਚ ਆਰਐਸਐਸ, ਬੀਜੇਪੀ, ਮੋਹਨ ਭਾਗਵਤ, ਮੋਦੀ, ਅਮਿਤਸ਼ਾਹ ਇਹ ਸਾਰੇ ਤੁਹਾਡੇ ਵਾਲਾ ਇਹ ਕੰਮ ਤੁਹਾਡੇ ਨਾਲੋਂ ਬਹੁਤ ਹੀ ਵਧੀਆ ਅਤੇ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਤੁਸੀਂ ਬਹੁਤੀ ਤਕਲੀਫ਼ ਨਾ ਕਰੋ।
ਜੋਸ਼ ਜੀ: ਉਹ ਤੁਹਾਡੀ ਮੂਰਖ਼ਤਾ ’ਤੇ ਹੱਸ ਰਹੇ ਹਨ। ਤੁਹਾਡੇ ਵਰਗੀ ਪਾਰਟੀ ਹੁੰਦਿਆਂ ਡਰ ਕਿਸ ਨੂੰ ਹੈ, ਜਿਊਂਦੇ ਰਹਿਣ ਸਾਡੇ ਮੂਰਖ਼ ਕਾਮਰੇਡ।
ਮੈਂ: ਉਹ ਹੱਸ ਨਹੀਂ ਰਹੀਆਂ, ਉਹ ਤਾਂ ਸਾਡੇ ਵਿਰੁੱਧ ਸਾਨੂੰ ਆਪਣਾ ਵਿਚਾਰਧਾਰਕ ਤੌਰ ’ਤੇ ਮੁੱਖ ਦੁਸ਼ਮਣ ਸਮਝ ਕੇ ਅਤੇ ਗਰਦਾਨ ਕੇ ਗੰਭੀਰਤਾ ਨਾਲ ਲੜ ਰਹੀਆਂ ਹਨ। ਹੱਸ ਤਾਂ ਤੁਸੀਂ ਰਹੇ ਹੋ ਆਪਣੀ ਮੂਰਖ਼ਤਾ ਵੱਸ। ਤੁਸੀਂ ਆਪਣਾ ਕੰਮ ਨਹੀਂ ਕਰ ਰਹੇ, ਤੁਸੀਂ ਉਪਰੋਕਤ ਅਤੇ ਹੋਰ ਕਮਿਊਨਿਸਟ ਵਿਰੋਧੀਆਂ ਦਾ ਕੰਮ ਕਰ ਰਹੇ ਹੋ।
ਜੋਸ਼ ਜੀ: ਇਨਕਲਾਬ ਵਿਰੋਧੀ ਕੰਮ ਤਾਂ ਕਮਿਊਨਿਸਟ ਪਾਰਟੀਆਂ ਕਰ ਚੁੱਕੀਆਂ ਹਨ, ਬੀਜੇਪੀ ਨੂੰ ਪਾਵਰ ਵਿੱਚ ਲਿਆਉਣ ਵਾਲੀ ਸੀਪੀਆਈ (ਐਮ) ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ। ਇਹ ਗੱਲ ਮੈਂ ਅਖ਼ਬਾਰ ਵਿੱਚ ਕਹਿ ਚੁੱਕਾ ਹਾਂ, ਕਿਸੇ ਵੀ ਕਾਰਕੁਨ ਨੇ, ਤੁਹਾਡੇ ਸਮੇਤ, ਚੂੰ ਨਹੀਂ ਕੀਤੀ।
ਮੈਂ: ਜੋ ਕੰਮ ਕਰਦੇ ਹਨ, ਗਲਤੀਆਂ ਵੀ ਉਨ੍ਹਾਂ ਤੋਂ ਹੀ ਹੁੰਦੀਆਂ ਹਨ। ਮੁਰਦੇ ਅਤੇ ਦੇਵਤੇ ਕਦੇ ਗਲਤੀ ਨਹੀਂ ਕਰਦੇ- ਕਾਮਰੇਡ ਜੇ.ਵੀ. ਸਟਾਲਿਨ।
ਜੋਸ਼ ਜੀ: ਹਾਂ ਜੋ ਕੰਮ ਕਰਦੇ ਹਨ, ਗਲਤੀਆਂ ਕਰਦੇ ਹਨ ਪਰ ਜੋ ਬੀਜੇਪੀ ਪਾਵਰ ਵਿੱਚ ਲਿਆਉਂਦੇ ਹਨ, ਭਾਰਤ ਦੇ ਗ਼ਰੀਬ ਲੋਕਾਂ ਲਈ ਖੂਹ ਪੁੱਟਦੇ ਹਨ, ਉਹ ਲੋਕਾਂ ਨਾਲ ਦਗ਼ਾ ਕਰਦੇ ਹਨ, ਗਲਤੀ ਨਹੀਂ ਕਰਦੇ।
ਮੈਂ: ਤੁਹਾਡੇ ਇਸ ਉੱਤਰ ਤੋਂ ਸਾਡਾ ਇਹ ਵਿਚਾਰ ਹੋਰ ਵੀ ਪੱਕਾ ਹੁੰਦਾ ਹੈ ਕਿ ਤੁਸੀਂ ਕਮਿਊਨਿਸਟ ਵਿਰੋਧੀਆਂ ਵਾਲਾ ਪ੍ਰਚਾਰ ਕਰ ਰਹੇ ਹੋ। ਪਰ ਤੁਸੀਂ ਮੇਰੇ ਇਸ ਵਿਚਾਰ ਅਤੇ ਕਥਨ ਕਿ ਇਹ ਕੰਮ ਤੁਹਾਡੇ ਨਾਲੋਂ ਕਈ ਗੁਣਾ ਵਧੀਆ ਅਤੇ ਜ਼ਿਆਦਾ ਪੂੰਜੀਵਾਦੀ ਪਾਰਟੀਆਂ, ਬੀਜੇਪੀ ਅਤੇ ਆਰਐਸਐਸ ਵਾਲੇ, ਮੋਦੀ ਜੀ, ਅਮਿਤਸ਼ਾਹ ਜੀ ਅਤੇ ਉਨ੍ਹਾਂ ਦੀਆਂ ਏਜੰਸੀਆਂ ਕਰ ਰਹੀਆਂ ਹਨ, ਦਾ ਜਵਾਬ ਨਹੀਂ ਦੇ ਰਹੇ।
ਜੋਸ਼ ਜੀ: ਉਹ ਲੋਕ ਜਿਨ੍ਹਾਂ ਨੇ ਬੀਜੇਪੀ ਨੂੰ ਉੱਪਰ ਚੜ੍ਹਨ ਲਈ ਪੌੜੀ ਲਾਈ, ਉਹ ਹੁਣ ਇਤਿਹਾਸ ਨੂੰ ਝੁਠਲਾਉਣ ਉੱਪਰ ਤੁੱਲੇ ਹੋਏ ਹਨ। ਬੀਜੇਪੀ ਆਪਣੇ ਅਤੇ ਆਰਐਸਐਸ ਦੇ ਕਰਮਾਂ ਕਰਕੇ ਪਾਵਰ ਵਿੱਚ ਨਹੀਂ ਆਈ ਹੈ। ਤੁਹਾਡੀ ਨੀਤੀ ਕਾਰਨ ਆਈ ਹੈ। ਲੋਕ ਤੁਹਾਡੇ ਇਸ ਗੁਨਾਹ ਤੇ ਪਾਪ ਨੂੰ ਕਦੇ ਮਾਫ਼ ਨਹੀਂ ਕਰਨਗੇ।
ਮੈਂ: ਜੋਸ਼ ਜੀ ਤੁਸੀਂ ਕੀ ਕਰ ਰਹੇ ਹੋ?
ਇਸ ਤੋਂ ਬਾਅਦ ਜੋਸ਼ ਜੀ ਨੇ ਇਸ ਵਿਸ਼ੇ ਸੰਬੰਧੀ ਮੈਨੂੰ ਕੋਈ ਸੰਦੇਸ਼ ਨਹੀਂ ਭੇਜਿਆ।
ਇਸ ਤੋਂ ਬਾਅਦ ਮੇਰੇ ਅਤੇ ਜੋਸ਼ ਜੀ ਵਿਚਕਾਰ ਸੁਨੇਹਿਆਂ ਦਾ ਹੇਠ ਲਿਖਿਆ ਆਦਾਨ-ਪ੍ਰਦਾਨ ਹੋਇਆ:
ਮੈਂ: ਸਤਿਕਾਰ ਯੋਗ ਜੋਸ਼ ਜੀ! ਮੈਂ ਤੁਹਾਡੇ ਤੋਂ ਤੁਹਾਡੇ ਬਾਰੇ ਇੱਕ ਸਪਸ਼ਟ ਸਵਾਲ ਪੁੱਛਣਾ ਚਾਹੁੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਤੁਸੀਂ ਜ਼ਰੂਰ ਇਸ ਸਵਾਲ ਦਾ ਸਪਸ਼ਟ ਉੱਤਰ ਦਿਉਗੇ। ਸਵਾਲ ਇਹ ਹੈ: ਕੀ ਤੁਸੀਂ ਆਪਣੇ ਆਪ ਨੂੰ ਮਾਰਕਸਵਾਦੀ ਚਿੰਤਕ ਮੰਨਦੇ ਜਾਂ ਪਰਵਾਨ ਕਰਦੇ ਹੋ?
ਜੋਸ਼ ਜੀ: ਮੇਰੇ ਬਹੁਤ ਪਿਆਰੇ ਵੀਰ! ਤੁਸੀਂ ਕਮਾਲ ਦਾ ਸਹੀ ਸਵਾਲ ਪੁੱਛਿਆ ਹੈ। ਹੁਣ ਤੁਸੀਂ ਜੇਕਰ ਮੈਨੂੰ ‘ਮਾਰਕਸਵਾਦੀ ਚਿੰਤਕ’ ਹੋਣ ਦੀ ਆਪਣੀ ਪਰਿਭਾਸ਼ਾ ਭੇਜ ਦੇਵੋ, ਤਾਂ ਮੈਂ ਬਿਲਕੁੱਲ ਈਮਾਨਦਾਰੀ ਨਾਲ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇਣ ਦਾ ਵਾਅਦਾ ਕਰਦਾ ਹਾਂ। ਮੈਂ ਤੁਹਾਡੇ ਤੋਂ ਲਗਦੇ ਹੱਥ ਇਹ ਵੀ ਪੁੱਛਣਾ ਚਾਹਾਂਗਾ ਕਿ ਤੁਹਾਡੀ ਪਰਿਭਾਸ਼ਾ ਅਨੁਸਾਰ ਕੀ ਕੋਈ ਸੀਪੀਆਈ (ਐਮ) ਵਿੱਚ ਵੀ ਕੋਈ ਮਾਰਕਸਵਾਦੀ ਚਿੰਤਕ ਹੈ? ਜੇ ਹੈ ਤਾਂ ਉਹ ਕੌਣ ਹੈ? ਮੈਂ ਤੁਹਾਨੂੰ ਸਾਰਥਕ ਅਤੇ ਈਮਾਨਾਦਾਰਾਨਾ ਬਹਿਸ ਦਾ ਸੱਦਾ ਦਿੰਦਾ ਹਾਂ।
ਮੈਂ: ਜਿਹੜਾ ਵਿਅਕਤੀ ਮਾਰਕਸਵਾਦੀ ਹੋਵੇ, ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਰੱਖਦਾ ਹੋਵੇ ਅਤੇ ਆਪਣੇ ਵੱਲੋਂ ਕੀਤੇ ਵਿਸ਼ਲੇਸ਼ਣ ਨੂੰ ਲਿਖ ਕੇ ਅਤੇ ਬੋਲ ਕੇ ਪੇਸ਼ ਕਰਨ ਅਤੇ ਦੂਸਰਿਆਂ ਨੂੰ ਸਮਝਾਉਣ ਦੇ ਯੋਗ ਹੋਵੇ, ਉਹ ਵਿਅਕਤੀ ਮਾਰਕਸਵਾਦੀ ਚਿੰਤਕ ਹੁੰਦਾ ਹੈ। ਤੁਹਾਡੇ ਦੂਸਰੇ ਸਵਾਲ ਦਾ ਉੱਤਰ ਤੁਹਾਡੇ ਵੱਲੋਂ ਤੁਹਾਨੂੰ ਮੇਰੇ ਵੱਲੋਂ ਕੀਤੇ ਗਏ ਸਵਾਲ ਦੇ ਉੱਤਰ ਤੋਂ ਬਾਅਦ ਦਿਆਂਗਾ।
ਜੋਸ਼ ਜੀ: ਤੁਆਡੀ ਐਡੀ ਖੁੱਲ੍ਹੀ-ਡੁੱਲ੍ਹੀ ਪਰਿਭਾਸ਼ਾ ਅਨੁਸਾਰ ਤਾਂ ਮੈਂ ਬਿਲਕੁੱਲ ਇੱਕ ਪਰਪੱਕ ਮਾਰਕਸਵਾਦੀ ਚਿੰਤਕ ਹਾਂ। ਮੈਨੂੰ ਤੁਹਾਡੇ ਤੋਂ ਇੱਕ ਪੇੜੇ ਵਾਂਗ ਗੁੱਠੀ, ਸੰਗਠਤ, ਪੀਡੀ ਅਤੇ ਪੇਚੀਦਾ ਪਰਿਭਾਸ਼ਾ ਦੀ ਆਸ ਸੀ, ਤੁਸੀਂ ਤਾਂ ਰੋਟੀ ਨੁਮਾ ਫ਼ੈਲੀ ਪਰਿਭਾਸ਼ਾ ਪੇਸ਼ ਕਰ ਦਿੱਤੀ। ਤੁਸੀਂ ਤਾਂ ਚਿੰਤਕ ਦੀ ਪਰਿਭਾਸ਼ਾ 33 ਫੀਸਦੀ ਰੱਖ ਦਿੱਤੀ। ਹੋਣੀ ਚਾਹੀਦੀ ਸੀ 90 ਫੀਸਦੀ।
ਮੈਂ: ਕਿਉਂਕਿ ਮੈਂ ਕੋਈ ਚਿੰਤਕ ਨਹੀਂ ਹਾਂ ਜੀ, ਹਾਂ ਇੱਕ ਈਮਾਨਦਾਰ, ਮਿਹਨਤੀ ਅਤੇ ਨਿਸ਼ਕਾਮ ਕਮਿਊਨਿਸਟ ਵਰਕਰ ਜ਼ਰੂਰ ਹਾਂ ਜੀ ਜਿਸਨੇ ਹੁਣ ਤੱਕ ਆਪਣੀ ਜ਼ਿੰਦਗੀ ਦੇ 58 ਸਾਲ, ਬਿਨਾਂ ਇੱਕ ਦਿਨ ਦੀ ਵੀ ਬ੍ਰੇਕ ਦੇ, ਕਮਿਊਨਿਸਟ ਲਹਿਰ ਨੂੰ ਸਮਰਪਿਤ ਕੀਤੇ ਹਨ ਤੇ ਇਹ ਸਫ਼ਰ ਅੱਜ ਵੀ ਜਾਰੀ ਹੈ, ਹਾਲਾਂਕਿ 18 ਅਕਤੂਬਰ 2026 ਨੂੰ ਮੈਂ ਪੂਰੇ 79 ਸਾਲ ਦਾ ਹੋ ਜਾਣਾ ਹੈ।
ਜੋਸ਼ ਜੀ: ਫਿਰ ਤਾਂ ਤੁਸੀਂ ਮੇਰੇ ਇਸ ਸਵਾਲ ਦਾ ਕਿ ਸੀਪੀਆਈ (ਐਮ) ਵਿੱਚ ਵੀ ਕੋਈ ਮਾਰਕਸਵਾਦੀ ਚਿੰਤਕ ਹੈ, ਅਤੇ ਜੋ ਹੈ ਤਾਂ ਉਹ ਕੌਣ ਹੈ? ਦਾ ਵੀ ਕੋਈ ਤਸੱਲੀਬਖ਼ਸ਼ ਉੱਤਰ ਪੇਸ਼ ਨਹੀਂ ਕਰ ਸਕਦੇ। ਠੋਸ ਸਿਧਾਂਤਕ ਸੂਝ-ਬੂਝ ਤੋਂ ਊਣੀ ਤੇ ਹਰ ਤਿੱਖੇ ਮੋੜ ’ਤੇ ਬਾਰ ਬਾਰ ਗਲਤੀਆਂ ਕਰਨ ਵਾਲੀ ਲੀਡਰਸ਼ਿਪ ਲਈ ਤੁਹਾਡੇ ਵਰਗੇ ਬੁੱਢੇ ਬੌਲਦ ਵਾਂਗ ਕਮਾਈ ਕਰਨ ਵਾਲੇ ਅਤੇ ਸਵਾਲ ਨਾ ਕਰ ਸਕਣ ਵਾਲੇ ‘‘ਈਮਾਨਦਾਰ, ਮਿਹਨਤੀ ਅਤੇ ਨਿਸ਼ਕਾਮ ਕਮਿਊਨਿਸਟ ਵਰਕਰ’’ ਬੜੇ ਕੰਮ ਆਉਂਦੇ ਹਨ। ਮੈਂ ਆਂਧਰਾ, ਕੇਰਲ ਅਤੇ ਬੰਗਾਲ ਦੇ ਪਿੰਡਾਂ ਵਿੱਚ ਸਾਲੋ ਸਾਲ ਘੁੰਮ ਕੇ, ਤੁਹਾਡੇ ਵਰਗੇ ਸੈਂਕੜੇ ਕਮਿਊਨਿਸਟ ਕਾਰਕੁਨਾਂ ਨੂੰ ਇੰਟਰਵਿਊ ਕੀਤਾ ਹੈ, ਉਨ੍ਹਾਂ ਦੇ ਘਰਾਂ ਵਿੱਚ ਰਿਹਾ ਹਾਂ ਅਤੇ ਉਨ੍ਹਾਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਉਨ੍ਹਾਂ ਨੇ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ ਪਰ ਉਹ ਕਿਸੇ ਕੰਮ ਨਾ ਆਈਆਂ, ਦੁੱਖ ਝੱਲੇ ਅਜਾਈਂ ਗਏ। ਕਨਾਨੌਰ ਵਿੱਚ ਮੈਂ ਇੱਕ ਮਹੀਨਾ ਰਿਹਾ ਹਾਂ। ਪਰ ਸੀਪੀਆਈ (ਐਮ) ਦੀ ਹਉਮੈ ਭਰੀ ਮੂਰਖ ਲੀਡਰਸ਼ਿਪ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਮੈਂ: ਬੱਸ ਜੋਸ਼ ਜੀ: ਮੇਰਾ ਮਸਲਾ ਹੱਲ ਹੋ ਗਿਆ। ਫਿਰ ਸਹੀ ਧੰਨਵਾਦ!
