‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਸੱਚ
ਸੁਖਵਿੰਦਰ ਸਿੰਘ ਸੇਖੋਂ

ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਨਾਮ ਦੀ ਇੱਕ ਮੁਹਿੰਮ 1 ਮਾਰਚ 2025 ਤੋਂ ਆਰੰਭੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਮੁਹਿੰਮ ਲਗਾਤਾਰ ਦਿਨ ਰਾਤ 3 ਮਹੀਨੇ ਚੱਲੇਗੀ ਅਤੇ ਤਿੰਨ ਮਹੀਨਿਆਂ ਅੰਦਰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਇਸ ਮੁਹਿੰਮ ਦੀ ਨਿਗਰਾਨੀ ਪੰਜਾਬ ਸਰਕਾਰ ਦੇ 5 ਕੈਬਨਿਟ ਮੰਤਰੀਆਂ ’ਤੇ ਅਧਾਰਿਤ ਕਮੇਟੀ ਕਰ ਰਹੀ ਹੈ। 12 ਮਾਰਚ 2025 ਨੂੰ ਇਸ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਇੱਕ ਪਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਹੈ ਕਿ ਇਹ ਮੁਹਿੰਮ ਸਫਲਤਾ ਪੂਰਵਕ ਚੱਲ ਰਹੀ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਨੇ ਵੀ 17 ਮਾਰਚ ਨੂੰ ਇੱਕ ਪੈ੍ਰਸ ਕਾਨਫਰੰਸ ਰਾਹੀਂ ਜਾਣੂ ਕਰਵਾਇਆ ਹੈ ਕਿ ਇਸ ਮੁਹਿੰਮ ਰਾਹੀਂ ਹੁਣ ਤੱਕ 95 ਕਿਲੋ ਹੈਰੋਇਨ, 52 ਕਿਲੋ ਅਫੀਮ, 1129 ਕਿਲੋ ਭੁੱਕੀ, 7.25 ਲੱਖ ਨਸ਼ੀਲੀਆਂ ਗੋਲੀਆਂ ਆਦਿ ਜ਼ਬਤ ਕੀਤੀਆਂ ਗਈਆਂ ਹਨ। ਨਸ਼ਾ ਤਸਕਰਾਂ ਵਿਰੁੱਧ 1651 ਐਫਆਈਆਰਾਂ ਦਰਜ ਕੀਤੀਆਂ ਗਈਆਂ ਹਨ । 2575 ਨਸ਼ਾ ਤਸਕਰ ਗ੍ਰਿਫ਼ਤਾਰ ਕਰਨ ਬਾਰੇ ਵੀ ਦੱਸਿਆ ਗਿਆ ਹੈ ਅਤੇ 26 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਢਾਹ ਦਿੱਤੀਆਂ ਗਈਆਂ ਹਨ ਕਿਉਂਕਿ ਨਸ਼ਾਂ ਤਸਕਰਾਂ ਨੇ ਨਸ਼ਾ ਵੇਚਣ ਦੇ ਗੈਰ ਕਾਨੂੰਨੀ ਧੰਦੇ ਅਤੇ ਤਸਕਰੀ ਰਾਹੀਂ ਮੋਟਾ ਪੈਸਾ ਇਕੱਠਾ ਕੀਤਾ ਸੀ।
ਪੰਜਾਬ ਸਰਕਾਰ ਇਸ ਵੇਲੇ ਪੰਜਾਬ ਅਤੇ ਦੇਸ਼ ਦੇ ਲੋਕਾਂ ਸਾਹਮਣੇ ਇਹ ਪ੍ਰਭਾਵ ਦੇ ਰਹੀ ਹੈ ਕਿ ਪੰਜਾਬ ਸਰਕਾਰ ਇਸ ਮੁਹਿੰਮ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ’ਚ ਸਫਲ ਹੋਣ ਜਾ ਰਹੀ ਹੈ। ਹਰ ਪੰਜਾਬ ਵਾਸੀ ਦੀ ਦਿਲੀ-ਖਾਹਿਸ਼ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ। ਪੰਜਾਬ ਅੰਦਰ ਨਸ਼ੇ ਦੀ ਭਿਅੰਕਰਤਾ ਅਤੇ ਤ੍ਰਾਸਦੀ ਮੂੰਹ ਬੋਲਦੀ ਤਸਵੀਰ ਹੈ।
ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਨਸ਼ੇ ਦੀ ਆਦਤ ਵਿੱਚ ਫਸ ਚੁੱਕੇ ਹਨ। ਹਰ ਰੋਜ਼ ਨਸ਼ਿਆਂ ਕਾਰਣ ਹੋ ਰਹੀਆਂ ਮੌਤਾਂ ਪੰਜਾਬ ਨੂੰ ਸ਼ਰਮਸਾਰ ਅਤੇ ਬਰਬਾਦ ਕਰ ਰਹੀਆਂ ਹਨ। ਪੰਜਾਬ ਦੀ ਪਛਾਣ ‘ਉੜਤਾ ਪੰਜਾਬ’ ਨਾਲ ਹੋ ਰਹੀ ਹੈ। ਹੁਣ ਤਾਂ ਨੌਜਵਾਨ ਲੜਕੀਆਂ ਦੇ ਨਸ਼ੇ ਦੀ ਆਦਤ ’ਚ ਫਸਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਸ ਗੰਭੀਰ ਸਥਿਤੀ ’ਚ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਕੋਈ ਵੀ ਗੰਭੀਰ ਅਤੇ ਹਕੀਕੀ ਯਤਨ ਕੀਤਾ ਜਾਂਦਾ ਹੈ, ਉਸ ਦਾ ਸਵਾਗਤ ਕਰਨਾ ਬਣਦਾ ਹੈ।
ਪਰ ਹੁਣ ਤੱਕ ਦੇ ਪਹਿਲੇ ਫੈਸਲਿਆਂ ਦੇ ਅਮਲਾਂ ਦਾ ਕੌੜਾ ਤਜਰਬਾ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਨਸ਼ੇ ਦਾ ਕਾਰੋਬਾਰ ਸਰਕਾਰੀ ਸਰਪਰਸਤੀ ਹੇਠ ਪਲਦਾ ਰਿਹਾ ਹੈ। 2017 ਵਿੱਚ, ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ 4 ਹਫਤਿਆਂ ’ਚ ਨਸ਼ਾ ਖਤਮ ਕਰਨ ਦਾ ਜੋ ਐਲਾਨ ਕੀਤਾ ਸੀ, ਉਹ ਲੋਕਾਂ ਨਾਲ ਇੱਕ ਧੋਖਾ ਅਤੇ ਮਜ਼ਾਕ ਸਾਬਤ ਹੋਇਆ ਹੈ। ਅੱਜ ਤੋਂ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੋ ਮੌਜੂਦਾ ਮੁੱਖ ਮੰਤਰੀ ਹਨ, ਨੇ ਵੀ ਰਵਾਇਤੀ ਭਾਜਪਾ ਅਤੇ ਕਾਂਗਰਸ ਦੇ ਨੇਤਾਵਾਂ ਉੱਪਰ ਤਿੱਖੇ ਤਨਜ਼ ਕੱਸਦੇ ਹੋਏ ਐਲਾਨ ਕੀਤਾ ਸੀ ਕਿ ਸਰਕਾਰ ਦੇ ਬਣਨ ਸਾਰ ਹੀ ਪੰਜਾਬ ਵਿੱਚੋਂ ਨਸ਼ੇ ਦੇ ਧੰਦੇ ਉਪਰ ਲਗਾਮ ਕਸ ਦਿੱਤੀ ਜਾਵੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਜਾਵੇਗਾ । ਪਰ ਹੁਣ ਤੱਕ ਤਿੰਨ ਸਾਲ ਦਾ ਸਮਾਂ ਗੁਜਰ ਗਿਆ ਹੈ, ਪੰਜਾਬ ਅੰਦਰ ਪਹਿਲਾਂ ਦੀ ਤਰ੍ਹਾਂ ਨੌਜਵਾਨ ਨਸ਼ੇ ਦਾ ਸ਼ਿਕਾਰ ਹਨ ਅਤੇ ਉਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਹਨ। ਨਸ਼ੇ ਦਾ ਵਪਾਰ ਪਹਿਲਾਂ ਦੀ ਤਰ੍ਹਾਂ ਜਾਰੀ ਹੈ, ਬਲਕਿ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਸਰਕਾਰ ਬਣਨ ਤੋਂ ਲੈ ਕੇ ਹਣ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਨੂੰ ‘ਨਸ਼ਾ ਮੁਕਤ ਕਰਨ’ ਲਈ ਕੋਈ ਸਾਰਥਿਕ ਯਤਨ ਨਹੀਂ ਕੀਤਾ ਬਲਕਿ ਹੁਣ ਤੱਕ ਇਸ ਸਰਕਾਰ ਦਾ ਪ੍ਰਭਾਵ ਇਹ ਹੀ ਬਣਿਆ ਹੋਇਆ ਹੈ ਕਿ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਡਰੱਗ ਮਾਫੀਆਂ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੀਆਂ ਸੰਸਥਾਵਾਂ, ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਵਿਚਕਾਰ ਬਣੇ ਗੱਠਜੋੜ ਸਾਹਮਣੇ ਬੇਬੱਸ ਹੈ।