ਮੇਰੀ ਮਾਰਕਸਵਾਦੀ ਚਿੰਤਕ ਦੀ ਪਰਿਭਾਸ਼ਾ ਬਾਰੇ ਜੋਸ਼ ਜੀ ਦੇ ਵਿਚਾਰਾਂ ਬਾਰੇ ਮੈਂ ਜੋਸ਼ ਜੀ ਨੂੰ ਲਿਖਿਆ: ਜਿਹੜੀ ਕਿਸੇ ਨੂੰ ਸਮਝ ਨਾ ਆਉਂਦੀ, ਹੈ ਨਾ, ‘‘ਪੜਿ ਪੜਿ ਗਡੀ ਲਦੀਅਹਿ’’ ਵਾਲੇ ਬੰਦਿਆਂ ਲਈ। 9 ਮਈ ਵਾਲੇ ਦਿਨ ਮੈਂ ਜੋਸ਼ ਜੀ ਨੂੰ ਫਿਰ ਲਿਖਿਆ:
ਮੈਂ:ਛੋਟੇ ਵੀਰ ਭਗਵਾਨ ਜੋਸ਼ ਜੀ, ਬੱਸ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਹੈ। ਤੁਸੀਂ ਆਪਣੀ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਪੁਸਤਕ ਵਿੱਚ ਅਤੇ ਹੋਰ ਲਿਖਤਾਂ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ ਹੋਈ ਹੈ, ਪਰ ਹੁਣ ਤੁਹਾਡੇ ਵਿਚਾਰ ਜੋ ਤੁਸੀਂ ਆਪਣੇ ਲੇਖ ‘‘ਭਗਤ ਸਿੰਘ ਮਾਰਕਸਵਾਦੀ ਚਿੰਤਕ ਨਹੀਂ ਸੀ’’ ਵਿੱਚ ਪੇਸ਼ ਕੀਤੇ ਹਨ, ਤੁਹਾਡੇ ਪਹਿਲੇ ਆਪਣੇ ਹੀ ਵਿਚਾਰਾਂ ਨਾਲੋਂ ਵੱਖਰੇ ਹਨ, ਬਦਲ ਗਏ ਹਨ। ਕਿਰਪਾ ਕਰਕੇ ਦੱਸਣ ਅਤੇ ਸਮਝਾਉਣ ਦੀ ਕ੍ਰਿਪਾਲਤਾ ਕਰੋ, ਹੋਰ ਵੀ ਧੰਨਵਾਦੀ ਹੋਵਾਂਗਾ। ਨਾਲ ਲਗਦੇ ਇਹ ਵੀ ਸਪਸ਼ਟ ਕਰ ਦਿਓ ਕਿ ਤੁਹਾਨੂੰ ਇਹ ਲੇਖ ਲਿਖਣ ਦੀ ਜ਼ਰੂਰਤ ਹੁਣ ਹੀ ਕਿਉਂ ਪਈ ਇਤਨੇ ਸਾਲਾਂ ਬਾਅਦ? ਇਸ ਸਵਾਲ ਤੋਂ ਬਾਅਦ ਜੋਸ਼ ਜੀ ਨੇ ਮੈਨੂੰ ਅੰਗਰੇਜ਼ੀ ਵਿੱਚ ਲਿਖਿਆ:
ਜੋਸ਼ ਜੀ: ਪਿਆਰੇ ਦੋਸਤ! ਕੀ ਮੈਂ ਤੁਹਾਡੇ ਸਵਾਲ ਦਾ ਉੱਤਰ ਅੰਗਰੇਜ਼ੀ ਵਿੱਚ ਦੇ ਸਕਦਾ ਹਾਂ? ਪੰਜਾਬੀ ਵਿੱਚ ਟਾਈਪ ਕਰਨਾ ਮੇਰੇ ਲਈ ਮੁਸ਼ਕਲ ਹੈ। ਮੈਂ ਪੰਜਾਬੀ ਵਿੱਚ ਆਪਣੇ ਭਾਵ ਪੂਰੀ ਤਰ੍ਹਾਂ ਪੇਸ਼ ਵੀ ਨਹੀਂ ਕਰ ਸਕਦਾ। ਭਗਤ ਸਿੰਘ ਬਾਰੇ ਮੇਰੇ ਆਰਟੀਕਲ ਦਾ ਤਰਜ਼ਮਾ ਪੰਜਾਬੀ ਟ੍ਰਿਬਿਊਨ ਵਾਲੇ ਸਹੀ ਨਹੀਂ ਕਰ ਸਕੇ। ਸੋ ਜੇਕਰ ਤੁਸੀਂ ਮੈਨੂੰ ਅੰਗਰੇਜ਼ੀ ਵਿੱਚ ਲਿਖਣ ਦੀ ਆਗਿਆ ਦਿਓ ਤਾਂ ਮੈਂ ਤੁਹਾਡੇ ਸਵਾਲ ਦਾ ਉੱਤਰ ਦਿਆਂਗਾ, ਜੇਕਰ ਨਹੀਂ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ। ਫਿਰ ਮੈਂ ਵੀ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਹੀ ਲਿਖਿਆ: ਕੋਈ ਸਮੱਸਿਆ ਨਹੀਂ ਜੀ, ਤੁਸੀਂ ਅੰਗਰੇਜ਼ੀ ਵਿੱਚ ਉੱਤਰ ਦੇ ਦੇਵੋ, ਮੈਂ ਸਮਝ ਲਵਾਂਗਾ। ਧੰਨਵਾਦ।
ਜੋਸ਼ ਜੀ ਨੇ ਵੀ ਅੰਗਰੇਜ਼ੀ ਵਿੱਚ ਹੀ ਲਿਖਿਆ: ਅੰਗਰੇਜ਼ੀ ਵਿੱਚ ਉੱਤਰ ਦੇਣ ਲਈ ਧੰਨਵਾਦ।
ਜੋਸ਼ ਜੀ ਦਾ ਉੱਤਰ ਕਾਫੀ ਲੰਬਾ ਸੀ। ਇਥੇ ਸਾਰਾ ਉੱਤਰ ਲਿਖਣ ਦੀ ਮੈਂ ਲੋੜ ਨਹੀਂ ਸਮਝਦਾ। ਸਿਰਫ਼ ਉਹ ਲਾਈਨਾਂ ਹੀ ਲਿਖ ਰਿਹਾ ਹਾਂ ਜੋ ਸਾਡੇ ਅੱਜ ਦੇ ਵਿਸ਼ੇ ਨਾਲ ਸੰਬੰਧਤ ਹਨ।
ਜੋਸ਼ ਜੀ: ਮੇਰੀ ਪੰਜਾਬੀ ਵਿੱਚ ਲਿਖੀ ਪੁਸਤਕ ਪੰਜਾਬ ’ਚ ਕਮਿਊਨਿਸਟ ਲਹਿਰ ਬਾਰੇ ਅਤੇ ਭਗਤ ਸਿੰਘ ਬਾਰੇ ਮੇਰੇ ਵਿਚਾਰ ਮੇਰੇ ਟੀਚਰ ਬਿਪਨ ਚੰਦਰ ਦੇ ਵਿਚਾਰਾਂ ਤੋਂ ਬਹੁਤ ਹੀ ਪ੍ਰਭਾਵਿਤ ਸਨ। ਇਸ ਤੋਂ ਬਾਅਦ ਪੀ.ਐਚ.ਡੀ. ਕਰਨ ਸਮੇਂ ਮੈਂ ਬਹੁਤ ਲੰਬਾ ਸਮਾਂ, 10 ਸਾਲ ਰਿਸਰਚ ਕੀਤੀ। ਮੈਂ ਬਹੁਤ ਸਾਰੇ ਦੇਸ਼ਾਂ ਅਤੇ ਪ੍ਰਾਂਤਾਂ ਵਿੱਚ ਗਿਆ। ਮੈਂ ਦੇਸ਼ ਭਰ ਵਿੱਚ ਅੰਗਰੇਜ਼ ਸਰਕਾਰ ਦੀਆਂ ਗੁਪਤ ਪੁਲਿਸ ਰਿਪੋਰਟਾਂ ਦੇ ਢੇਰਾਂ ਦੇ ਢੇਰ ਪੜ੍ਹੇ ਜਿਸ ਨਾਲ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਨਾਲ ਦੇਸ਼ ਦੀਆਂ ਇਨਕਲਾਬੀ ਲਹਿਰਾਂ, ਗ਼ਦਰ ਪਾਰਟੀ, ਭਗਤ ਸਿੰਘ ਅਤੇ ਭਾਰਤੀ ਕਮਿਊਨਿਸਟਾਂ ਬਾਰੇ ਮੇਰੇ ਵਿਚਾਰ ਬਿਲਕੁੱਲ ਬਦਲ ਗਏ। ਮੈਂ ਇਸ ਸਿੱਟੇ ’ਤੇ ਪਹੁੰਚਿਆ ਕਿ ਭਗਤ ਸਿੰਘ ਅਤੇ ਕਮਿਊਨਿਸਟ ਇੱਕ ਗਲਤ ਰਣਨੀਤੀ ’ਤੇ ਚੱਲ ਰਹੇ ਸਨ, ਉਸ ਰਣਨੀਤੀ ’ਤੇ ਜਿਸ ਨੂੰ ਭਾਰਤ ਦੀ ਅੰਗਰੇਜ਼ ਸਰਕਾਰ ਉਸ ਸਮੇਂ ਚਾਹੁੰਦੀ ਸੀ। 1932 ਵਿੱਚ ਮੇਰਠ ਸਾਜ਼ਸ਼ ਕੇਸ ਤੋਂ ਬਾਅਦ ਬਸਤੀਵਾਦੀ ਸਰਕਾਰ ਇਸ ਨਿਰਣੇ ’ਤੇ ਪਹੁੰਚ ਗਈ ਸੀ ਕਿ ਜਿਤਨਾ ਚਿਰ ਤੱਕ ਕਮਿਊਨਿਸਟ ਪਾਰਟੀ ਲੈਨਿਨਵਾਦ ਦੀਆਂ ਲਾਈਨਾਂ ’ਤੇ ਚਲਦੀ ਰਹੇਗੀ ਉਸ ਸਮੇਂ ਤੱਕ ਭਾਰਤ ਵਿੱਚ ਕਮਿਊਨਿਸਟ ਪਾਰਟੀ ਦਾ ਕੋਈ ਭਵਿੱਖ ਨਹੀਂ ਹੋਵੇਗਾ। ਸੋ 1980 ਤੋਂ ਲੈ ਕੇ 1992 ਤੱਕ ਮੇਰੀ ਸਟੱਡੀ ਨੇ ਭਗਤ ਸਿੰਘ ਬਾਰੇ ਮੇਰੇ ਵਿਚਾਰ ਬਿਲਕੁੱਲ ਹੀ ਬਦਲ ਦਿੱਤੇ। ਮੇਰਾ ਟ੍ਰਿਬਿਊਨ ਵਾਲਾ ਆਰਟੀਕਲ ਮੇਰੀ ਇਸ ਸਮਝਦਾਰੀ ਤੇ ਆਧਾਰਤ ਹੈ ਜੋ ਕਿ ਮੇਰੀ 1980 ਤੋਂ ਪਹਿਲੀ ਵਿਚਾਰਧਾਰਾ ਨਾਲੋਂ ‘ਬਿਲਕੁਲ ਹੀ ਵੱਖਰੀ ਹੈ।
ਮੈਂ:ਹੁਣ ਇਸ ਤੋਂ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਤੁਹਾਡਾ ਨਵਾਂ ਅਧਿਐਨ 1992 ਤੱਕ ਪੂਰਾ ਹੋ ਗਿਆ ਸੀ ਤਾਂ ਤੁਸੀਂ ਆਪਣੀ ਪੰਜਾਬ ਦੀ ਕਮਿਊਨਿਸਟ ਲਹਿਰ ਬਾਰੇ ਪੁਸਤਕ ਦੀਆਂ ਇਸ ਤੋਂ ਬਾਅਦ ਦੀਆਂ ਛਪੀਆਂ ਐਡੀਸ਼ਨਾਂ ਵਿੱਚ ਭਗਤ ਸਿੰਘ ਬਾਰੇ ਆਪਣੇ ਬਦਲੇ ਹੋਏ ਵਿਚਾਰ ਕਿਉਂ ਦਰਜ ਨਹੀਂ ਕੀਤੇ ਅਤੇ ਹੁਣ 1992 ਤੋਂ ਲੈ ਕੇ 2026 ਤੱਕ ਦੇ 36 ਸਾਲ ਦੇ ਲੰਬੇ ਸਮੇਂ ਬਾਅਦ ਇਸ ਬਾਰੇ ਕਿਉਂ ਲਿਖਿਆ। ਇਤਨਾ ਲੰਬਾ ਸਮਾਂ ਕਿਉਂ ਲਿਆ।
ਜੋਸ਼ ਜੀ: ਤੁਸੀਂ ਸਵਾਲ ਨਹੀਂ ਪੁੱਛ ਰਹੇ ਹੋ। ਹੁਣ ਤੁਸੀਂ ਇੱਕ ਗੁਪਤ ਪੁਲਿਸ ਏਜੰਟ ਵਾਂਗ ਸਵਾਲ ਕਰ ਰਹੇ ਹੋ। ਆਪਣੇ ਲੀਡਰਾਂ ਨੂੰ ਵੀ ਕੋਈ ਸਵਾਲ ਪੁੱਛ ਲਵੋ। ਮੈਂ ਆਪਣਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੁੰਦਾ। ਤੁਸੀਂ ਉਨ੍ਹਾਂ ਆਗੂਆਂ ਤੋਂ ਸਵਾਲ ਪੁੱਛੋ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦੇ ਪੰਜਾਹ ਸਾਲ ਬਰਬਾਦ ਕਰ ਦਿੱਤੇ ਹਨ। ਆਪਣੀ ਕੁਝ ਤਾਕਤ ਪੜ੍ਹਨ ਵਾਸਤੇ ਬਚਾ ਕੇ ਰੱਖੋ ਅਤੇ ਆਪਣਾ ਬੁਢਾਪਾ ਬਰਬਾਦ ਨਾ ਕਰੋ।
ਮੈਂ: ਮੈਂ ਜੋਸ਼ ਜੀ ਨੂੰ ਲੰਬਾ ਜਵਾਬ ਦਿੱਤਾ ਜਿਸ ਦਾ ਸਾਰਅੰਸ਼ ਇਹ ਸੀ ਕਿ ਮੈਂ ਸਵਾਲ ਤੁਹਾਨੂੰ ਇੱਕ ਜਗਿਆਸੂ ਵਜੋਂ ਪੁੱਛ ਰਿਹਾ ਹਾਂ। ਪਾਰਟੀ ਆਗੂਆਂ ਨੂੰ ਸਵਾਲ ਪਾਰਟੀ ਮੀਟਿੰਗਾਂ, ਕਾਨਫਰੰਸਾਂ ਵਿੱਚ ਪੁੱਛੇ ਜਾਂਦੇ ਹਨ, ਪਾਰਟੀ ਫੋਰਮਾਂ ਤੋਂ ਬਾਹਰ ਨਹੀਂ। ਮੈਂ ਪਾਰਟੀ ਦਾ ਮੈਂਬਰ ਹਾਂ ਅਤੇ ਮੈਂ ਕਦੇ ਵੀ ਪਾਰਟੀ ਡਿਸਪਲਿਨ ਤੋਂ ਬਾਹਰ ਜਾ ਕੇ ਕੋਈ ਗੱਲ ਨਹੀਂ ਕੀਤੀ। ਜੇ ਪਾਰਟੀ ਫੋਰਮਾਂ ਤੋਂ ਬਾਹਰ ਜਾ ਕੇ ਖੁੱਲ੍ਹੇ ਤੌਰ ’ਤੇ ਸਵਾਲ ਪੁੱਛੇ ਜਾਣ ਲੱਗ ਪੈਣ ਤਾਂ ਫਿਰ ਕਾਹਦੀ ਪਾਰਟੀ?
ਜੋਸ਼ ਜੀ: ਤੁਸੀਂ ਬਹੁਤ ਭੋਲੇ ਇਨਸਾਨ ਹੋ। ਪਾਰਟੀ ਮੀਟਿੰਗਾਂ ਦਾ ਸਾਰਾ ਵੇਰਵਾ ਪੁਲਿਸ ਕੋਲ ਪਹੁੰਚ ਜਾਂਦਾ ਹੈ। ਉਹ ਸਿਰਫ਼ ਪਾਰਟੀ ਕਾਡਰ ਤੋਂ ਹੀ ਛੁਪਿਆ ਹੁੰਦਾ ਹੈ। ਪਾਰਟੀ ਦਾ ਕਾਡਰ ਅੰਨ੍ਹਾਂ ਤੇ ਬੋਲਾ ਹੁੰਦਾ ਹੈ। ਲੀਡਰਾਂ ਦੀਆਂ ਚੋਪੜੀਆਂ ਗੱਲਾਂ ਤੇ ਉਨ੍ਹਾਂ ਨੂੰ ਵਿਸ਼ਵਾਸ ਕਰਨਾ ਪੈਂਦਾ ਹੈ। ਜੇ ਨਾ ਕਰਨ ਤਾਂ ਪਾਰਟੀ ਛੱਡਣੀ ਪੈਂਦੀ ਹੈ। ਪਾਰਟੀ ਉਹ ਛੱਡ ਨਹੀਂ ਸਕਦੇ ਕਿਉਂਕਿ ਸਾਰਾ ਜੀਵਨ ਉਥੇ ਬੀਤਿਆ ਹੁੰਦਾ ਹੈ । ਉਨ੍ਹਾਂ ਦੀ ਹਾਲਤ ਧੋਬੀ ਦੇ ਕੁੱਤੇ ਵਾਲੀ ਹੁੰਦੀ ਹੈ… … ਮੈਨੂੰ ਉਨ੍ਹਾਂ ਦੀ ਹਾਲਤ ਉੱਤੇ ਤਰਸ ਆਉਂਦਾ ਹੈ, ਕਿ ਕਿਵੇਂ ਪਾਰਟੀ ਪਿੱਛੇ ਲੱਗ ਕੇ ਉਨ੍ਹਾਂ ਹਜ਼ਾਰਾਂ ਕਾਰਕੁਨਾਂ ਨੇ ਆਪਣੇ ਖ਼ੂਬਸੂਰਤ ਜੀਵਨ ਤਬਾਹ ਕੀਤੇ। ਬੰਬੇ ਪੁਲਿਸ ਕੋਲ ਤਾਂ ਸਾਰੀਆਂ ਸੀ.ਸੀ. ਮੀਟਿੰਗਾਂ ਦੇ ਸਾਰੇ ਆਰਕਾਈਵ (ਰਿਕਾਰਡ) ਹਨ ਭੋਲੇ ਬਾਦਸ਼ਾਹ!!!
ਮੈਂ: ਸਤਿਕਾਰ ਯੋਗ ਜੋਸ਼ ਜੀ। ਤੁਸੀਂ ਆਪਣੇ ਇਸ ਜਵਾਬ ਵਿੱਚ ਬਹੁਤ ਕੁਝ ਨਿਰਾਰਥਕ ਕਿਹਾ ਹੈ ਪਰ ਇਸ ਵਿੱਚ ਤੁਸੀਂ ਇੱਕ ਬਹੁਤ ਵੱਡਾ ਅਤੇ ਗੰਭੀਰ ਸਵਾਲ ਸਾਹਮਣੇ ਲੈ ਆਂਦਾ ਹੈ ਅਤੇ ਮੈਨੂੰ ਪੁੱਛਿਆ ਹੈ ਕਿ ‘‘ਪਾਰਟੀ ਮੀਟਿੰਗਾਂ ਵਿੱਚ ਕੀ ਕੀ ਹੁੰਦਾ ਹੈ। … … ਉਸਦਾ ਬਿਓਰਾ ਪੁਲਿਸ ਕੋਲ ਕਿਵੇਂ ਪਹੁੰਚ ਜਾਂਦਾ ਹੈ? ਇਥੋਂ ਤੱਕ ਕਿ ਮੀਟਿੰਗਾਂ ’ਚ ਪੈਨਸਲ ਨਾਲ ਲਏ ਨੋਟਸ ਵੀ ਪੁਲਿਸ ਤੱਕ ਪਹੁੰਚ ਜਾਂਦੇ ਹਨ।’’ਸੱਚ-ਮੁੱਚ ਬਹੁਤ ਗੰਭੀਰ ਸਵਾਲ ਹੈ। ਤੁਸੀਂ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਬਹੁਤ ਲੰਬੀ, 8-10 ਸਾਲਾਂ ਬੱਧੀ ਖੋਜ ਕੀਤੀ ਹੈ। ਇਸ ਖੋਜ ਵਿੱਚ ਜਿਥੇ ਤੁਹਾਨੂੰ ਹੋਰ ਬਹੁਤ ਕੁਝ ਪਤਾ ਲੱਗਾ ਹੈ ਉਥੇ ਤੁਹਾਨੂੰ ਇਹ ਵੀ ਜ਼ਰੂਰ ਪਤਾ ਲੱਗਾ ਹੋਵੇਗਾ ਜਾਂ ਤੁਸੀਂ ਜ਼ਰੂਰ ਹੀ ਖੋਜਿਆ ਹੋਵੇਗਾ ਕਿ ਇਹ ਸਾਰਾ ਕੁਝ ਪੁਲਿਸ ਕੋਲ ਕਿਵੇਂ ਪਹੁੰਚ ਜਾਂਦਾ ਹੈ। ਸੋ ਇਸ ਬਾਰੇ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਪਰ ਤੁਹਾਨੂੰ ਜ਼ਰੂਰ ਸਭ ਕੁਝ ਪਤਾ ਹੋਵੇਗਾ। ਸੋ ਤੁਸੀਂ ਕ੍ਰਿਪਾ ਕਰਕੇ ਇਹ ਸਪਸ਼ਟ ਕਰਨ ਦੀ ਜ਼ਰੂਰ ਕਿਰਪਾ ਕਰੋ ਕਿ ਇਹ ਸਾਰਾ ਕੁਝ ਪੁਲਿਸ ਕੋਲ ਕਿਵੇਂ ਪਹੁੰਚ ਜਾਂਦਾ ਸੀ।
ਇਸ ਤੋਂ ਬਾਅਦ ਜੋਸ਼ ਜੀ ਤਿਲਮਿਲਾ ਗਏ ਅਤੇ ਮੈਨੂੰ ਕਈ ਬੇਮਤਲਬ ਅਤੇ ਨਿਕੰਮੇ ਜਿਹੇ ਸਵਾਲ ਪੁੱਛੇ। ਇਸ ਤੋਂ ਬਾਅਦ ਮੈਂ ਲਿਖਿਆ:
ਮੈਂ:ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਆਂਗਾ ਪਰ ਤੁਸੀਂ ਪਹਿਲਾਂ ਮੈਨੂੰ ਉਸ ਗੱਲ ਦਾ ਜਵਾਬ ਦਿਓ ਜਿਹੜੀ ਤੁਹਾਨੂੰ ਮੈਂ ਅੱਜ ਪੁੱਛੀ ਹੈ ਕਿ ਸਾਰੀਆਂ ਸੀ.ਸੀ. ਮੀਟਿੰਗਾਂ ਦੇ ਦਸਤਾਵੇਜ਼, ਸਮੇਤ ਪੈਨਸਲ ਨਾਲ ਲਿਖੇ ਹੋਏ ਨੋਟਸ, ਡਾਕੂਮੈਂਟਸ ਪੁਲਿਸ ਕੋਲ ਕਿਵੇਂ ਪਹੁੰਚ ਜਾਂਦੇ ਸਨ, ਜਿਹੜੇ ਤੁਸੀਂ ਆਪਣੀ 10-12 ਸਾਲ ਦੀ ਖੋਜ ਦੌਰਾਨ ਖੋਜੇ ਅਤੇ ਪੜ੍ਹੇ ਹਨ। ਮੈਂ ਤੁਹਾਨੂੰ ਫਿਰ ਪੁੱਛਦਾ ਹਾਂ ਕਿ ਦੱਸੋ ਪਾਰਟੀ ਦੇ ਇਹ ਡਾਕੂਮੈਂਟ ਪੁਲਿਸ ਕੋਲ ਕਿਵੇਂ ਪਹੁੰਚ ਜਾਂਦੇ ਸਨ।
ਇਸ ਤੋਂ ਬਾਅਦ ਮੈਂ ਜੋਸ਼ ਜੀ ਵੱਲੋਂ ਪੁੱਛੇ ਗਏ ਨਿਰਾਰਥਕ ਸਵਾਲਾਂ ਦੇ ਵੀ ਸਹੀ ਜਵਾਬ ਦੇ ਦਿੱਤੇ। ਨਾਲ ਹੀ ਮੈਂ ਇਹ ਲਿਖਿਆ:
ਮੈਂ:ਜੋਸ਼ ਜੀ! ਹੁਣ ਤੁਹਾਡੇ ਕੋਲ ਮੇਰੇ ਸਵਾਲ ਦਾ ਉੱਤਰ ਨਾ ਦੇਣ ਲਈ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ।
ਫਿਰ ਵੀ ਜੋਸ਼ ਜੀ ਦਾ ਉੱਤਰ ਬੇਅਰਥ ਹੀ ਸੀ ਅੰਤ ਵਿੱਚ ਮੈਂ ਉਨ੍ਹਾਂ ਨੂੰ ਫਿਰ ਲਿਖਿਆ:
ਮੈਂ: ਠੀਕ ਹੈ ਜੀ, ਹੁਣ ਤੁਹਾਡੀ ਬੱਸ ਹੈ ਜੀ। ਹੁਣ ਤੁਹਾਡੇ ਕੋਲ ਕਹਿਣ ਲਈ ਬਾਕੀ ਕੁਛ ਨਹੀਂ ਬਚਿਆ। ਅਫ਼ਸੋਸ! ਕਿ ਸਾਡੇ ਇਤਨੇ ਵੱਡੇ ਇਤਿਹਾਸਕਾਰ ਇੱਕ ਮੇਰੇ ਵਰਗੇ ਸਾਧਾਰਨ ਵਿਅਕਤੀ ਦੀ ਜਗਿਆਸਾ ਨੂੰ ਪੂਰਾ ਨਾ ਕਰ ਸਕਣ ਕਾਰਨ… … ਬੱਸ ਕੁਝ ਨਹੀਂ ਜੀ। ਜੇਕਰ ਮੇਰੇ ਕਿਸੇ ਇੱਕ ਵੀ ਸ਼ਬਦ ਕਾਰਨ ਤੁਹਾਡੇ ਦਿਲ ਨੂੰ ਮਾੜੀ ਮੋਟੀ ਠੇਸ ਪਹੁੰਚੀ ਹੋਵੇ ਤਾਂ ਉਸ ਦੀ ਮੁਆਫ਼ੀ ਮੰਗਦਾ ਹਾਂ ਜੀ। ਧੰਨਵਾਦ!
ਸਤਿਕਾਰਯੋਗ ਪਾਠਕ ਜਨ! ਮੇਰੇ ਅਤੇ ਜੋਸ਼ ਜੀ ਵਿਚਕਾਰ ਉਪਰੋਕਤ ਵਾਰਤਾਲਾਪ ਲਿਖਦੇ ਹੋਏ ਮੈਨੂੰ ਪੂਰਾ ਅਹਿਸਾਸ ਸੀ ਕਿ ਪਾਠਕਾਂ ਵਾਸਤੇ ਇਹ ਵਾਰਤਾਲਾਪ ਬਹੁਤ ਹੀ ਅਕਾਅ ਦੇਣ ਵਾਲੀ (ਬੋਰਿੰਗ) ਮਹਿਸੂਸ ਹੋਵੇਗੀ ਪਰ ਜੋਸ਼ ਜੀ ਵੱਲੋਂ ਭਗਤ ਸਿੰਘ ਬਾਰੇ ਆਪਣੇ ਟ੍ਰਿਬਿਊਨ ਵਿੱਚ ਛਪੇ ਆਰਟੀਕਲ ਬਾਰੇ ਵਿਚਾਰ ਕਰਨ ਲਈ ਜੋਸ਼ ਜੀ ਦੇ ਮਾਰਕਸਵਾਦ ਅਤੇ ਕਮਿਊਨਿਸਟ ਲਹਿਰ ਬਾਰੇ ਵਿਚਾਰਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਸੀ। ਉਪਰੋਕਤ ਵਾਰਤਾਲਾਪ ਤੋਂ ਜੋਸ਼ ਜੀ ਦੇ ਵਿਚਾਰ ਪੂਰੀ ਤਰ੍ਹਾਂ ਸਪਸ਼ਟ ਹੋ ਕੇ ਸਾਹਮਣੇ ਆ ਗਏ ਹਨ। ਜੋਸ਼ ਜੀ ਨੇ ਵਿਚਾਰ ਪਰਗਟ ਕੀਤੇ ਹਨ ਕਿ ਭਗਤ ਸਿੰਘ ਮਾਰਕਸਵਾਦੀ ਚਿੰਤਕ ਨਹੀਂ ਸੀ। ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ’ਤੇ ਵਿਚਾਰ ਕਰਨ ਤੋਂ ਪਹਿਲਾਂ ਸਾਡਾ ਇਹ ਵਿਚਾਰ ਹੈ ਕਿ ਪਹਿਲਾਂ ਇਹ ਵਿਚਾਰ ਕਰਨਾ ਜ਼ਰੂਰੀ ਹੈ ਕਿ ਕੀ ਜੋਸ਼ ਜੀ ਆਪ ਮਾਰਕਸਵਾਦੀ ਹਨ ਕਿ ਨਹੀਂ।
1990 ਦੇ ਨੇੜੇ ਤੇੜੇ ਸੋਵੀਅਤ ਯੂਨੀਅਨ ਸਮੇਤ ਸਾਰੇ ਪੂਰਬੀ ਯੂਰਪ ਦੇ ਦੇਸ਼ਾਂ ਵਿੱਚ ਸਮਾਜਵਾਦੀ ਪ੍ਰਬੰਧ ਦੇ ਢਹਿ ਢਂੇਰੀ ਹੋ ਜਾਣ ਤੋਂ ਬਾਅਦ ਮਾਰਕਸਵਾਦ ਦੀ ਪ੍ਰਸੰਗਕਤਾ ਬਾਰੇ ਸੀ.ਪੀ.ਆਈ.(ਐਮ.) ਦੀ ਪਹਿਲਕਦਮੀ ਨਾਲ ਕਾਰਲ ਮਾਰਕਸ ਦੀ 175ਵੀਂ ਵਰ੍ਹੇਗੰਢ ਦੇ ਮੌਕੇ ’ਤੇ 5 ਤੋਂ 7 ਮਈ 1993 ਨੂੰ ਕਲਕੱਤਾ ਵਿਖੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਹੋਇਆ ਸੀ। ਜਿਸ ਵਿੱਚ ਸਾਰੇ ਸੰਸਾਰ ਵਿੱਚੋਂ 30 ਕਮਿਊਨਿਸਟ ਪਾਰਟੀਆਂ ਦੇ ਪ੍ਰਤੀਨਿਧ ਸ਼ਾਮਲ ਹੋਏ ਸਨ । ਅਤੇ ਚੀਨ, ਵੀਅਤਨਾਮ, ਉੱਤਰੀ ਕੋਰੀਆ, ਕਿਊਬਾ ਅਤੇ ਲਾਓਸ ਦੇ ਸਮਾਜਵਾਦੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੇ ਇੱਕਮੁੱਠਤਾ ਦੇ ਸੰਦੇਸ਼ ਭੇਜੇ। ਇਸ ਸੈਮੀਨਾਰ ਨੂੰ ਸੰਬੰੋਧਨ ਕਰਦੇ ਹੋਏ ਕਾਮਰੇਡ ਜੋਤੀ ਬਾਸੂ ਨੇ ਕਾਮਰੇਡ ਸਟਾਲਿਨ ਦੇ ਇੱਕ ਕਥਨ ਦਾ ਹਵਾਲਾ ਦਿੱਤਾ ਜਿਸ ਵਿੱਚ ਉਸਨੇ ਕਿਹਾ ਸੀ ਕਿ ਅਮਲ ਤੋਂ ਬਿਨਾਂ ਸਿਧਾਂਤ ਥੋਥਾ ਹੁੰਦਾ ਹੈ ਅਤੇ ਸਿਧਾਂਤ ਤੋਂ ਬਿਨਾਂ ਅਮਲ ਤੁਹਾਨੂੰ ਹਨ੍ਹੇਰੇ ਖੂਹ ਵਿੱਚ ਸੁੱਟ ਦੇਵੇਗਾ। ਸਟਾਲਿਨ ਦੇ ਇਸ ਕਥਨ ਦਾ ਕਾਮਰੇਡ ਮਾਓ ਸੇ ਤੁੰਗ ਨੇ ਵੀ ਆਪਣੀਆਂ ਲਿਖਤਾਂ ਵਿੱਚ ਹਵਾਲਾ ਦਿੱਤਾ ਹੈ। ਕਾਮਰੇਡ ਜੋਤੀ ਬਾਸੂ ਨੇ ਸਟਾਲਿਨ ਅਤੇ ਮਾਓ ਸੇ ਤੁੰਗ ਦੇ ਇਸ ਵਿਚਾਰ ਦੀ ਵਿਆਖਿਆ ਕਰਦੇ ਹੋਏ ਸਪਸ਼ਟ ਕੀਤਾ ਸੀ ਕਿ ਕੇਵਲ ਮਾਰਕਸ ਅਤੇ ਮਾਰਕਸਵਾਦ ਦੀਆਂ ਕਿਤਾਬਾਂ ਪੜ੍ਹ ਕੇ ਹੀ ਕੋਈ ਵਿਅਕਤੀ ਮਾਰਕਸਵਾਦੀ ਨਹੀਂ ਬਣ ਜਾਂਦਾ। ਅਜਿਹਾ ਵਿਅਕਤੀ ਵੱਧ ਤੋਂ ਵੱਧ ਸਿਰਫ਼ 50 ਪ੍ਰਤੀਸ਼ਤ ਮਾਰਕਸਵਾਦੀ ਹੀ ਹੋ ਸਕਦਾ ਹੈ। 100 ਪ੍ਰਤੀਸ਼ਤ ਮਾਰਕਸਵਾਦੀ ਬਣਨ ਲਈ ਉਸ ਵਿਅਕਤੀ ਨੂੰ ਮਾਰਕਸਵਾਦ ਵਿੱਚ ਵਿਸ਼ਵਾਸ ਰੱਖਣ ਵਾਲੀ ਕਿਸੇ ਪਾਰਟੀ, ਜਥੇਬੰਦੀ ਜਾਂ ਸੰਸਥਾ ਵਿੱਚ ਸ਼ਾਮਲ ਹੋਕੇ ਅਮਲਾਂ ਵਿੱਚ ਵੀ ਮਾਰਕਸਵਾਦੀ ਬਣਨਾ ਲਾਜ਼ਮੀ ਹੁੰਦਾ ਹੈ। ਘਰ ਬੈਠੇ ਹੀ ਕੋਈ ਮਾਰਕਸਵਾਦੀ ਨਹੀਂ ਬਣ ਜਾਂਦਾ। ਇਸ ਤਰ੍ਹਾਂ ਦੇ ਅੱਧੇ ਮਾਰਕਸਵਾਦੀਆਂ ਨਾਲ ਤਾਂ ਸੰਸਾਰ ਭਰ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਭਰੀਆਂ ਪਈਆਂ ਹਨ। ਉਪਰੋਕਤ ਮਹਾਨ ਕਮਿਊਨਿਸਟ ਆਗੂਆਂ ਦੇ ਵਿਚਾਰਾਂ ਦੇ ਆਧਾਰ ’ਤੇ ਜੇ ਸ਼੍ਰੀ ਭਗਵਾਨ ਜੋਸ਼ ਜੀ ਦਾ ਮੁਲਾਂਕਣ ਕੀਤਾ ਜਾਵੇ ਤਾਂ ਜੋਸ਼ ਜੀ ਮਾਰਕਸਵਾਦੀ ਹੋਣ ਦੇ ਪੈਮਾਨੇ ’ਤੇ ਪੂਰੇ ਨਹੀਂ ਉਤਰ ਸਕਦੇ। ਵੱਧ ਤੋਂ ਵੱਧ ਉਹ ਅੱਧੇ ਮਾਰਕਸਵਾਦੀ ਹੋ ਸਕਦੇ ਹਨ । ਅਜਿਹੇ ਅੱਧੇ ਮਾਰਕਸਵਾਦੀ ਲੇਖਕ ਦੇ ਸ਼ਹੀਦੇ ਆਜ਼ਮ ਭਗਤ ਸਿੰਘ, ਦੇਸ਼ ਦੀ ਕਮਿਊਨਿਸਟ ਲਹਿਰ, ਕਮਿਊਨਿਸਟ ਪਾਰਟੀ ਖ਼ਾਸ ਕਰਕੇ ਸੀ.ਪੀ.ਆਈ.(ਐਮ.), ਬਾਰੇ ਵਿਚਾਰ ਜਾਂ ਨਿਰਣੇ ਮਾਰਕਸਵਾਦ ਦੇ ਆਧਾਰ ’ਤੇ ਕੀਤੇ ਗਏ ਨਿਰਣੇ ਨਹੀਂ ਹਨ ਬਲਕਿ ਇਹ ਉਨ੍ਹਾਂ ਦੀ ਆਪਣੀ ਅੰਤਰਮੁਖੀ ਸੋਚ ਦਾ ਪ੍ਰਗਟਾਵਾ ਹੀ ਹਨ। ਉਨ੍ਹਾਂ ਦੀ ਇਹ ਸੋਚ ਜਾਂ ਵਿਚਾਰ ਮਾਰਕਸਵਾਦੀ ਵਿਚਾਰਧਾਰਾ ਦੇ ਆਧਾਰ ’ਤੇ ਨਹੀਂ ਬਲਕਿ ਅੰਗਰੇਜ਼ ਹਕੂਮਤ ਦੀ ਪੁਲਿਸ ਦੀਆਂ ਗੁਪਤ ਫਾਈਲਾਂ ਵਿੱਚ ਲਿਖੀਆਂ ਰਿਪੋਰਟਾਂ ਦੇ ਆਧਾਰ ’ਤੇ ਬਣੀ ਹੈ। ਜੋਸ਼ ਜੀ ਵੱਲੋਂ ਭਗਤ ਸਿੰਘ ਬਾਰੇ ਕੀਤੇ ਫ਼ਤਵੇ ਕਿ ‘‘ਭਗਤ ਸਿੰਘ ਮਾਰਕਸਵਾਦੀ ਚਿੰਤਕ ਕਿਉਂ ਨਹੀਂ ਸੀ’’ ਬਾਰੇ ਆਪਣੇ ਵਿਚਾਰ ਅੱਗੇ ਜਾ ਕੇ ਪੇਸ਼ ਕਰਾਂਗੇ ਪਰ ਇਥੇ ਅਸੀਂ ਇਹ ਗੱਲ ਦਾਅਵੇ ਨਾਲ ਕਹਿੰਦੇ ਹਾਂ ਕਿ ਭਗਤ ਸਿੰਘ ਜੋਸ਼ ਜੀ ਨਾਲੋਂ ਵੱਡਾ ਮਾਰਕਸਵਾਦੀ ਸੀ। ਭਗਤ ਸਿੰਘ ਵੱਲੋਂ ਆਪਣੀ ਜਥੇਬੰਦੀ ‘‘ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ’’ ਦਾ ਨਾਂ ਬਦਲ ਕੇ ‘‘ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀੲੈਸ਼ਨ’’ ਰਖਵਾ ਲਿਆ ਗਿਆ ਸੀ। ਉਹ ਇਸ ਜਥੇਬੰਦੀ ਵਿੱਚ ਸਰਗਰਮੀ ਨਾਲ ਕੰਮ ਕਰਦੇ ਸਨ। ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਜੀ ਦੱਸਿਆ ਕਰਦੇ ਸਨ ਕਿ ਭਗਤ ਸਿੰਘ ਬੇਲੋੜੀ ਹਿੰਸਾ ਦਾ ਸਖ਼ਤ ਵਿਰੋਧੀ ਸੀ। ਉਹ ਕਮਿਊਨਿਸਟ ਬਣ ਚੁੱਕਾ ਸੀ ਅਤੇ ਨੌਜੁਆਨ ਭਾਰਤ ਸਭਾ ਅਤੇ ਹੋਰ ਜਨਤਕ ਜਥੇਬੰਦੀਆਂ ਉਸਾਰ ਕੇ ਨੌਜਵਾਨਾਂ ਅਤੇ ਹੋਰ ਲੋਕਾਂ ਨੂੰ ਜਥੇਬੰਦ ਕਰਨ ਦੇ ਰਾਹ ’ਤੇ ਚੱਲ ਰਿਹਾ ਸੀ। ਪਰ ਲਾਲਾ ਲਾਜਪੱਤ ਰਾਏ ਦੀ ਮੌਤ ਨਾਲ ਪੈਦਾ ਹੋਈਆਂ ਵਿਸ਼ੇਸ਼ ਪ੍ਰਸਥਿਤੀਆਂ ਕਾਰਨ ਉਸਨੇ ਬਦਲਾ ਲੈਣ ਦਾ ਫ਼ੈਸਲਾ ਕਰਨ ਦੀ ਸਲਾਹ ਦਿੱਤੀ। ਉਸਨੇ ਆਪਣੇ ਸਾਥੀਆਂ ਨੂੰ ਪੂਰੀ ਤਰ੍ਹਾਂ ਸਪਸ਼ਟ ਕੀਤਾ ਕਿ ਬਦਲਾ ਲੈਣ ਦੀ ਕਾਰਵਾਈ ਨਾਲ ਅਸੀਂ ਆਪਣਾ ਹੁਣ ਤੱਕ ਕਾਇਮ ਕੀਤਾ ਸਾਰਾ ਜਥੇਬੰਦਕ ਢਾਂਚਾ ਨਸ਼ਟ ਕਰਵਾ ਲਵਾਂਗੇ ਪਰ ਕੌਮੀ ਅਪਮਾਨ ਦਾ ਬਦਲਾ ਲੈ ਕੇ ਅਸੀਂ ਆਪਣੀ ਸਮੁੱਚੀ ਕੌਮ ਨੂੰ ਨਿਰਾਸ਼ਤਾ ਅਤੇ ਸ਼ੋਕ ਦੇ ਮਾਹੌਲ ’ਚੋਂ ਕੱਢ ਕੇ ਉਤਸ਼ਾਹ, ਹੌਸਲੇ ਅਤੇ ਜੋਸ਼ੋ ਖਰੋਸ਼ ਦੀ ਮੁਦਰਾ ਵਿੱਚ ਲੈ ਆਵਾਂਗੇ। ਸਾਡੇ ਉਪਰੋਕਤ ਵਰਣਨ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਸਮੇਂ ਭਗਤ ਸਿੰਘ ਆਪਣੇ ਮਾਰਕਸਵਾਦੀ ਦ੍ਰਿਸ਼ਟੀਕੋਣ ਅਨੁਸਾਰ ਪ੍ਰਸਥਿਤੀਆਂ ਦਾ ਸਹੀ ਮੁਲਾਂਕਣ ਕਰਨ ਦੇ ਸਮਰੱਥ ਸੀ। ਪਰ ਭਗਵਾਨ ਜੋਸ਼ ਜੀ ਕਹਿੰਦੇ ਹਨ ਕਿ ਭਗਤ ਸਿੰਘ ਆਪਣੇ ਸਮਿਆਂ ਦਾ ਸਹੀ ਮੁਲਾਂਕਣ ਨਹੀਂ ਕਰ ਸਕਿਆ।
ਆਪਣੇ ਆਰਟੀਕਲ ਵਿੱਚ ਜੋਸ਼ ਜੀ ਹੋਰ ਵੀ ਕੁਝ ਲਿਖਦੇ ਹਨ ਪਰ ਅਸੀਂ ਸਿਰਫ਼ ਉਨ੍ਹਾਂ ਦੇ ਕੁਝ ਕੁ ਵਿਚਾਰਾਂ ਦਾ ਹੀ ਜ਼ਿਕਰ ਕਰਦੇ ਹਾਂ। ਉਹ ਲਿਖਦੇ ਹਨ, ‘‘ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਲਾਲਾ ਲਾਜਪੱਤ ਰਾਏ ’ਤੇ ਲਾਠੀਚਾਰਜ ਲਈ ਬ੍ਰਿਟਿਸ਼ ਅਫ਼ਸਰ ਜੇਮਜ਼ ਸਕੌਟ ਨੂੰ ਦੋਸ਼ੀ ਠਹਿਰਾਇਆ ਪਰ ਇਸ ਤੱਥ ਤੋਂ ਅੱਖਾਂ ਫੇਰ ਲਈਆਂ ਕਿ ਅਸਲ ਵਿੱਚ ਉਹ ਪੰਜਾਬ ਪੁਲਿਸ ਦੇ ਕਰਮਚਾਰੀ ਹੀ ਸਨ ਜਿਨ੍ਹਾਂ ਨੇ ਲਾਲਾ ਜੀ ਨੂੰ ਕੁੱਟਿਆ ਸੀ।’’ ਇਹ ਲਿਖਦੇ ਸਮੇਂ ਇਤਿਹਾਸਕਾਰ ਜੋਸ਼ ਜੀ ਨੇ ਇਸ ਤੱਥ ਤੋਂ ਅੱਖਾਂ ਫੇਰ ਲਈਆਂ ਕਿ ਲਾਠੀਚਾਰਜ ਕਰਨ ਦਾ ਹੁਕਮ ਜੇਮਜ਼ ਸਕੌਟ ਨੇ ਹੀ ਦਿੱਤਾ ਸੀ। ਇੱਥੇ ਜੋਸ਼ ਜੀ ਜੇਮਜ਼ ਸਕੌਟ ਨੂੰ ਬਰੀ ਕਰ ਰਹੇ ਹਨ ਅਤੇ ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਠਹਿਰਾ ਰਹੇ ਹਨ। ਜੋਸ਼ ਜੀ ਦੇ ਇਸ ਤਰਕ ਅਨੁਸਾਰ ਤਾਂ ਫਿਰ ਜ਼ਲ੍ਹਿਆਂਵਾਲਾ ਬਾਗ਼ ਕਾਂਡ ਦੇ ਦੋਸ਼ੀ ਜਨਰਲ ਡਾਇਰ ਅਤੇ ਮਾਈਕਲ ਉਡਵਾਇਰ ਵੀ ਬਰੀ ਹੋ ਸਕਦੇ ਹਨ ਕਿਉਂਕਿ ਜ਼ਲ੍ਹਿਆਂਵਾਲਾ ਬਾਗ਼ ਵਿੱਚ ਗੋਲ਼ੀਆਂ ਚਲਾਉਣ ਵਾਲੇ ਵੀ ਭਾਰਤੀ ਫੌਜੀ ਹੀ ਸਨ।
ਇਸ ਤੋਂ ਅੱਗੇ ਆਪਣੇ ਆਰਟੀਕਲ ਵਿੱਚ ਜੋਸ਼ ਜੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਦੋਸ਼ ਲਾਉਂਦੇ ਹਨ ਉਹ ‘‘ ਇਹ ਨਹੀਂ ਸਮਝ ਸਕੇ ਕਿ ਬ੍ਰਿਟਿਸ਼ ਰਾਜ ਨੇ ਉਨ੍ਹਾਂ ਨੂੰ ਮੀਡੀਆ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ, ਅਦਾਲਤ ਵਿੱਚ ਇਨਕਲਾਬੀ ਗੀਤ ਗਾਉਣ, ਜਾਂ ਜੇਲ੍ਹ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਇਜ਼ਾਜਤ ਕਿਉਂ ਦਿੱਤੀ ਗਈ।’’
ਇਤਿਹਾਸਕਾਰ ਜੋਸ਼ ਜੀ! ਇਸ ਸਭ ਕੁਝ ਦੀ ਇਜ਼ਾਜਤ ਅੰਗਰੇਜ਼ ਹਕੂਮਤ ਇਸ ਲਈ ਦਿੰਦੀ ਸੀ ਕਿ ਆਮ ਲੋਕਾਂ ’ਤੇ ਇਹ ਪ੍ਰਭਾਵ ਪਾਇਆ ਜਾ ਸਕੇ ਕਿ ਅੰਗਰੇਜ਼ ਸਰਕਾਰ ਤਾਂ ਬਹੁਤ ਹੀ ਇਨਸਾਫ਼ ਪਸੰਦ ਹੈ ਅਤੇ ਮੁਕਦਮੇ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨੂੰ ਵੀ ਹਰ ਪਰਕਾਰ ਦੀ ਖੁੱਲ੍ਹ ਦਿੰਦੀ ਹੈ। ਬਾਕੀ ਭਗਤ ਸਿੰਘ ਨੂੰ ਪੜ੍ਹਨ ਲਈ ਪੁਸਤਕਾਂ ਜ਼ਿਆਦਾਤਰ ਲਾਹੌਰ ਸਥਿਤ ਦਵਾਰਕਾ ਦਾਸ ਲਾਇਬ੍ਰੇਰੀ ਤੋਂ ਪ੍ਰਾਪਤ ਹੁੰਦੀਆਂ ਸਨ ਜਿਸ ਨੂੰ ਲਾਲਾ ਲਾਜਪੱਤ ਰਾਏ ਨੇ ਸ਼ੁਰੂ ਕੀਤਾ ਸੀ। ਪੁਸਤਕਾਂ ਪ੍ਰਾਪਤ ਕਰਨ ਵਿੱਚ ਭਗਤ ਸਿੰਘ ਦੇ ਦੋਸਤ, ਪਰਿਵਾਰਕ ਮੈਂਬਰ, ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਛਬੀਲ ਦਾਸ ਅਤੇ ਕਈ ਭਗਤ ਸਿੰਘ ਨਾਲ ਹਮਦਰਦੀ ਰੱਖਣ ਵਾਲੇ ਜ਼ੇਲ੍ਹ ਕਰਮਚਾਰੀ ਵੀ ਸਹਾਇਤਾ ਕਰਦੇ ਸਨ। ਜੇਲ੍ਹ ਵਿੱਚ ਬੰਦ ਰਹੇ 716 ਦਿਨਾਂ ਦੌਰਾਨ ਭਗਤ ਸਿੰਘ ਨੇ ਮਾਰਕਸ, ਲੈਨਿਨ, ਰੂਸੋ, ਵਿਕਟਰ ਇਊਗੋ ਅਤੇ ਹੋਰ ਅਨੇਕ ਮਹਾਨ ਵਿਦਵਾਨਾਂ ਦੀਆਂ ਲਗਪੱਗ 300 ਕਿਤਾਬਾਂ ਪੜ੍ਹੀਆਂ ਸਨ।
ਅਸੀਂ ਬਹੁਤ ਦੁੱਖ ਅਤੇ ਅਫ਼ਸੋਸ ਨਾਲ ਲਿਖ ਰਹੇ ਹਾਂ ਕਿ ਆਪਣੀ ‘‘ਇਤਿਹਾਸਕਾਰੀ’’ ਨੂੰ ਚਮਕਾਉਣ ਲਈ ਜੋਸ਼ ਜੀ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸੁਨਹਿਰੀ ਕਾਂਡ ਗ਼ਦਰ ਪਾਰਟੀ ਅਤੇ ਮਹਾਨ ਗ਼ਦਰੀ ਬਾਬਿਆਂ ਨੂੰ ਵੀ ਬਖ਼ਸ਼ਦੇ ਜਦੋਂ ਉਹ ਲਿਖਦੇ ਹਨ ਕਿ ਭਗਤ ਸਿੰਘ ‘‘ਅਕਾਲੀ ਲਹਿਰ (1920-25) ਦੇ ਤਜ਼ਰਬੇ ਨੂੰ ਗ੍ਰਹਿਣ ਕਰਨ ਵਿੱਚ ਅਸਫ਼ਲ ਰਹੇ ਸਨ, ਪੰਜਾਬ ਵਿੱਚ ਉਸ ਨੂੰ ਫੇਲ੍ਹ ਹੋਈ ਗ਼ਦਰ ਲਹਿਰ ਹੀ ਨਜ਼ਰ ਆਉਂਦੀ ਸੀ। ਗ਼ਦਰ ਲਹਿਰ ਦੀ ਦੁਖਾਂਤਕ ਅਸਫ਼ਲਤਾ ਤੋਂ ਸਬਕ ਸਿੱਖਣ ਦੀ ਥਾਂ ਉਸਨੇ ਅੱਖਾਂ ਮੀਟ ਕੇ ਗ਼ਦਰੀਆਂ ਵਾਲਾ ਰਾਹ ਹੀ ਫੜ ਲਿਆ।’’ ਜੋਸ਼ ਜੀ ਇਹ ਤਾਂ ਹੋ ਨਹੀਂ ਸਕਦਾ ਕਿ ਤੁਹਾਨੂੰ ਪਤਾ ਨਾਹ ਹੋਵੇ , (ਆਖਰ ਤੁਸੀਂ ਇਤਿਹਾਸਕਾਰ ਹੋ) ਕਿ ਭਗਤ ਸਿੰਘ ਅਕਾਲੀ ਲਹਿਰ ਬਾਰੇ ਵੀ ਸਭ ਕੁਝ ਜਾਣਦਾ ਅਤੇ ਸਮਝਦਾ ਸੀ ਅਤੇ ਅਕਾਲੀ ਲਹਿਰ ਤੋਂ ਪ੍ਰਭਾਵਿਤ ਵੀ ਸੀ। ਅਕਾਲੀ ਲਹਿਰ ਸਮੇਂ ਭਗਤ ਸਿੰਘ ਨੇ ਇਸ ਤੋਂ ਪ੍ਰਭਾਵਤ ਹੋ ਕੇ ਕਾਲੀ ਪਗੜੀ ਬੰਨਣਾ ਸ਼ੁਰੂ ਕਰ ਦਿੱਤਾ ਸੀ, ਆਪਣੇ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ ਵਿੱਚ ਅਕਾਲ ਜਥਿਆਂ ਦਾ ਸਵਾਗਤ ਕੀਤਾ। ਉਹ ਆਪਣੇ ਪਿਤਾ ਸ੍ਰ. ਕਿਸ਼ਨ ਸਿੰਘ ਨਾਲ ਨਨਕਾਣਾ ਸਾਹਿਬ ਵੀ ਗਏ ਸਨ। ਭਗਤ ਸਿੰਘ ਬੱਬਰ ਅਕਾਲੀ ਲਹਿਰ ਤੋਂ ਵੀ ਪ੍ਰਭਾਵਿਤ ਸਨ। 27 ਫਰਵਰੀ 1926 ਨੂੰ ਹੋਲੀ ਦੇ ਤਿਉਹਾਰ ਵਾਲੇ ਦਿਨ ਜਦੋਂ ਲਾਹੌਰ ਸੈਂਟਰਲ ਜੇਲ੍ਹ ਵਿੱਚ 6 ਬੱਬਰ ਅਕਾਲੀ ਯੋਧਿਆਂ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਭਗਤ ਸਿੰਘ ਨੇ 15 ਮਾਰਚ 1926 ਦੇ ‘ਪਰਤਾਪ’ ਅਖ਼ਬਾਰ ਵਿੱਚ ਇੱਕ ਬਹੁਤ ਹੀ ਭਾਵੁਕ ਅਤੇ ਇਤਿਹਾਸਕ ਲੇਖ ਲਿਖਿਆ ਸੀ ਜਿਸ ਦਾ ਸਿਰਲੇਖ ਸੀ, ‘‘ਹੋਲੀ ਵਾਲਾ ਦਿਨ ਬੱਬਰ ਅਕਾਲੀਆਂ ਨੇ ਸੂਲੀ ਨੂੰ ਆਪਣੇ ਲਹੂ ਨਾਲ ਰੰਗਿਆ।’’
ਆਓ! ਹੁਣ ਭਗਵਾਨ ਜੋਸ਼ ਦੇ ਅਗਲੇ ਕੁਕਰਮ ਜੋ ਉਨ੍ਹਾਂ ਨੇ ਗ਼ਦਰ ਪਾਰਟੀ ਦੇ ਸੁਤੰਤਰਤਾ ਸੰਗਰਾਮ ਵਿੱਚ ਪਾਏ ਇਤਿਹਾਸਕ ਯੋਗਦਾਨ ਨੂੰ ‘‘ਫੇਲ੍ਹ ਹੋਈ ਗ਼ਦਰ ਲਹਿਰ’’ ਗਰਦਾਨ ਕੇ ਕੀਤਾ ਹੈ, ਉਸ ਬਾਰੇ ਵੀ ਥੋੜੀ ਵਿਚਾਰ ਕਰੀਏ। ਜੋਸ਼ ਗ਼ਦਰ ਪਾਰਟੀ ਦੀ ਲਹਿਰ ਫੇਲ੍ਹ ਨਹੀਂ ਸੀ ਹੋਈ । ਗ਼ਦਰ ਪਾਰਟੀ ਦੀ ਲਹਿਰ ਉਹ ਲਹਿਰ ਸੀ ਜਿਸਨੇ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿਸ ਨੂੰ ਆਮ ਤੌਰ ’ਤੇ ‘1857 ਦਾ ਗ਼ਦਰ’ ਕਿਹਾ ਅਤੇ ਲਿਖਿਆ ਜਾਂਦਾ ਹੈ ਤੋਂ ਪ੍ਰੇਰਨਾ ਲੈਕੇ ਭਾਰਤ ਵਿੱਚ ਸਭ ਤੋਂ ਪਹਿਲਾਂ ਪੂਰਨ ਆਜ਼ਾਦੀ ਦਾ ਨਾਅਰਾ ਬੁਲੰਦ ਕੀਤਾ ਸੀ। ਇਥੇ ਅਸੀਂ ਗ਼ਦਰ ਪਾਰਟੀ ਦੇ ਸੂਰਮਿਆਂ ਦੀ ਬਹਾਦਰੀ ਦੀ ਚਰਚਾ ਨੂੰ ਫਿਰ ਕਿਸੇ ਆਉਣ ਵਾਲੇ ਸਮੇਂ ਲਈ ਛੱਡਦੇ ਹੋਏ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਗ਼ਦਰ ਪਾਰਟੀ ਦੇ ਮਹਾਨ ਯੋਧੇ ਭਾਈ ਰਤਨ ਸਿੰਘ ਰਾਇਪੁਰ ਡੱਬਾ ਅਤੇ ਭਾਈ ਸੰਤੋਖ ਸਿੰਘ ਧਰਦਿਓ ਹੀ ਸਨ ਜਿਹੜੇ ਸਭ ਤੋਂ ਪਹਿਲਾਂ ਪੰਜਾਬ ਦੀ ਧਰਤ ’ਤੇ ਮਾਰਕਸਵਾਦੀ ਲੈਨਿਨਵਾਦੀ ਵਿਚਾਰਧਾਰਾ ਨੂੰ ਲੈ ਕੇ ਆਏ ਅਤੇ ਮਹਾਨ ਗ਼ਦਰੀ ਬਾਬਿਆਂ ਗੁਰਮੁਖ ਸਿੰਘ ਲਲਤੋਂ, ਊਧਮ ਸਿੰਘ ਕਸੇਲ, ਕਰਮ ਸਿੰਘ ਚੀਮਾ, ਭਾਗ ਸਿੰਘ ਕੈਨੇਡੀਅਨ (ਉਮਲ ਭੂਪਾ) ਅਤੇ ਹੋਰ ਗ਼ਦਰੀਆਂ ਦੇ ਸਹਿਯੋਗ ਨਾਲ ਪੰਜਾਬ ਦੀ ਇਸ ਉਪਜਾਊ ਧਰਤੀ ਵਿੱਚ ਕਮਿਊਨਿਸਟ ਲਹਿਰ ਦਾ ਬੀਜ਼ ਬੀਜਿਆ। ਪੰਜਾਬ ਦੀ ਧਰਤੀ ਤੇ ਚੱਲੀਆਂ ਸਾਰੀਆਂ ਅੰਗਰੇਜ਼ ਸਾਮਰਾਜਵਾਦ ਵਿਰੋਧੀ ਲਹਿਰਾਂ ਜਿਵੇਂ ਕਿ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਦੀ ਲਹਿਰ, ਕਿਸਾਨ ਲਹਿਰ, ਪਰਜਾ ਮੰਡਲ ਦੀ ਲਹਿਰ, ਮੁਜ਼ਾਰਾ ਲਹਿਰ ਅਤੇ ਹੋਰ ਸਾਰੀਆਂ ਲਹਿਰਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਪੂਰਾ ਯੋਗਦਾਨ ਪਾਇਆ। ਕਿਰਤੀ ਪਾਰਟੀ, ਕਮਿਊਨਿਸਟ ਪਾਰਟੀ, ਲਾਲ ਪਾਰਟੀ ਵਿੱਚ ਮੂਹਰੀਲਆਂ ਕਤਾਰਾਂ ਵਿੱਚ ਹੋ ਕੇ ਕੁਰਬਾਨੀਆਂ ਕੀਤੀਆਂ। 1947 ਤੋਂ ਬਾਅਦ ਵੀ ਚੱਲੀਆਂ ਸਾਰੀਆਂ ਕਮਿਊਨਿਸਟ, ਕਿਸਾਨ, ਮਜ਼ਦੂਰ ਅਤੇ ਹੋਰ ਮਿਹਨਤਕਸ਼ਾਂ, ਨੌਜਵਾਨ ਅਤੇ ਵਿਦਿਆਰਥੀ ਲਹਿਰਾਂ ਵਿੱਚ ਸਾਡੇ ਗ਼ਦਰੀ ਬਾਬਿਆਂ ਨੇ ਆਪੋ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਤੱਕ ਸਿੱਧੀ ਸ਼ਮੂਲੀਅਤ ਵੀ ਕੀਤੀ, ਬੁਢਾਪੇ ਦੇ ਬਾਵਜੂਦ, ਜੇਲ੍ਹਾਂ ਵੀ ਕੱਟੀਆਂ ਅਤੇ ਪ੍ਰੇਰਨਾ ਦੇ ਸਰੋਤ ਵੀ ਬਣੇ। ਅੱਜ ਵੀ ਸਾਰੀਆਂ ਕਮਿਊਨਿਸਟ , ਖੱਬੀਆਂ, ਜਮਹੂਰੀ ਆਂਗਹਵਧੂ ਪਾਰਟੀਆਂ, ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਗ਼ਦਰ ਪਾਰਟੀ ਦੀ ਲਹਿਰ ਅਤੇ ਗ਼ਦਰੀ ਬਾਬਿਆਂ ਦੇ ਜੀਵਨ ਤੋਂ ਉਤਸ਼ਾਹ ਅਤੇ ਪ੍ਰੇਰਨਾ ਲੈ ਰਹੀਆਂ ਹਨ। ਗ਼ਦਰੀ ਬਾਬਿਆਂ ਵੱਲੋਂ ਸਥਾਪਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਬਣੀਆਂ ਅਜਿਹੀਆਂ ਹੀ ਕਮੇਟੀਆਂ ਅਤੇ ਯਾਦਗਾਰਾਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਲਗਾਤਾਰ ਹਰ ਸਾਲ ਲੱਗਦੇ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੇਲਿਆਂ ਤੋਂ ਇਹ ਤੱਥ ਸੂਰਜ ਦੀ ਰੌਸ਼ਨੀ ਵਾਂਗ ਸਪਸ਼ਟ ਹੋ ਰਿਹਾ ਹੈ ਕਿ ਇੱਕ ਸਦੀ ਤੋਂ ਵੀ ਦਹਾਕਾ ਵੱਧ ਸਮਾਂ ਬੀਤ ਜਾਣ ਦੇ ਬਾਵਜ਼ੂਦ ਗ਼ਦਰ ਲਹਿਰ ਅਤੇ ਗ਼ਦਰੀ ਬਾਬਿਆਂ ਦੀ ਵਿਚਾਰਧਾਰਾ, ਉਨ੍ਹਾਂ ਦਾ ਸ਼ਨਾਮੱਤਾ ਇਤਿਹਾਸ ਉਨ੍ਹਾਂ ਦੇ ਜਜ਼ਬਾਤ ਅਤੇ ਕੁਰਬਾਨੀ ਦੀ ਭਾਵਨਾ ਅੱਜ ਵੀ ਜੀਅ ਰਹੀ ਹੈ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਪ੍ਰੇਰਨਾ ਅਤੇ ਹੌਸਲੇ ਵੰਡ ਰਹੀ ਹੈ।
ਆਪਣੀ ਇਸ ਨਾਂਹ ਪੱਖੀ ਗੁੰਮਰਾਹਕੁੰਨ ਲਿਖਤ ਦਾ ਅੰਤ ਸ੍ਰੀ ਭਗਵਾਨ ਜੋਸ਼ ਭਗਤ ਸਿੰਘ ਵਿਰੁੱਧ ਇਨ੍ਹਾਂ ਸ਼ਬਦਾਂ ਨਾਲ ਕਰਦੇ ਹਨ, ‘‘ਹਕੀਕਤ ਇਹ ਹੈ ਕਿ ਭਗਤ ਸਿੰਘ ਨੂੰ ਉਸਦੇ ਇਨਕਲਾਬੀ ਵਿਚਾਰਾਂ ਕਰਕੇ ਨਹੀਂ ਬਲਕਿ ਇੱਕ ਬਰਤਾਨਵੀ ਅਫ਼ਸਰ ਨੂੰ ਮਾਰਨ ਲਈ ਫਾਂਸੀ ਦਿੱਤੀ ਗਈ ਸੀ।’’ ਇਥੇ ਅਸੀਂ ਇਹ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਜੋਸ਼ ਪਹਿਲੇ ਵਿਅਕਤੀ ਜਾਂ ਲੇਖਕ ਨਹੀਂ ਹਨ ਜਿਸਨੇ ਭਗਤ ਸਿੰਘ ਵਿਰੁੱਧ ਨਾਂਹ ਪੱਖੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੋਵੇ। ਸਿੱਖ ਵਿਦਵਾਨ ਕਹੇ ਜਾਂਦੇ ਸਿਰਦਾਰ ਕਪੂਰ ਸਿੰਘ ਆਈ.ਪੀ.ਐਸ. ਨੇ ਇਹ ਲਿਖਿਆ ਹੈ ਕਿ ਭਗਤ ਸਿੰਘ ਫਾਂਸੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਭਾਈ ਰਣਧੀਰ ਸਿੰਘ ਦੀ ਪੇ੍ਰਰਨਾ ਨਾਲ ਨਾਸਤਕ ਤੋਂ ਆਸਤਕ ਹੋ ਗਿਆ ਸੀ ਅਤੇ ਉਹ ਸਿੱਖ ਧਰਮ ਦਾ ਵਿਸ਼ਵਾਸੀ ਹੋ ਗਿਆ ਸੀ। ਖ਼ਾਲਿਸਤਾਨੀ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਭਗਤ ਸਿੰਘ ਨੂੰ ਦਹਿਸ਼ਗ਼ਰਦ ਅਤੇ ਕਾਤਲ ਗਰਦਾਨਦੇ ਹਨ ਜਿਸਨੇ ਇੱਕ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਅਤੇ ਇੱਕ ਸਿੱਖ ਪੁਲਿਸ ਕਰਮਚਾਰੀ ਚੰਨਣ ਸਿੰਘ ਦਾ ਕਤਲ ਕੀਤਾ ਸੀ। ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ 26 ਜੁਲਾਈ 2022 ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪਾਰਟੀ ਵੱਲੋਂ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਸੀ ਕਿ ਭਗਤ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚੋਂ ਹਟਾ ਦਿੱਤੀ ਜਾਵੇ ਕਿਉਂਕਿ ਭਗਤ ਸਿੰਘ ਨਾਸਤਕ ਸੀ। ਚੰਗੀ ਗੱਲ ਇਹ ਹੋਈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਸੀ। ਕੁਝ ਮਹੀਨੇ ਪਹਿਲਾਂ ਆਪਣੇ ਆਪ ਨੂੰ ਦਲਿਤ ਵਿਦਵਾਨ ਅਖਵਾਉਂਦੇ ਇੱਕ ਸ਼ਖਸ ਨੇ ਕਿਹਾ ਸੀ ਕਿ ਭਗਤ ਸਿੰਘ ਨੇ ਲਾਲਾ ਲਾਜਪੱਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇੱਕ ਅੰਗਰੇਜ਼ ਅਫ਼ਸਰ ਨੂੰ ਇਸ ਲਈ ਮਾਰਿਆ ਸੀ ਕਿਉਂਕਿ ਲਾਲਾ ਜੀ ਇੱਕ ਹਿੰਦੂ ਆਗੂ ਸਨ ਅਤੇ ਭਗਤ ਸਿੰਘ ਅਤੇ ਉਸਦਾ ਪਰਿਵਾਰ ਵੀ ਆਰੀਆ ਸਮਾਜ ਦੇ ਪ੍ਰਭਾਵ ਹੇਠ ਹਿੰਦੂ ਧਰਮ ਨੂੰ ਅਪਣਾਅ ਚੁੱਕੇ ਸਨ। ਹੋਰ ਵੀ ਕਈ ਫ਼ਿਰਕੂ ਵਿਅਕਤੀਆਂ, ਲੇਖਕਾਂ ਅਤੇ ਮੌਕਾਪ੍ਰਸਤ ਅਨਸਰਾਂ ਨੇ ਭਗਤ ਸਿੰਘ ਵਿਰੁੱਧ ਕਈ ਕੁਝ ਲਿਖਿਆ ਅਤੇ ਕਿਹਾ ਹੈ ਜਿਸ ਦੇ ਵਿਸਥਾਰ ਵਿੱਚ ਜਾਣ ਦੀ ਅਸੀਂ ਕੋਈ ਲੋੜ ਨਹੀਂ ਸਮਝਦੇ। ਇਥੇ ਅਸੀਂ ਇਹ ਕਹਿਕੇ ਕਿ ਸ੍ਰੀ ਭਗਵਾਨ ਜੋਸ਼ ਨੇ ਵੀ ਆਪਣੇ ਇਸ ਆਰਟੀਕਲ ਨਾਲ ਆਪਣਾ ਨਾਂ ਭਗਤ ਸਿੰਘ ਵਿਰੋਧੀ ਉਪਰੋਕਤ ਅਨਸਰਾਂ ਦੀ ਕਤਾਰ ਵਿੱਚ ਸ਼ਾਮਲ/ਦਰਜ ਕਰਵਾ ਲਿਆ ਹੈ, ਅੱਗੇ ਚਲਦੇ ਹਾਂ।
ਭਗਤ ਸਿੰਘ ਅਤੇ ਉਸਦੀ ਲਹਿਰ ਨੂੰ ਗਲਤ ਰੰਗ ਦੇ ਕੇ ਆਪੋ ਆਪਣੇ ਵਿਚਾਰਾਂ ਅਨੁਸਾਰ ਪੇਸ਼ ਕਰਨ ਵਿੱਚ ਹੋਰ ਵੀ ਕਈ ਅਨਸਰ ਸ਼ਾਮਲ ਹਨ। ਕੋਈ ਭਗਤ ਸਿੰਘ ਨੂੰ ਸਿਰਦਾਰ ਕਪੂਰ ਸਿੰਘ ਅਤੇ ਭਾਈ ਰਣਧੀਰ ਸਿੰਘ ਦੇ ਹਵਾਲੇ ਦੇ ਕੇ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੋਈ ਉਸ ਨੂੰ ਹਿੰਦੂ ਬਣਾ ਰਿਹਾ ਹੈ। ਭਗਤ ਸਿੰਘ ਨੂੰ ਹਿੰਦੂ ਬਣਾਉਣ ਵਾਲਿਆਂ ਵਿੱਚ ਆਰਐਸਐਸ, ਬੀਜੇਪੀ ਆਦਿ ਫ਼ਿਰਕੂ ਸੰਸਥਾਵਾਂ ਨਾਲ ਸੰਬੰਧਤ ਵਿਅਕਤੀ ਹਨ। ਕਈ ਪਾਰਟੀਆਂ ਅਤੇ ਜਥੇਬੰਦੀਆਂ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਅਤੇ ਗਲਾਂ ’ਚ ਬਸੰਤੀ ਪਰਨੇ ਪਾ ਕੇ ਭਗਤ ਸਿੰਘ ਦੇ ਅਨੁਯਾਈ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਜਥੇਬੰਦੀਆਂ ਆਪਣਾ ਨਾਂ ‘‘ਨੌਜੁਆਨ ਭਾਰਤ ਸਭਾ’’, ‘‘ਸ਼ਹੀਦ ਭਗਤ ਸਿੰਘ ਨੌਜੁਆਨ ਸਭਾ’’ ‘‘ਸ਼ਹੀਦ ਭਗਤ ਸਿੰਘ ਵਿਚਾਰ ਮੰਚ’’ ਆਦਿ ਰੱਖ ਕੇ ਆਪਣੇ ਆਪ ਨੂੰ ਭਗਤ ਸਿੰਘ ਦੀਆਂ ਵਾਰਸ ਸਾਬਤ ਕਰਨ ਦਾ ਭਰਮ ਪਾਲ ਰਹੀਆਂ ਹਨ। ਕਈ ਹੋਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਓ ‘‘ਭਾਰਤ ਰਤਨ’’ ਦਾ ਐਵਾਰਡ ਦਿਓ ਵਰਗੀਆਂ ਮੰਗਾਂ ਸਰਕਾਰ ਤੋਂ ਕਰਕੇ ਭਗਤ ਸਿੰਘ ਦੇ ਵੱਡੇ ਉਪਾਸ਼ਕ ਬਣਨ ਦੀ ਖਾਹਸ਼ ਰੱਖਦੇ ਹਨ। ਭਗਵੰਤ ਮਾਨ, ਉਸਦੀ ਸਰਕਾਰ ਅਤੇ ਪਾਰਟੀ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਰਕਾਰ ਦਾ ਸਹੁੰ ਚੁੱਕ ਸਮਾਗਮ ਕਰਕੇ, ਉਸਦੀਆਂ ਫੋਟੋਆਂ ਲਾ ਕੇ ਅਤੇ ਬਸੰਤੀ ਪੱਗਾਂ ਬੰਨ੍ਹ ਕੇ ਹੀ ਭਗਤ ਸਿੰਘ ਦੇ ਰਾਹ ਤੇ ਚਲੱਣ ਦਾ ਪਾਖੰਡ ਕਰਦੇ ਹਨ। ਅਸੀਂ ਸਮਝਦੇ ਹਾਂ ਕਿ ਇਹ ਸਾਰਾ ਕੁਝ ਸਿਰਫ਼ ਦਿਖਾਵਾ ਹੈ। ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਅਤੇ ਗਲ ਵਿੱਚ ਇਸ ਰੰਗ ਦੇ ਪਰਨੇ ਪਾ ਕੇ ਅਤੇ ਇਸ ਰੰਗ ਦੇ ਝੰਡੇ ਚੁੱਕਣ ਵਾਲਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਅਤੇ ਦਾਅਵੇ ਨਾਲ ਕਹਿੰਦੇ ਹਾਂ ਕਿ ਭਗਤ ਸਿੰਘ ਨੇ ਆਪਣੇ ਜੀਵਨ ਵਿੱਚ ਕਦੇ ਵੀ ਬਸੰਤੀ ਰੰਗ ਦੀ ਪੱਗ ਨਹੀਂ ਸੀ ਬੰਨ੍ਹੀ। ਉਹ ਹਮੇਸ਼ਾਂ ਚਿੱਟੇ ਰੰਗ ਦੀ ਸਫੇਦ ਪਗੜੀ ਬੰਨ੍ਹਦੇ ਸਨ । ਹਾਂ, ਜਿਵੇਂ ਕਿ ਅਸੀਂ ਪਹਿਲਾਂ ਦਸ ਚੁੱਕੇ ਹਾਂ ਕਿ ਅਕਾਲੀ ਲਹਿਰ ਸਮੇਂ ਜ਼ਰੂਰ ਉੋਸਨੇ ਰੋਸ ਦਾ ਪ੍ਰਗਟਾਵਾ ਕਰਨ ਲਈ ਕਾਲੀ ਪੱਗ ਬੰਨ੍ਹੀ ਸੀ। ਆਪਣੀਆਂ ਜਥੇਬੰਦੀਆਂ ਦੇ ਨਾਂ ਨਾਲ ਭਗਤ ਸਿੰਘ ਦੀ ਜਥੇਬੰਦੀ ‘‘ਨੌਜੁਆਨ ਭਾਰਤ ਸਭਾ ’’ ਰੱਖਣ ਜਾਂ ਸ਼ਹੀਦ ਭਗਤ ਸਿੰਘ ਦਾ ਨਾਂ ਆਪਣੀ ਜਥੇਬੰਦੀ ਦੇ ਨਾਂ ਨਾਲ ਜੋੜਨ ਵਾਲਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਗਿੱਦੜ ਆਪਣਾ ਨਾਂ ਸ਼ੇਰ ਰੱਖ ਲਵੇ ਤਾਂ ਉਹ ਸ਼ੇਰ ਨਹੀਂ ਬਣ ਜਾਂਦਾ। ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਜਾਂ ਉਸਨੂੰ ਭਾਰਤ ਰਤਨ ਵਰਗਾ ਕੋਈ ਖਿਤਾਬ ਦੇਣ ਦੀਆਂ ਮੰਗਾਂ ਕਰਨ ਵਾਲਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਗਤ ਸਿੰਘ ਦੀ ਸ਼ਖਸੀਅਤ ਇਹੋ ਜਿਹੇ ਸਰਕਾਰੀ ਸਰਟੀਫ਼ਿਕੇਟਾਂ ਦੀ ਮੁਹਤਾਜ਼ ਨਹੀਂ ਹੈ। ਭਗਤ ਸਿੰਘ ਨੂੰ ਸਿਰਫ਼ ਸ਼ਹੀਦ ਦਾ ਹੀ ਨਹੀਂ ਬਲਕਿ ‘‘ਸ਼ਹੀਦ-ਏ-ਆਜ਼ਮ’’ ਦਾ ਖਿਤਾਬ ਉਸਦੀ ਸ਼ਹੀਦੀ ਤੋਂ ਤੁਰੰਤ ਬਾਅਦ ਗ਼ਦਰ ਪਾਰਟੀ ਦੇ ਸਿਰਮੌਰ ਆਗੂ ਬਾਬਾ ਸੋਹਣ ਸਿੰਘ ਭਕਨਾ ਨੇ ਪਰਦਾਨ ਕਰ ਦਿੱਤਾ ਸੀ ਅਤੇ ਇਸ ਖਿਤਾਬ ਨੂੰ ਦੇਸ਼ ਦੇ ਸਮੂੰਹ ਕਰੋੜਾਂ ਲੋਕਾਂ ਨੇ ਉਸੇ ਸਮੇਂ ਆਪਣੇ ਦਿਲਾਂ ਵਿੱਚ ਵਸਾ ਲਿਆ ਸੀ। ਇਹ ਅੱਜ ਵੀ ਭਾਰਤ ਦੇ ਡੇੜ੍ਹ ਸੌ ਕਰੋੜ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ਅਤੇ ਰਹਿੰਦੀ ਦੁਨੀਆਂ ਤੱਕ ਵਸਦਾ ਰਹੇਗਾ। ਤੁਸੀਂ ਸਰਕਾਰ ਤੋਂ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੁਆ ਕੇ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ? ਕੀ ਹੁਣ ਉਸਨੂੰ ਜਾਂ ਉਸਦੇ ਪਰਿਵਾਰ ਨੂੰ ਆਜ਼ਾਦੀ ਘੁਲਾਟੀਆਂ ਵਾਲੀ ਪੈਨਸ਼ਨ ਦੁਆਉਣਾ ਚਾਹੁੰਦੇ ਹੋ? ਕੁਝ ਅਕਲ ਨੂੰ ਹੱਥ ਮਾਰੋ! ਤੁਹਾਡੀ ਇਹ ਮੰਗ ਬਹੁਤ ਛੋਟੀ ਅਤੇ ਤੰਗ ਸੋਚ ਦਾ ਪ੍ਰਗਟਾਵਾ ਕਰਦੀ ਹੈ। ਤੁਹਾਨੂੰ ਇਹ ਸਮਝ ਹੀ ਨਹੀਂ ਹੈ ਕਿ ਭਗਤ ਸਿੰਘ ਭਾਰਤ ਦੇ ਇਕੱਲੇ ਇਕੱਲੇ ਵਿਅਕਤੀ ਦੇ ਦਿਲ ਵਿੱਚ ਵਸਦਾ ਹੈ।
ਜਦੋਂ ਭਗਵੰਤ ਮਾਨ ਸਰਕਾਰ ਨੇ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰ ਚੁੱਕੀ ਸੀ, ਭਗਤ ਸਿੰਘ ਦੀ ਸੋਚ ’ਤੇ ਚੱਲਣ ਦਾ ਐਲਾਨ ਕੀਤਾ ਸੀ ਅਤੇ ਭਗਤ ਸਿੰਘ ਦਾ ਨਾਅਰਾ ‘‘ਇਨਕਲਾਬ-ਜ਼ਿੰਦਾਬਾਦ’’ ਲਾਇਆ ਸੀ ਤਾਂ ਅਸੀਂ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਅਤੇ ਪ੍ਰੈਸ ਬਿਆਨ ਰਾਹੀਂ ਦੋ ਬਹੁਤ ਛੋਟੀਆਂ ਛੋਟੀਆਂ ਮੰਗਾਂ ਕੀਤੀਆਂ ਸਨ। ਪਹਿਲੀ ਮੰਗ ਸੀ ਕਿ ਪੰਜਾਬ ਸਰਕਾਰ ਵੱਲੋਂ ਭਗਤ ਸਿੰਘ ਦੀਆਂ ਸਾਰੀਆਂ ਲਿਖਤਾਂ ਇਕੱਠੀਆਂ ਕਰਕੇ ਇੱਕ ਪੁਸਤਕ ਵਿੱਚ ਛਪਵਾ ਦਿੱਤੀਆਂ ਜਾਣ ਤਾਂ ਜੋ ਸਾਰੇ ਲੋਕ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਦਾ ਸ਼ਿਕਾਰ ਹੋਣ ਦੀ ਥਾਂ ਆਪ ਇਸ ਪੁਸਤਕ ਨੂੰ ਪੜ੍ਹ ਕੇ ਭਗਤ ਸਿੰਘ ਦੇ ਵਿਚਾਰਾਂ ਤੋਂ ਜਾਣੂ ਹੋ ਸਕਣ। ਅਸੀਂ ਨਾਲ ਹੀ ਇਹ ਵੀ ਮੰਗ ਕੀਤੀ ਸੀ ਕਿ ਇਸ ਪੁਸਤਕ ਨੂੰ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਸ਼ਾਮਲ ਕਰ ਦਿੱਤਾ ਜਾਵੇ। ਸਾਡੀ ਦੂਸਰੀ ਮੰਗ ਸੀ ਕਿ ਮੁੱਖ ਮੰਤਰੀ ਸਾਹਿਬ! ‘‘ਇਨਕਲਾਬ-ਜ਼ਿੰਦਾਬਾਦ’’ ਦਾ ਨਾਅਰਾ ਭਗਤ ਸਿੰਘ ਦਾ ਪੂਰਾ ਨਹੀਂ, ਅਧੂਰਾ ਹੈ। ਪੂਰਾ ਨਾਅਰਾ ਹੈ, ‘‘ਇਨਕਲਾਬ ਜ਼ਿੰਦਾਬਾਦ! ਸਾਮਰਾਜਵਾਦ ਮੁਰਦਾਬਾਦ!!’’। ਪਰ ਅਫ਼ਸੋਸ ਕਿ ਭਗਵੰਤ ਮਾਨ ਸਰਕਾਰ ਨੇ ਸਾਡੀਆਂ ਇਹ ਦੋ ਛੋਟੀਆਂ ਛੋਟੀਆਂ ਮੰਗਾਂ ਵੀ ਪਰਵਾਨ ਨਹੀਂ ਕੀਤੀਆਂ। ਮੈਂ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਜੀ ਨੂੰ ਵੀ ਆਪਣੀਆਂ ਇਨ੍ਹਾਂ ਦੋਹਾਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਉਨ੍ਹਾਂ ਨੇ ਵੀ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਹੀ ਕਰਾਰ ਦਿੱਤਾ ਸੀ।
ਆਪਣੀ ਇਸ ਮਹੱਤਵਪੂਰਨ ਲਿਖਤ ਨੂੰ ਖ਼ਤਮ ਕਰਨ ਵੱਲ ਵੱਧਣ ਤੋਂ ਪਹਿਲਾਂ ਹੁਣ ਅਸੀਂ ਸਾਡੇ ਵੱਲੋਂ ਲਿਖੀ ਪੁਸਤਕ ‘‘ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪੱਤੀ ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ’’ ਵਿੱਚੋਂ ਭਗਤ ਸਿੰਘ ਦੀ, ਫਾਂਸੀ ਤੋਂ ਪਹਿਲਾਂ ਹੀ ਅਤੇ ਤੁਰੰਤ ਬਾਅਦ ਵਿੱਚ ਦੇਸ਼ ਦੇ ਕੋਨੇ ਕੋਨੇ ਵਿੱਚ ਫ਼ੈਲ ਗਈ ਹਰਮਨ ਪਿਆਰਤਾ ਦਾ ਵਰਣਨ ਕਰਨ ਲਈ ਕੁਝ ਹਵਾਲੇ ਦੇਣੇ ਜ਼ਰੂਰੀ ਅਤੇ ਸਮਾਂ ਅਨੁਕੂਲ ਸਮਝਦੇ ਹਾਂ। ਇਸ ਪੁਸਤਕ ਦੇ ਸਫ਼ਾ 72-73 ਤੇ ਦਰਜ ਹੈ, ‘‘ਜਿਸ ਦਿਨ ਨੌਜੁਆਨਾਂ ਨੇ ਸਾਂਡਰਸ ਨੂੰ ਮਾਰਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ ਲੈਣ ਦਾ ਐਲਾਨ ਕੀਤਾ ਉਸੇ ਦਿਨ ਤੋਂ ਹੀ ਉਹ ਨੌਜੁਆਨ ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਉਤਰ ਗਏ, ਹਾਲਾਂਕਿ ਉਸ ਸਮੇਂ ਲੋਕ ਜਾਣਦੇ ਵੀ ਨਹੀਂ ਸਨ ਇਹ ਨੌਜੁਆਨ ਕੌਣ ਹਨ। ਜਿਸ ਦਿਨ ਅਸੈਂਬਲੀ ਵਿੱਚ ਫੋਕਾ ਬੰਬ ਸੁੱਟ ਕੇ ਇਹ ਨੂਜੁਆਨ ਪਰਗਟ ਹੋਏ, ਇਹ ਲੋਕਾਂ ਦੀਆਂ ਅੱਖਾਂ ਦੇ ਤਾਰੇ ਬਣ ਗਏ। ਜਿਸ ਦਿਨ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਾ ਫ਼ੈਸਲਾ ਹੋਇਆ, ਉਸ ਦਿਨ ਉਹ ਲੋਕਾਂ ਦੇ ਦਿਲਾਂ ਦੇ ਰਾਜੇ ਬਣ ਗਏ ਅਤੇ ਜਿਸ ਦਿਨ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਦਿਨ ਤੋਂ ਉਹ ਲੋਕਾਂ ਦੇ, ਨੌਜੁਆਨਾਂ ਦੇ ਰੋਲ ਮਾਡਲ, ਹੀਰੋ, ਨਾਇਕ ਅਤੇ ਦਿਲਾਂ ਦੀ ਧੜਕਣ ਬਣ ਗਏ ਅਤੇ ਉਨ੍ਹਾਂ ਦਾ ਇਹ ਦਰਜਾ ਪੀੜ੍ਹੀ ਦਰ ਪੀੜ੍ਹੀ ਰਹਿੰਦੀ ਦੁਨੀਆਂ ਤੱਕ ਬਣਿਆ ਰਹੇਗਾ।’’
‘‘ਪੰਡਤ ਜਵਾਹਰ ਲਾਲ ਨਹਿਰੂ ਦੇ ਸ਼ਬਦਾਂ ਵਿੱਚ, ‘‘ਭਗਤ ਸਿੰਘ ਆਪਣੇ ਇੱਕ ਦਹਿਸ਼ਤਵਾਦੀ ਐਕਸ਼ਨ ਕਰਕੇ ਪ੍ਰਸਿੱਧ ਨਹੀਂ ਹੋਇਆ। ਉਹ ਇਸ ਕਰਕੇ ਪ੍ਰਸਿੱਧ ਅਤੇ ਹਰਮਨ ਪਿਆਰਾ ਬਣ ਗਿਆ ਕਿਉਂਕਿ ਦੇਸ਼ ਦੇ ਲੋਕਾਂ ਨੂੰ ਪਰਤੀਤ ਹੋਣਾ ਸ਼ੁਰੂ ਹੋ ਗਿਆ ਸੀ ਕਿ ਭਗਤ ਸਿੰਘ ਰਾਹੀਂ ਸਮੁੱਚੀ ਕੌਮ ਨੇ ਲਾਲਾ ਲਾਜਪਤ ਰਾਇ ਦੀ ਮੌਤ ਦਾ ਬਦਲਾ ਲੈ ਲਿਆ ਹੈ। ਉਹ ਕੌਮੀ ਅਣਖ ਦਾ ਚਿੰਨ੍ਹ ਬਣ ਗਿਆ।’’ ਕੁਝ ਮਹੀਨਿਆਂ ਵਿੱਚ ਹੀ ਭਗਤ ਸਿੰਘ ਅਤੇ ਉਸਦੇ ਸਾਥੀ ਅਤੇ ਉਨ੍ਹਾਂ ਦੇ ਕਾਰਨਾਮੇ ਭਾਰਤ ਦੇ ਪਿੰਡ ਪਿੰਡ ਵਿੱਚ ਗੂੰਜਣ ਲੱਗੇ। -ਸੁਭਾਸ਼ ਚੰਦਰ ਬੋਸ ਨੇ ਕਿਹਾ ‘‘ਭਗਤ ਸਿੰਘ ਦੇਸ਼ ਦੇ ਨੌਜੁਆਨਾਂ ਵਿੱਚ ਨਵੀਂ ਜਾਗਰਿਤੀ ਦਾ ਪ੍ਰਤੀਕ ਬਣ ਗਿਆ ਹੈ।’’ ਨਹਿਰੂ ਨੇ ਮੰਨਿਆ ਕਿ ‘‘ਭਗਤ ਸਿੰਘ ਦੀ ਹਰਮਨ ਪਿਆਰਤਾ ਮਹਾਤਮਾ ਗਾਂਧੀ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਉਸਦੀ ਹਰਮਨ ਪਿਆਰਤਾ ਦੇਸ਼ ਨੂੰ ਇੱਕ ਨਵੀਂ ਰਾਸ਼ਟਰੀ ਜਾਗਰਿਤੀ ਵੱਲ ਲੈ ਕੇ ਜਾ ਰਹੀ ਸੀ।’’ ਨਹਿਰੂ ਨੇ ਹੋਰ ਲਿਖਿਆ, ‘‘ਭਗਤ ਸਿੰਘ ਇੱਕ ਅਜਿਹਾ ਸਾਫ਼ ਸੁਥਰਾ ਲੜਾਕੂ ਸੀ ਜਿਸ ਨੇ ਦੁਸ਼ਮਣ ਨਾਲ ਖੁੱਲ੍ਹੇ ਮੈਦਾਨ ਵਿੱਚ ਮੁਕਾਬਲਾ ਕੀਤਾ। ਉਹ ਇੱਕ ਅਜਿਹੀ ਚੰਗਿਆੜੀ ਵਾਂਗ ਸੀ ਜਿਹੜੀ ਥੋੜ੍ਹੇ ਹੀ ਸਮੇਂ ਵਿੱਚ ਇੱਕ ਭਾਂਬੜ ਬਣ ਗਈ, ਜਿਹੜੀ ਦੇਸ਼ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਚਾਨਣ ਹੀ ਚਾਨਣ ਕਰਦੀ ਗਈ ਅਤੇ ਹਨ੍ਹੇਰਿਆਂ ਨੂੰ ਚੀਰਦੀ ਗਈ।’’ ਭਗਤ ਸਿੰਘ ਦੀ ਫਾਂਸੀ ਤੋਂ ਚਾਰ ਸਾਲ ਬਾਅਦ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਸਰ ਹੋਰੇਸ ਵਿਲੀਅਮਸਨ ਨੇ ਲਿਖਿਆ, ਭਗਤ ਸਿੰਘ ਦੀ ਫੋਟੋ ਦੇਸ਼ ਦੇ ਹਰੇਕ ਸ਼ਹਿਰ, ਕਸਬੇ ਅਤੇ ਪਿੰਡਾਂ ਵਿੱਚ ਵਿਕ ਰਹੀ ਸੀ। ਉਸਦੀ ਪ੍ਰਸਿੱਧੀ ਅਤੇ ਹਰਮਨ ਪਿਆਰਤਾ ਮਹਾਤਮਾ ਗਾਂਧੀ ਨਾਲੋਂ ਵੀ ਉਪਰ ਚੱਲ ਰਹੀ ਸੀ।’’ ਭਗਤ ਸਿੰਘ ਦੇ ਇੱਕ ਸਾਥੀ ਕਾਮਰੇਡ ਧਨਵੰਤਰੀ ਜਿਸ ਉਤੇ ਦਫ਼ਾ 307 ਤਹਿਤ ਵੱਖਰਾ ਮੁਕਦਮਾ ਚੱਲਿਆ, 7 ਸਾਲ ਦੀ ਕੈਦ ਹੋਈ ਪਰ 17 ਸਾਲ ਜੇਲ੍ਹ ਵਿੱਚ ਰਹੇ, ਨੇ ਭਗਤ ਸਿਘੰ ਨੂੰ ਛੁਡਾ ਲੈਣ ਦੀਆਂ ਸਕੀਮਾਂ ਵੀ ਬਣਾਈਆਂ। ਕਾਮਰੇਡ ਧਨਵੰਤਰੀ ਨੇ ਭਗਤ ਸਿੰਘ ਦੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਭਗਤ ਸਿੰਘ ਦੀਆਂ ਸੱਤਰ ਹਜ਼ਾਰ (70,000) ਤੋਂ ਵੱਧ ਫੋਟੋਆਂ ਬਣਵਾਈਆਂ ਅਤੇ ਵੰਡੀਆਂ।
ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਦੇਸ਼ ਵਿੱਚ ਚੱਲ ਰਹੀਆਂ ਆਜ਼ਾਦੀ ਦੀ ਹਰ ਵੰਨਗੀ, ਹਰ ਵਿਚਾਰਧਾਰਾ ਅਤੇ ਹਰ ਸਿਆਸੀ ਸੋਚ ਦੀਆਂ ਲਹਿਰਾਂ ਤਕੜੀਆਂ ਹੋਈਆਂ ਤੇ ਅੱਗੇ ਵਧੀਆਂ। ਉਨ੍ਹਾਂ ਦੀ ਸ਼ਹੀਦੀ ਤੋਂ 16ਵੇਂ ਸਾਲ ਬਾਅਦ ਹੀ ਬਰਤਾਨਵੀ ਸਾਮਰਾਜਵਾਦੀਆਂ ਨੂੰ ਹਿੰਦੁਸਤਾਨ ਵਿੱਚੋਂ ਬੋਰੀਆ ਬਿਸਤਰਾ ਬੰਨ੍ਹ ਕੇ ਜਾਣਾ ਪਿਆ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਭਗਤ ਸਿੰਘ ਦੇ ਵਿਚਾਰਾਂ ਵਾਲੀ ਆਜ਼ਾਦੀ ਅਜੇ ਤੱਕ ਵੀ ਭਾਰਤ ਦੇ ਲੋਕਾਂ ਨੂੰ ਨਸੀਬ ਨਹੀਂ ਹੋਈ।
ਭਗਵਾਨ ਜੋਸ਼ ਦੇ ਚਰਚਾ ਅਧੀਨ ਆਰਟੀਕਲ ਬਾਰੇ ਨੌਜੁਆਨ ਵਿਦਵਾਨ ਸੁਮੇਲ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਇੱਕ ਸੈਮੀਨਾਰ ਕਰਵਾਇਆ ਸੀ ਜਿਸ ਵਿੱਚ ਉਨ੍ਹਾਂ ਤੋਂ ਬਿਨਾਂ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਅਤੇ ਸਾਹਿਤਕਾਰ ਡਾ. ਸਵਰਾਜਬੀਰ, ਇਤਿਹਾਸਕਾਰ ਡਾ. ਸਲਿਲ ਮਿਸ਼ਰਾ ਅਤੇ ਕੁਝ ਹੋਰਨਾਂ ਨੇ ਵਿਚਾਰ ਪੇਸ਼ ਕੀਤੇ। ਡਾਕਟਰ ਸੁਮੇਲ ਸਿੰਘ ਸਿੱਧੂ ਨੇ ਪੰਜਾਬੀ ਚੈਨਲ ਪੀਟੀਸੀ ਨਿਊਜ਼ ਦੇ ‘‘ਦਲੀਲ’’ ਪ੍ਰੋਗਰਾਮ ਵਿੱਚ ਪੱਤਰਕਾਰ ਐਸ ਪੀ ਸਿੰਘ ਨਾਲ ਵੀ ਇਸ ਵਿਸ਼ੇ ਸੰਬੰਧੀ ਹਿੱਸਾ ਲਿਆ। ਇਨ੍ਹਾਂ ਦੋਹਾਂ ਪ੍ਰੋਗਰਾਮਾਂ ਵਿੱਚ ਹੋਰ ਕਈ ਵਿਚਾਰਾਂ ਦੇ ਨਾਲ ਨਾਲ ਸੁਮੇਲ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੀ ਸ਼ਖਸੀਅਤ ਅਜੇ ਵਿਕਸਤ ਹੋ ਰਹੀ ਸੀ ਅਤੇ ਇਸ ਨੂੰ ਸਮਝਣ ਲਈ ਇਸ ਨੂੰ ਇੱਕ ਚੱਲ ਰਹੀ ਪ੍ਰਕਿਰਿਆ ਵਜੋਂ ਦੇਖਣਾ ਚਾਹੀਦਾ ਹੈ। ਇਨ੍ਹਾਂ ਮੌਕਿਆਂ ’ਤੇ ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਵਿੱਚ ਕਮਿਊਨਿਸਟ ਪਾਰਟੀ 1925 ਵਿੱਚ ਹੀ ਸਥਾਪਤ ਹੋ ਚੁੱਕੀ ਸੀ ਅਤੇ ਇਹ ਵੀ ਇੱਕ ਤੱਥ ਹੈ ਕਿ ਭਗਤ ਸਿੰਘ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਸੀ ਬਣਿਆ। ਸੁਮੇਲ ਸਿੰਘ ਸਿੱਧੂ ਦਾ ਇਹ ਕਹਿਣਾ ਸਹੀ ਹੈ ਪਰ ਇਥੇ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਭਗਤ ਸਿੰਘ ਦੀਆਂ ਸਰਗਰਮੀਆਂ ਦੇ ਸਮੇਂ ਵੇਲੇ ਪੰਜਾਬ ਵਿੱਚ ਕਮਿਊਨਿਸਟ ਪਾਰਟੀ ਅਫ਼ ਇੰਡੀਆ ਦਾ ਅਜੇ ਕੋਈ ਜਥੇਬੰਦਕ ਢਾਂਚਾ ਗਠਤ ਨਹੀਂ ਸੀ ਹੋਇਆ। ਉਸ ਸਮੇਂ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ’ਤੇ ਆਧਾਰਤ ਕਿਰਤੀ ਪਾਰਟੀ ਹੀ ਕਮਿਊਨਿਸਟ ਪਾਰਟੀ ਸੀ, ਜਿਸ ਦੇ ਸੋਵੀਅਤ ਯੂਨੀਅਨ ਅਤੇ ਕਮਿਊਨਿਸਟ ਇੰਟਰਨੈਸ਼ਨਲ ਨਾਲ ਭ੍ਰਾਤਰੀ ਸੰਬੰਧ ਸਨ। ਇਸ ਕਿਰਤੀ ਪਾਰਟੀ, ਦੇ ਬੁਲਾਰੇ ਮੈਗਜ਼ੀਨ ‘‘ਕਿਰਤੀ’’ ਅਤੇ ਇਸ ਦੇ ਭਾਈ ਸੰਤੋਖ ਸਿੰਘ ਧਰਦਿਓ ਦੀ ਮੌਤ ਤੋਂ ਬਾਅਦ ਬਣੇ ਸੰਪਾਦਕ ਕਾਮਰੇਡ ਸੋਹਣ ਸਿੰਘ ਜੋਸ਼ ਜੀ ਨਾਲ ਭਗਤ ਸਿੰਘ ਪੂਰੀ ਤਰ੍ਹਾਂ ਸੰਪਰਕ ਵਿੱਚ ਸਨ। ‘‘ਕਿਰਤੀ’’ ਮੈਗਜ਼ੀਨ ਵਿੱਚ ਭਗਤ ਸਿੰਘ ਦੇ ਆਰਟੀਕਲ ‘‘ਵਿਦਰੋਹੀ’’ ਦੇ ਨਾਂ ਹੇਠ ਲਗਾਤਾਰ ਪ੍ਰਕਾਸ਼ਤ ਹੁੰਦੇ ਸਨ। ਕਾਮਰੇਡ ਸੋਹਣ ਸਿੰਘ ਜੋਸ਼ ਜੀ ਦੇ ਦੱਸਣ ਅਨੁਸਾਰ ਸਾਂਡਰਸ ਨੂੰ ਗੋਲ਼ੀ ਮਾਰਨ ਤੋਂ ਬਾਅਦ ਭਗਤ ਸਿੰਘ ਅਤੇ ਸੁਖਦੇਵ ਅੰਮ੍ਰਿਤਸਰ ਪਹੁੰਚੇ ਸਨ ਅਤੇ ਉਥੇ ਉਹ ਇਸਲਾਮਾਬਾਦ ਇਲਾਕੇ ਦੀ ਬਾਰਾਂ ਨੰਬਰ ਗਲੀ ਦੇ ਮਕਾਨ ’ਚ ਸਥਿਤ ਜੋਸ਼ ਜੀ ਨੂੰ ਆ ਕੇ ਮਿਲੇ ਵੀ ਸਨ। ਉਪਰੋਕਤ ਬਿਰਤਾਂਤ ਤੋਂ ਪੂਰੀ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਭਗਤ ਸਿੰਘ ਆਪਣੇ ਜੀਵਨ ਦੌਰਾਨ ਉਸ ਸਮੇਂ ਦੀ ਕਮਿਊਨਿਸਟ ਪਾਰਟੀ ‘‘ਕਿਰਤੀ ਪਾਰਟੀ’’ ਦੇ ਪੂਰੀ ਤਰ੍ਹਾਂ ਸੰਪਰਕ ਵਿੱਚ ਸਨ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਪੰਜਾਬ ਇਕਾਈ ਦਾ ਗਠਨ ਤਾਂ ਮੇਰਠ ਸਾਜ਼ਸ਼ ਕੇਸ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਮੇਰਠ ਜੇਲ੍ਹ ਵਿੱਚ ਹੋਏ ਫ਼ੈਸਲੇ ਨੂੰ ਲਾਗੂ ਕਰਦਿਆਂ ਕਾਮਰੇਡ ਸੋਹਣ ਸਿੰਘ ਜੋਸ਼ ਦੀ ਪਹਿਲ ਕਦਮੀ ਨਾਲ 1 ਮਈ 1934 ਨੂੰ ਜਲ੍ਹਿਆਂਵਾਲਾਬਾਗ਼ ਵਿੱਚ ਹੋਈ ਇੱਕ ਮੀਟਿੰਗ ਵਿੱਚ ਕੀਤਾ ਗਿਆ ਸੀ। ਇਸ ਮੀਟਿੰਗ ਵਿੱਚ 20-25 ਨੌਜੁਆਨ ਇਨਕਲਾਬੀ ਸ਼ਾਮਲ ਸਨ ਜਿਨ੍ਹਾਂ ਵਿੱਚ 18 ਸਾਲਾ ਨੌਜੁਆਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵੀ ਸ਼ਾਮਲ ਸੀ। ਕਾਮਰੇਡ ਸੁਰਜੀਤ ਦੇ ਦੱਸਣ ਅਨੁਸਾਰ ਇਸ ਉਪਰੋਕਤ ਮੀਟਿੰਗ ਵਿੱਚ ਸ਼ਾਮਲ ਸਾਰੇ ਇਨਕਲਾਬੀਆਂ ਨੇ ਕਮਿਊਨਿਸਟ ਪਾਰਟੀ ਦੇ ਮੈਂਬਰ ਬਣਨ ਲਈ ਮੈਂਬਰਸ਼ਿਪ ਫਾਰਮ ਉੱਤੇ ਆਪੋ ਆਪਣੇ ਖ਼ੂਨ ਨਾਲ ਦਸਤਖ਼ਤ ਕੀਤੇ ਸਨ। ਇਸੇ ਮੀਟਿੰਗ ਵਿੱਚ ਹੀ ਸੋਹਣ ਸਿੰਘ ਜੋਸ਼ ਨੂੰ ਸੀਪੀਆਈ ਦੀ ਪੰਜਾਬ ਇਕਾਈ ਦਾ ਸੂਬਾ ਸਕੱਤਰ ਚੁਣ ਲਿਆ ਗਿਆ ਸੀ। ਇਹ ਉਹ ਹਰਕਿਸ਼ਨ ਸਿੰਘ ਸੁਰਜੀਤ ਹੀ ਸੀ ਜਿਸ ਨੇ ਆਪਣੇ ਪਿੰਡ ਬੰਡਾਲਾ (ਜ਼ਿਲ੍ਹਾ ਜਲੰਧਰ) ਵਿੱਚ ਭਗਤ ਸਿੰਘ ਵੱਲੋਂ ਗਠਤ ਜਥੇਬੰਦੀ ‘‘ਨੌਜੁਆਨ ਭਾਰਤ ਸਭਾ’’ ਦਾ ਗਠਨ ਕਰ ਲਿਆ ਸੀ ਅਤੇ ਜਿਸ ਨੇ ਭਗਤ ਸਿੰਘ ਦੀ ਪਹਿਲੀ ਸ਼ਹੀਦੀ ਬਰਸੀ ਵਾਲੇ ਦਿਨ ਹੀ 23 ਮਾਰਚ 1932 ਨੂੰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਉਪਰੋਂ ਵਰ੍ਹਦੀਆਂ ਗੋਲ਼ੀਆਂ ਵਿੱਚ ਬ੍ਰਿਟਿਸ਼ ਸਾਮਰਾਜ ਦਾ ਝੰਡਾ ‘‘ਯੂਨੀਅਨਜੈਕ’’ ਉਤਾਰ ਕੇ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ਇਹ ਕਮਿਊਨਿਸਟ ਹੀ ਸਨ ਜਿਹੜੇ 1947 ਤੋਂ ਪਹਿਲਾਂ ਵੀ, ਬਾਅਦ ਵਿੱਚ ਵੀ ਅਤੇ ਅੱਜ ਤੱਕ ਵੀ ਭਗਤ ਸਿੰਘ ਅਤੇ ਸਾਥੀਆਂ ਦੀਆਂ ਸ਼ਹੀਦੀ ਬਰਸੀਆਂ ਮਨਾਉਂਦੇ ਆ ਰਹੇ ਹਨ। ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਤਾਂ ਇਨ੍ਹਾਂ ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਦਾ ਖਿਆਲ 1967 ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਇਆ ਜਦੋਂ ਪੰਜਾਬ ਅਤੇ 9-10 ਹੋਰ ਪ੍ਰਾਂਤਾਂ ਵਿੱਚੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੀ ਅਜ਼ਾਰੇਦਾਰੀ ਟੁੱਟ ਗਈ।
ਇਸ ਇਤਿਹਾਸਕ ਤੱਥ ਬਾਰੇ ਜਾਣਕਾਰੀ ਰੱਖਣ ਵਾਲੇ ਸਾਰੇ ਲੋਕ ਲੱਗ-ਪੱਗ ਜਾਣਦੇ ਹੀ ਹਨ ਪਰ ਫਿਰ ਵੀ ਅਸੀਂ ਇਥੇ ਮੁੜ ਦੱਸਣਾ ਚਾਹੁੰਦੇ ਹਾਂ ਕਿ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਬਾਕੀ ਸਾਥੀ ਆਪਣੀਆਂ ਲੰਬੀਆਂ ਕੈਦਾਂ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਜੇਲ੍ਹਾਂ ਤੋਂ ਬਾਹਰ ਆ ਕੇ ਲੱਗ ਪੱਗ ਸਾਰੇ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਹਰ ਪ੍ਰਕਾਰ ਦੀਆਂ ਕੁਰਬਾਨੀਆਂ ਕਰਦੇ ਰਹੇ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਕਾਮਰੇਡ ਅਜੇ ਕੁਮਾਰ ਘੋਸ਼, ਪੰਡਿਤ ਕਿਸ਼ੋਰੀ ਲਾਲ, ਕਾਮਰੇਡ ਸ਼ਿਵ ਵਰਮਾ, ਕਾਮਰੇਡ ਧਨਵੰਤਰੀ, ਬਿਜੋਇ ਕੁਮਾਰ ਸਿਨਹਾ, ਜੈ ਦੇਵ ਕਪੂਰ, ਗਯਾ ਪਰਸ਼ਾਦ ਕਟਿਆਰ, ਮਨਮਤ ਨਾਥ ਗੁਪਤਾ, ਯਸ਼ਪਾਲ ਅਤੇ ਹੋਰ ਅਨੇਕ ਇਨਕਲਾਬੀ ਸ਼ਾਮਲ ਸਨ। ਭਗਤ ਸਿੰਘ ਅਤੇ ਸਾਥੀਆਂ ਦੀ ਇਸ ਮਹਾਨ ਲਹਿਰ ਨੇ ਪੰਜਾਬ ਅਤੇ ਸਮੁੱਚੇ ਭਾਰਤ ਵਿੱਚ ਕਮਿਊਨਿਸਟ ਲਹਿਰ ਨੂੰ ਪ੍ਰਫੁੱਲਤ ਕਰਨ ਵਿੱਚ ਇਤਿਹਾਸਕ ਰੋਲ ਅਦਾ ਕੀਤਾ।
ਭਗਤ ਸਿੰਘ ਦੇ ਕਮਿਊਨਿਸਟ ਲਹਿਰ ਨਾਲ ਸੰਬੰਧਾਂ ਅਤੇ ਕਮਿਊਨਿਸਟ ਪਾਰਟੀ ਵੱਲੋਂ ਭਗਤ ਸਿੰਘ ਬਾਰੇ ਵਿਚਾਰਾਂ ਦੀ ਉਪਰੋਕਤ ਚਰਚਾ ਤੋਂ ਬਾਅਦ ਹੁਣ ਅਸੀਂ ਮੁੜ ਭਗਵਾਨ ਜੋਸ਼ ਦੇ ਆਰਟੀਕਲ ਅਤੇ ਵਿਚਾਰਾਂ ਬਾਰੇ ਚਰਚਾ ਕਰਨ ਵੱਲ ਆਉਂਦੇ ਹਾਂ। ਜੋਸ਼ ਜੀ ਖ਼ੁਦ ਅਤੇ ਹੋਰ ਵਿਦਵਾਨ ਜੋਸ਼ ਜੀ ਨੂੰ ਕਮਿਊਨਿਸਟ ਲਹਿਰ ਦਾ ਇਤਿਹਾਸਕਾਰ ਸਮਝਦੇ ਹਨ ਅਤੇ ਪਰਵਾਨ ਕਰਦੇ ਹਨ । ਪਰ ਉਪਰੋਕਤ ਸਾਰੀ ਚਰਚਾ ਤੋਂ ਬਾਅਦ ਮੇਰੇ ਵਿਚਾਰ ਵਿੱਚ ਜੋਸ਼ ਜੀ ਕਮਿਊਨਿਸਟ ਲਹਿਰ ਪੱਖੀ ਨਹੀਂ ਬਲਕਿ ਕਮਿਊਨਿਸਟ-ਵਿਰੋਧੀ ਇਤਿਹਾਸਕਾਰ ਹਨ।
ਕਮਿਊਨਿਸਟ ਲਹਿਰ ਜਾਂ ਕਿਸੇ ਵੀ ਹੋਰ ਲਹਿਰ ਦਾ ਵਿਰੋਧ ਕਰਨ ਲਈ ਮੁੱਖ ਤੌਰ ’ਤੇ ਦੋ ਤਰੀਕੇ ਹੁੰਦੇ ਹਨ। ਪਹਿਲਾ ਇਹ ਕਿ ਸਿੱਧੇ ਅਤੇ ਸਪਸ਼ਟ ਤੌਰ ’ਤੇ ਨੰਗਾ ਚਿੱਟਾ ਵਿਰੋਧ ਕਰਨਾ ਜਿਵੇਂ ਕਿ ਆਰ.ਐਸ.ਐਸ., ਬੀ.ਜੇ.ਪੀ. , ਮੋਦੀ ਅਤੇ ਫ਼ਿਰਕੂ ਸੰਸਥਾਵਾਂ ਕਮਿਊਨਿਸਟ ਲਹਿਰ, ਕਮਿਊਨਿਸਟ ਵਿਚਾਰਧਾਰਾ ਅਤੇ ਕਮਿਊਨਿਸਟ ਪਾਰਟੀਆਂ ਖ਼ਾਸ ਕਰਕੇ ਸੀ.ਪੀ.ਆਈ.(ਐਮ.) ਦਾ ਵਿਰੋਧ ਕਰਦੇ ਹਨ ਕਿ ਇਹ ਦੇਸ਼ ਲਈ ਖ਼ਤਰਨਾਕ ਅਤੇ ਨੁਕਸਾਨਦੇਹ ਹਨ। ਦੂਸਰਾ ਢੰਗ ਇਹ ਹੁੰਦਾ ਹੈ ਕਿ ਆਪਣੇ ਆਪ ਨੂੰ ਉਸ ਲਹਿਰ ਦਾ ਸਮਰਥਕ ਕਰਾਰ ਦਿਓ ਪਰ ਉਸ ਦੀਆਂ ਨੀਤੀਆਂ, ਕਾਰਵਾਈਆਂ, ਇਤਿਹਾਸ, ਆਗੂਆਂ, ਵਰਕਰਾਂ, ਸਮਰਥਕਾਂ ਨੂੰ ਗਲਤ ਕਰਾਰ ਦਿਓ ਅਤੇ ਬਦਨਾਮ ਅਤੇ ਨਿਰਾਸ਼ ਕਰਨ ਲਈ ਯਤਨਸ਼ੀਲ ਹੋਵੋ। ਭਗਵਾਨ ਜੋਸ਼ ਜੀ ਇਸ ਦੂਸਰੇ ਰਾਹ ਦੀ ਵਰਤੋਂ ਕਰਦੇ ਹਨ ਅਤੇ ਖੂਬ ਕਰਦੇ ਹਨ। ਜੋਸ਼ ਜੀ ਆਪਣੀ ਪਹਿਲੀ ਪੁਸਤਕ ਅਤੇ ਬਾਅਦ ਦੀਆਂ ਪੁਸਤਕਾਂ ਵਿੱਚ ਕਮਿਊਨਿਸਟ ਪਾਰਟੀ ਦੀਆਂ ਪ੍ਰਾਪਤੀਆਂ ਦੀ ਗੱਲ ਘੱਟ ਕਰਦੇ ਹਨ ਅਤੇ ਗਲਤੀਆਂ ਕੱਢਣ ਅਤੇ ਆਲੋਚਨਾ ਕਰਨ ’ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਸਭ ਤੋਂ ਪਹਿਲੀ ਅਤੇ ਵੱਡੀ ਗੱਲ ਉਹ ਇਹ ਕਹਿੰਦੇ ਹਨ ਕਿ ਭਾਰਤ ਵਿੱਚ ਕਮਿਊਨਿਸਟ ਲਹਿਰ ਤਾਂ 1947 ਵਿੱਚ ਹੀ ਫੇਲ੍ਹ ਹੋ ਗਈ ਸੀ। ਭਗਵਾਨ ਜੋਸ਼ ਜੀ ਦੇ ਵਿਚਾਰ ਪੰਜਾਬ ਦੀ ਅਤੇ ਭਾਰਤ ਦੀ ਕਮਿਊਨਿਸਟ ਲਹਿਰ ਖ਼ਾਸ ਕਰਕੇ ਸੀ.ਪੀ.ਆਈ.(ਐਮ.) ਪ੍ਰਤੀ, ਇਸ ਦੇ ਆਗੂਆਂ ਅਤੇ ਹੇਠਲੇ ਕਾਰਕੁਨਾਂ ਅਤੇ ਵਰਕਰਾਂ ਪ੍ਰਤੀ ਕਿਤਨੇ ਗਲਤ, ਈਰਖਾ ਅਤੇ ਨਫ਼ਰਤ ਨਾਲ ਭਰੇ ਹੋਏ ਹਨ, ਇਹ ਪੂਰੀ ਤਰ੍ਹਾਂ ਜਾਨਣ ਲਈ ਪਾਠਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਲਿਖਤ ਦੇ ਆਰੰਭ ਵਿੱਚ ਹੀ ਮੇਰੇ ਅਤੇ ਜੋਸ਼ ਜੀ ਵਿਚਕਾਰ ਹੋਏ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਇੱਕ ਵਾਰ ਮੁੜਕੇ ਪੜ੍ਹਨ ਦੀ ਖੇਚਲ ਕਰਨ।
ਉਪਰੋਕਤ ਵਿਚਾਰ ਵਟਾਂਦਰੇ ਦੌਰਾਨ ਹੀ ਅਸੀਂ ਜੋਸ਼ ਜੀ ਤੋਂ ਪੁੱਛਿਆ ਸੀ ਕਿ ਤੁਹਾਡੀ 1980-81 ਵਿੱਚ ਛਪੀ ਪਹਿਲੀ ਪੁਸਤਕ ਵਿੱਚ ਤਾਂ ਤੁਸੀਂ ਭਗਤ ਸਿੰਘ ਦੇ ਹੱਕ ਵਿੱਚ ਬਹੁਤ ਜ਼ੋਰ ਨਾਲ ਲਿਖਿਆ ਸੀ, ਹੁਣ ਇਤਨੇ ਸਾਲਾਂ ਬਾਅਦ ਤੁਹਾਡੇ ਭਗਤ ਸਿੰਘ ਬਾਰੇ ਵਿਚਾਰ ਬਦਲ ਕਿਉਂ ਗਏ? ਉਨ੍ਹਾਂ ਕਿਹਾ ਕਿ ਮੈਂ 1980 ਤੋਂ ਲੈਕੇ 1992 ਤੱਕ ਇਤਿਹਾਸ ਦੀ ਹੋਰ ਡੂੰਘੀ ਖੋਜ ਕੀਤੀ ਤਾਂ ਮੇਰੇ ਵਿਚਾਰ ਬਦਲ ਗਏ। ਉਨ੍ਹਾਂ ਦੱਸਿਆ ਕਿ ਆਪਣੀ ਇਸ ਖੋਜ ਦੌਰਾਨ ਮੇਰੇ ਹੱਥ ਪੁਲਿਸ ਦੀਆਂ ਗੁਪਤ ਫਾਈਲਾਂ ਆਈਆਂ। ਇਨ੍ਹਾਂ ਗੁਪਤ ਫਾਈਲਾਂ ਵਿੱਚ ਕਮਿਊਨਿਸਟ ਪਾਰਟੀ ਦੀਆਂ ਕੇਂਦਰੀ ਕਮੇਟੀ ਤੱਕ ਦੀਆਂ ਮੀਟਿੰਗਾਂ ਦੀਆਂ ਫਾਈਲਾਂ ਵੀ ਸਨ। ਇਥੋਂ ਤੱਕ ਕਿ ਪੈਨਸਲਾਂ ਨਾਲ ਲਿਖੇ ਨੋਟ ਵੀ ਸਨ। ਜੋਸ਼ ਜੀ ਨੇ ਹੋਰ ਅੱਗੇ ਲਿਖਿਆ ਕਿ ‘‘ਮੇਰੀ ਇਸ ਖੋਜ ਤੋਂ ਮੈਨੂੰ ਪਤਾ ਲੱਗਾ ਕਿ ਭਗਤ ਸਿੰਘ ਅਤੇ ਕਮਿਊਨਿਸਟ ਪਾਰਟੀ ਕਿਉਂ ਇੱਕ ਅਜਿਹੀ ਗਲਤ ਰਣਨੀਤੀ (ਸਟੈਰਟਿਜ਼ੀ) ’ਤੇ ਚੱਲ ਰਹੇ ਸਨ ਜਿਹੋ ਜਿਹੀ ਕਿ ਬਸਤੀਵਾਦੀ (ਅੰਗ੍ਰੇਜ਼) ਸਰਕਾਰ ਚਾਹੁੰਦੀ ਸੀ। ਮੇਰਾ ਟ੍ਰਿਬਿਊਨ ਵਿੱਚ ਛਪਿਆ ਆਰਟੀਕਲ ਮੇਰੀ ਇਸ ਬਿਲਕੁਲ ਵੱਖਰੀ ਸਮਝਦਾਰੀ ’ਤੇ ਆਧਾਰਿਤ ਹੈ।
ਮੈਨੂੰ ਅਹਿਸਾਸ ਹੈ ਕਿ ਇਥੇ ਕੁਝ ਕੁ ਤੱਥਾਂ ਦਾ ਆਰਟੀਕਲ ਵਿੱਚ ਦੁਹਰਾਅ ਹੋ ਰਿਹਾ ਹੈ ਪਰ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਇਹ ਦੁਹਰਾਅ ਜ਼ਰੂਰੀ ਹੈ। ਜੋਸ਼ ਜੀ ਨੇ ਮੈਨੂੰ ਇਹ ਵੀ ਲਿਖਿਆ ਕਿ ‘‘ਤੁਸੀਂ ਮੇਰੇ ਤੋਂ ਸਵਾਲ ਨਹੀਂ ਪੁੱਛ ਰਹੇ ਹੋ। ਹੁਣ ਤੁਸੀਂ ਇੱਕ ਗੁਪਤ ਪੁਲਿਸ ਏਜੰਟ ਵਾਂਗ ਸਵਾਲ ਕਰ ਰਹੇ ਹੋ।’’ ਹੋਰ ਵੀ ਕਈ ਸਵਾਲ ਜਵਾਬ ਹੋਏ। ਅਖੀਰ ਵਿੱਚ ਮੈਂ ਜੋਸ਼ ਜੀ ਨੂੰ ਲਿਖਿਆ, ‘‘ਮੇਰਾ ਖਿਆਲ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਉੱਤਰ ਮਿਲ ਗਿਆ ਹੈ। ਹੁਣ ਤੁਹਾਡੀ ਵਾਰੀ ਹੈ। ਹੁਣ ਤੁਸੀਂ ਦੱਸੋ ਕਿ ਪਾਰਟੀ ਦੇ ਸਾਰੇ ਦਸਤਾਵੇਜ਼ ਪੁਲਿਸ ਕੋਲ ਕਿਵੇਂ ਪਹੁੰਚ ਜਾਂਦੇ ਸਨ।’’ ਮੈਂ ਨਾਲ ਹੀ ਹੋਰ ਲਿਖਿਆ ‘‘ਹੁਣ ਤੁਸੀਂ ਵੀ ਮੇਰੇ ਸਵਾਲਾਂ ਦਾ ਈਮਾਨਦਾਰੀ ਨਾਲ ਉੱਤਰ ਦਿਓ ਕਿ ਤੁਹਾਡੇ ਕਹਿਣ ਅਨੁਸਾਰ ਪਾਰਟੀ ਦੇ ਸਾਰੇ ਗੁਪਤ ਦਸਤਾਵੇਜ਼ ਪੁਲਿਸ ਕੋਲ ਕਿਵੇਂ ਪਹੁੰਚ ਜਾਂਦੇ ਸਨ। ਇਸ ਸੰਬੰਧੀ ਤੁਹਾਡੀ 10-12 ਸਾਲ ਦੀ ਮਿਹਨਤ ਨਾਲ ਕੀਤੀ ਖੋਜ ਕੀ ਕਹਿੰਦੀ ਹੈ? ਇਸ ਸਵਾਲ ਦਾ ਵੀ ਜਵਾਬ ਦਿਓ ਕਿ ਭਗਤ ਸਿੰਘ ਬਾਰੇ ਤੁਹਾਡੇ ਬਦਲੇ ਹੋਏ ਵਿਚਾਰ ਪੇਸ਼ ਕਰਨ ਨੂੰ ਤੁਹਾਡੀ ਖੋਜ ਤੋਂ ਬਾਅਦ 36 ਸਾਲ ਦਾ ਲੰਬਾ ਸਮਾਂ ਕਿਉਂ ਲੱਗਾ? ਹੁਣ ਤੁਹਾਡੇ ਵੱਲੋਂ ਮੇਰੇ ਸਵਾਲਾਂ ਦਾ ਉੱਤਰ ਨਾ ਦੇਣ ਲਈ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ।’’ ਜਿਵੇਂ ਕਿ ਉਪਰ ਦੱਸਿਆ ਜਾ ਚੁੱਕਾ ਹੈ, ਜੋਸ਼ ਜੀ ਮੇਰੇ ਉਪਰੋਕਤ ਦੋਹਾਂ ਸਵਾਲਾਂ ਦਾ ਉੱਤਰ ਨਹੀਂ ਦੇ ਸਕੇ।
ਉਨ੍ਹਾਂ ਨੇ ਉੱਤਰ ਇਸ ਲਈ ਨਹੀਂ ਦਿੱਤਾ ਕਿਉਂਕਿ ਜੋਸ਼ ਜੀ ਆਪ ਹੀ ਇਨ੍ਹਾਂ ਦੇ ਉੱਤਰ ’ਚ ਫਸਦੇ ਸਨ। -ਕਿਉਂ ਤੇ ਕਿਵੇਂ, ਮੈਂ ਸਪਸ਼ਟ ਕਰਦਾ ਹਾਂ। ਜੋਸ਼ ਜੀ ਦੀ ਖੋਜ ਅਨੁਸਾਰ ਉਨ੍ਹਾਂ ਦਾ ਇਹ ਵਿਚਾਰ ਬਣ ਗਿਆ ਹੈ ਕਿ ਉਸ ਸਮੇਂ ਦੇ ਕਮਿਊਨਿਸਟ ਲੀਡਰਾਂ ਦੇ ਪੁਲਿਸ ਨਾਲ ਸੰਬੰਧ ਸਨ ਅਤੇ ਉਹ ਆਪ ਹੀ ਆਪਣੀਆਂ ਮੀਟਿੰਗਾਂ ਦੇ ਦਸਤਾਵੇਜ਼ ਪੁਲਿਸ ਤੱਕ ਪਹੁੰਚਾ ਦਿੰਦੇ ਸਨ। ਪਰ ਕਿਉਂਕਿ ਇਹ ਉਨ੍ਹਾਂ ਸਮਿਆਂ ਦੇ ਮਹਾਨ ਕਮਿਊਨਿਸਟ ਆਗੂਆਂ ’ਤੇ ਇਹ ਬਹੁਤ ਵੱਡਾ ਇਲਜ਼ਾਮ ਸੀ, ਇਸ ਲਈ ਉਹ ਇਹ ਇਲਜ਼ਾਮ ਲਿਖਤੀ ਰੂਪ ਵਿੱਚ ਲਾਉਣ ਦੀ ਜ਼ੁਰਅਤ ਨਹੀਂ ਕਰ ਸਕੇ। ਹੁਣ ਮੈਂ ਪਾਠਕਾਂ ਲਈ ਵੀ ਤੇ ਜੋਸ਼ ਲਈ ਵੀ ਇਸ ਬਾਰੇ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਕਮਿਊਨਿਸਟ ਪਾਰਟੀ ਇਸ ਭਾਰਤ ਦੀ ਧਰਤੀ ’ਤੇ 1925 ਵਿੱਚ ਹੋਈ ਸਥਾਪਨਾ ਤੋਂ ਬਾਅਦ 1952 ਤੱਕ ਦੇ ਸਮੇਂ ਵਿੱਚ ਲੰਬਾ ਸਮਾਂ ਲਗਾਤਾਰ ਗ਼ੈਰ-ਕਾਨੂੰਨੀ ਹੀ ਰਹੀ ਹੈ। ਪੁਲਿਸ ਦੇ ਅਧਿਕਾਰੀ ਜਦੋਂ ਬ੍ਰਿਟਿਸ਼ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਕਸਰ ਪਾਰਟੀ ਦਫ਼ਤਰਾਂ ’ਤੇ ਛਾਪੇ ਮਾਰਦੇ ਸਨ, ਕਮਿਊਨਿਸਟ ਆਗੂਆਂ ਨੂੰ ਗ੍ਰਿਫ਼ਤਾਰ ਕਰ ਲੈਂਦੇ ਸਨ ਅਤੇ ਦਫ਼ਤਰਾਂ ਵਿੱਚੋਂ ਸਾਰਾ ਹੀ ਰਿਕਾਰਡ ਚੁੱਕ ਕੇ ਲੈ ਜਾਂਦੇ ਸਨ। ਕਾਮਰੇਡਾਂ ਦੇ ਘਰਾਂ ਵਿੱਚ ਵੀ ਛਾਪੇ ਮਾਰੇ ਜਾਂਦੇ ਸਨ ਅਤੇ ਘਰਾਂ ਵਿੱਚੋਂ ਵੀ ਸਾਰੇ ਦਸਤਾਵੇਜ਼ ਲੈ ਜਾਂਦੇ ਸਨ। ਜੋਸ਼ ਜੀ ਇਹ ਹੈ ਤੁਹਾਡੇ ਸਵਾਲ ਦਾ ਉੱਤਰ ਕਿ ਇਸ ਤਰ੍ਹਾਂ ਸਾਰਾ ਰਿਕਾਰਡ ਪੁਲਿਸ ਕੋਲ ਪਹੁੰਚ ਜਾਂਦਾ ਹੈ। ਸਾਡੇ ਇਸ ਉੱਤਰ ਨੂੰ ਵੀ ਤੁਸੀਂ ਆਪਣੀ ਖੋਜ ਦੇ ਤੱਥਾਂ ਵਿੱਚ ਜੋੜ ਲਓ!
ਸਾਡਾ ਇਸ ਤੋਂ ਅਗਲਾ ਸਵਾਲ ਜਿਸ ਦਾ ਤੁਸੀਂ ਉੱਤਰ ਨਹੀਂ ਦਿੱਤਾ ਕਿ ਤੁਹਾਨੂੰ ਭਗਤ ਸਿੰਘ ਬਾਰੇ ਆਪਣੇ ਬਦਲੇ ਹੋਏ ਵਿਚਾਰ ਪੇਸ਼ ਕਰਨ ਲਈ 36 ਸਾਲ ਲੰਬਾ ਸਮਾਂ ਕਿਉਂ ਲੱਗ ਗਿਆ, ਜ਼ਿਆਦਾ ਗੰਭੀਰ ਹੈ। ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਤੁਹਾਡੀ ਪੁਸਤਕ ਦੀਆਂ ਤਿੰਨ ਐਡੀਸ਼ਨਾਂ ਛਪ ਚੁੱਕੀਆਂ ਹਨ। ਆਖਰੀ ਐਡੀਸ਼ਨ 2020-22 ਵਿੱਚ ਛਪੀ ਸੀ। ਪਰ ਇਸ ਐਡੀਸ਼ਨ ਵਿੱਚ ਵੀ ਤੁਹਾਡੇ ਵਿਚਾਰ ਭਗਤ ਸਿੰਘ ਬਾਰੇ ਬਦਲੇ ਨਹੀਂ ਸਨ। ਪਰ ਹੁਣ ਇੱਕ ਦਮ ਅਚਾਨਕ ਕੀ ਹੋ ਗਿਆ ਕਿ ਤੁਸੀਂ ਭਗਤ ਸਿੰਘ ਅਤੇ ਉਸ ਸਮੇਂ ਦੇ ਕਮਿਊਨਿਸਟ ਆਗੂਆਂ ਨੂੰ ਬ੍ਰਿਟਿਸ਼ ਹਕੂਮਤ ਦੇ ਟਰੈਪ (ਚੁੰਗਲ ਜਾਂ ਜਾਲ) ਵਿੱਚ ਫਸੇ ਹੋਏ ਕਰਾਰ ਦੇ ਰਹੇ ਹੋ।
ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਮਿਊਨਿਸਟ ਆਗੂਆਂ ਅਤੇ ਭਗਤ ਸਿੰਘ ਬਾਰੇ ਤੁਹਾਡੇ ਵਿਚਾਰ ਬ੍ਰਿਟਿਸ਼ ਪੁਲਿਸ ਦੀਆਂ ਗੁਪਤ ਫਾਈਲਾਂ ਦੀ ਸਟੱਡੀ ਕਰਨ (ਪੜ੍ਹਨ) ਤੋਂ ਬਾਅਦ ਬਦਲੇ ਹਨ। ਇਥੇ ਮੈਂ ਤੁਹਾਨੂੰ ਇਹ ਦੱਸਣਾ ਹੈ ਅਤੇ ਜੇ ਤੁਸੀਂ ਪਹਿਲਾਂ ਹੀ ਜਾਣਦੇ ਹੋ ਤਾਂ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਬਰਤਾਨਵੀ ਬਸਤੀਵਾਦੀਆਂ ਦੀਆਂ ਅਨੇਕ ਫਾਈਲਾਂ ਵਿੱਚ ਤਾਂ ਇਨਕਲਾਬੀ ਸੁਤੰਤਰਤਾ ਸੰਗਰਾਮੀਆਂ ਨੂੰ ਚੋਰ, ਡਾਕੂ, ਕਾਤਲ, ਸਿਰ ਫਿਰੇ ਪਾਗਲ, ਜਨੂੰਨੀ, ਸ਼ਰਾਬੀ, ਮੂਰਖ, ਜਾਹਲ, ਗ਼ਦਾਰ, ਦੇਸ਼ ਧਰੋਹੀ, ਵਿਦੇਸ਼ੀ ਏਜੰਟ, ਪੇਡ ਏਜੰਟ, ਸਰਕਾਰੀ ਖਜ਼ਾਨੇ ਦੇ ਚੋਰ, ਅਪਰਾਧੀ, ਅੱਤਵਾਦੀ, ਅਨਾਰਕਿਸਟ, ਗੁੰਡੇ, ਬਦਮਾਸ਼, ਅਧਰਮੀ, ਗੁੰਮਰਾਹ ਹੋਏ ਆਦਿ ਪਤਾ ਨਹੀਂ ਹੋਰ ਕੀ ਕੀ ਕਹਿ ਕੇ ਬਦਨਾਮ ਕੀਤਾ ਜਾਂਦਾ ਸੀ। ਪਰ ਤੁਸੀਂ ਇਨ੍ਹਾਂ ਹੀ ਗੁਪਤ ਫਾਈਲਾਂ ਦੇ ਆਧਾਰ ’ਤੇ ਗ਼ਦਰ ਪਾਰਟੀ , ਕਮਿਊਨਿਸਟ ਪਾਰਟੀ, ਭਗਤ ਸਿੰਘ ਅਤੇ ਹੋਰ ਯੋਧਿਆਂ ਨੂੰ ਅੰਗਰੇਜ਼ ਹਕੂਮਤ ਦੇ ਟਰੈਪ ਵਿੱਚ ਫਸੇ ਹੋਏ ਸਾਬਤ ਕਰਨ ਵਿੱਚ ਲੱਗੇ ਹੋਏ ਹੋ। ਤੁਹਾਡੇ ਵਿਚਾਰਾਂ ਵਿੱਚ ਆਈ ਅਚਾਨਕ ਤਬਦੀਲੀ ਨੇ ਤੁਹਾਡੇ ਵਿਚਾਰਾਂ ਬਾਰੇ ਅਨੇਕ ਸ਼ੰਕੇ ਖੜ੍ਹੇ ਕਰ ਦਿੱਤੇ ਹਨ।
ਅੱਜ ਦੇਸ਼ ਅਤੇ ਦੁਨੀਆਂ ਦਾ ਮਾਹੌਲ ਵੀ ਇਤਨਾ ਗੁੰਝਲਦਾਰ ਬਣਿਆ ਹੋਇਆ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਤਨੀਆਂ ਅਤੇ ਕਿਹੜੀਆਂ ਦੇਸੀ ਵਿਦੇਸ਼ੀ ਤਾਕਤਾਂ/ਏਜੰਸੀਆਂ ਕਿੱਥੇ ਕਿੱਥੇ ਕੀ ਕੀ ਕਰ ਰਹੀਆਂ ਹਨ। ਭਾਰਤ ਦਾ ਮਾਹੌਲ ਵੀ ਅਜਿਹਾ ਬਣ ਚੁੱਕਾ ਹੈ ਅਤੇ ਹੋਰ ਬਣ ਰਿਹਾ ਹੈ ਕਿ ਸਾਰਾ ਮੀਡੀਆ ਗੋਦੀ ਮੀਡੀਆ ਬਣ ਚੁੱਕਾ ਹੈ। ਪੱਤਰਕਾਰ, ਲੇਖਕ, ਵਿਦਵਾਨ, ਇਤਿਹਾਸਕਾਰ ਵੱਡੀ ਗਿਣਤੀ ‘‘ਗੋਦੀ’’ ਬਣ ਗਏ ਹਨ ਅਤੇ ਬਣ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 658 ’ਤੇ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਦੇ ਕਥਨ, ‘‘ਕੋਈ ਹਰਿਆ ਬੂਟੁ ਰਹਿਓ ਰੀ॥ ਰਹਾਉ॥’’ ਵਾਲੀ ਸਥਿਤੀ ਬਣੀ ਹੋਈ ਹੈ।
… … ਅਤੇ ਜਾਂਦੇ ਜਾਂਦੇ ਅਸੀਂ ਜੋਸ਼ ਜੀ ਨੂੰ ਇਕ ਹੋਰ ਸਵਾਲ ਵੀ ਪੁੱਛਣਾ ਚਾਹੁੰਦੇ ਹਾਂ। ਭਗਤ ਸਿੰਘ ਨੇ ਕਦੇ ਵੀ ਦਾਅਵਾ ਨਹੀਂ ਸੀ ਕੀਤਾ ਕਿ ਉਹ ਮਾਰਕਸਵਾਦੀ ਚਿੰਤਕ ਹੈ। ਭਗਤ ਸਿੰਘ ਦੇ ਕਿਸੇ ਵੱਡੇ ਤੋਂ ਵੱਡੇ ਕਿਸੇ ਪ੍ਰਸ਼ੰਸਕ ਵਿਦਵਾਨ, ਇਤਿਹਾਸਕਾਰ, ਲੇਖਕ ਜਾਂ ਕਮਿਊਨਿਸਟ ਆਗੂ ਨੇ ਵੀ ਕਦੇ ਅਜਿਹਾ ਦਾਅਵਾ ਪੇਸ਼ ਨਹੀਂ ਕੀਤਾ। ਹਰ ਕਿਸੇ ਨੇ ਸਿਰਫ਼ ਇਹ ਹੀ ਕਿਹਾ ਅਤੇ ਲਿਖਿਆ ਹੈ ਭਗਤ ਸਿੰਘ ਮਾਰਕਸਵਾਦ ਨੂੰ ਪੜ੍ਹਕੇ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਚੁੱਕਾ ਸੀ। ਵੱਧ ਤੋਂ ਵੱਧ ਉਸ ਬਾਰੇ ਇਹ ਹੀ ਕਿਹਾ ਗਿਆ ਹੈ ਕਿ ਮਾਰਕਸਵਾਦੀ ਬਣਨ ਦੀ ਪ੍ਰਕਿਰਿਆ ਵਿੱਚ ਦੀ ਲੰਘ ਰਿਹਾ ਸੀ ਅਤੇ ਇੱਕ ਮਾਰਕਸਵਾਦੀ ਦੇ ਤੌਰ ’ਤੇ ਵਿਕਸਤ ਹੋ ਰਿਹਾ ਸੀ। ਜੋਸ਼ ਜੀ ਜਦੋਂ ਕਿਸੇ ਨੇ ਕਿਹਾ ਹੀ ਨਹੀਂ ਅਤੇ ਕਿਸੇ ਨੇ ਦਾਅਵਾ ਹੀ ਨਹੀਂ ਕੀਤਾ ਕਿ ਭਗਤ ਸਿੰਘ ਕੋਈ ਮਾਰਕਸਵਾਦੀ ਚਿੰਤਕ ਸੀ ਤਾਂ ਫਿਰ ਤੁਹਾਨੂੰ ਇਹ ਲਿਖਣ ਦੀ ਜਾਂ ਇਹ ਸਫਾਈ ਦੇਣ ਦੀ ਕੀ ਲੋੜ ਪੈ ਗਈ ਹੈ ਕਿ ‘‘ਭਗਤ ਸਿੰਘ ਮਾਰਕਸਵਾਦੀ ਚਿੰਤਕ ਕਿਉਂ ਨਹੀਂ ਸੀ’’। ਤੁਹਾਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਇਹ ਆਰਟੀਕਲ ਲਿਖਣ ਦੀ ਕੀ ਲੋੜ ਸੀ।
ਪਿਆਰੇ ਜੋਸ਼ ਜੀ! ਭਗਤ ਸਿੰਘ ਦਾ ਆਭਾ ਮੰਡਲ ਸੰਸਾਰ ਭਰ ਵਿੱਚ ਚਾਨਣ ਵੰਡ ਰਿਹਾ ਹੈ। ਭਗਤ ਸਿੰਘ ਭਾਰਤ ਦੇ ਡੇਢ ਸੌ ਕਰੋੜ ਦੇ ਲੱਗ ਪੱਗ ਹੋ ਚੁੱਕੇ ਭਾਰਤੀਆਂ ਦੇ ਦਿਲਾਂ ਵਿੱਚ ਵਸਦਾ ਹੈ। ਉਨ੍ਹਾਂ ਦੇ ਦਿਲਾਂ ਦੀ ਧੜਕਣ ਹੈ। ਭਗਤ ਸਿੰਘ ਦਾ ਨਾਂ ਸੰਸਾਰ ਭਰ ਵਿੱਚ ਸੂਰਜ ਤੇ ਚੰਦਰਮਾਂ ਵਾਂਗ ਚਮਕ ਰਿਹਾ ਹੈ। ਨੌਜੁਆਨ ਲਗਾਤਾਰ ਨਾਅਰੇ ਲਾਉਂਦੇ ਆ ਰਹੇ ਹਨ ਕਿ ‘‘ਜਬ ਤੱਕ ਸੂਰਜ ਚਾਂਦ ਰਹੇਗਾ-ਭਗਤ ਸਿੰਘ ਤੇਰਾ ਨਾਮ ਰਹੇਗਾ।’’ ਅਤੇ ਇਹ ਨਾਮ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ ਅਤੇ ਇਸ ਦੀ ਚਮਕ ਹੋਰ ਤੋਂ ਹੋਰ… … ਹੋਰ ਤੋਂ ਹੋਰ ਵੱਧਦੀ ਜਾਏਗੀ। ਭਗਤ ਸਿੰਘ ਦਾ ਆਭਾ ਮੰਡਲ ਤੁਹਾਡੇ ਜਾਂ ਤੁਹਾਡੇ ਵਰਗੇ ਕਿਸੇ ਹੋਰ ਜਾਂ ਕਿਸੇ ਸਰਕਾਰ ਜਾਂ ਕਿਸੇ ਦੇ ਵੀ ਸਰਟੀਫ਼ਿਕੇਟ ਦਾ ਮੁਥਾਜ਼ ਨਹੀਂ ਹੈ।
-ਲਹਿੰਬਰ ਸਿੰਘ ਤੱਗੜ
![]()