ਸਰਕਾਰ ਦੇ ਬਣਨ ਤੋਂ ਤਿੰਨ ਸਾਲ ਬਾਅਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਜੋ ਸਰਕਾਰ ਨੇ ਹੁਣ ਐਲਾਨੀ ਹੈ, ਉਸ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਵੇਖ ਰਹੇ ਹਨ। ਲੋਕਾਂ ਵਿੱਚ ਇਹ ਪ੍ਰਭਾਵ ਭਾਰੂ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਹੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਹਾਰ ਤੋਂ ਬਾਅਦ ਖਾਸ ਤੌਰ ’ਤੇ ਆਮ ਆਦਮੀ ਪਾਰਟੀ ਦੇ ਰਾਜਨੀਤਕ ਭਵਿੱਖ ਬਾਰੇ ਜੋ ਲੋਕਾਂ ਵਿੱਚ ਧਾਰਨਾ ਬਣ ਰਹੀ ਹੈ, ਉਸ ਤੋਂ ਧਿਆਾਨ ਲਾਂਭੇ ਕਰਨ ਵਾਸਤੇ ਹੀ ਇਸ ਮੁਹਿੰਮ ਨੂੰ ਆਰੰਭਿਆ ਗਿਆ ਹੈ। ਇਸ ਮੁਹਿੰਮ ਦਾ ਹਸ਼ਰ ਵੀ ਪਹਿਲੀਆਂ ਮੁਹਿੰਮਾਂ, ਐਲਾਨਾਂ ਵਾਲਾ ਹੀ ਹੋਣ ਦੀ ਸੰਭਾਵਨਾ ਹੈ।
ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਬਹੁਤ ਹੀ ਵੱਡੀ ਅਤੇ ਗੁੰਝਲਦਾਰ ਹੈ। ਇਸ ਪਿੱਛੇ ਬਹੁਤ ਸਾਰੇ ਕਾਰਣ ਹਨ। ਸਾਰੇ ਪੱਖਾਂ ਤੋਂ ਠੋਸ ਕਾਰਵਾਈ ਕਰਨ ਨਾਲ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ। ਕੇਵਲ ਪ੍ਰਸ਼ਾਸਕੀ ਕਦਮਾਂ ਨਾਲ ਇਸ ਸਮੱਸਿਆ ਉਪਰ ਕਾਬੂ ਨਹੀਂ ਪਾਇਆ ਜਾ ਸਕਦਾ ।
ਪੰਜਾਬ ਦੀ ਭੂਗੋਲਿਕ ਸਥਿਤੀ ਨਸ਼ੀਲੇ ਪਦਾਰਥਾਂ ਦੀ ਪੈਦਾਵਾਰ ਕਰਨ ਵਾਲੇ ਸੁਨਹਿਰੀ ਅਰਧ ਚਮਕਦਾਰ ਖੇਤਰ (7olden 3rescent 1rea) ਪਾਕਿਸਤਾਨ, ਅਫਗਾਨਿਸਤਾਨ, ਇਰਾਨ ਦੇ ਨੇੜੇ ਸਥਿਤ ਹੈ। ਇਸ ਖੇਤਰ ਤੋਂ ਵੀ ਗੈਰ ਕਾਨੂੰਨੀ ਢੰਗ ਨਾਲ ਪੰਜਾਬ ’ਚ ਨਸ਼ਾ ਆਉਂਦਾ ਹੈ ਅਤੇ ਪੰਜਾਬ ਦੇ ਰਸਤੇ ਬਾਕੀ ਰਾਜਾਂ ਅਤੇ ਦੇਸ਼ਾਂ ਵਿੱਚ ਵੀ ਜਾਂਦਾ ਹੈ। ਇਸੇ ਤਰ੍ਹਾਂ ਹੀ ਅਜਿਹੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਸੁਨਹਿਰੀ ਤਿਕੋਣ ਖੇਤਰ (7oldent “riangle) ਥਾਈਲੈਂਡ, ਮਿਆਂਮਾਰ, ਲਾਉਸ, ਵੀਅਤਨਾਮ ਤੋਂ ਭਾਰਤ ਅੰਦਰ ਖਾਸ ਤੌਰ ’ਤੇ ਗੁਜਰਾਤ ਰਾਹੀਂ ਹੁੰਦੀ ਹੈ। ਜੇ ਇੱਕ ਖੇਤਰ ਦੀ ਸਪਲਾਈ ਰੁਕਦੀ ਹੈ ਤਾਂ ਨਸ਼ਾ ਤਸਕਰ ਦੂਜੇ ਖੇਤਰ ਰਾਹੀਂ ਸਪਲਾਈ ਕਰਦੇ ਹਨ। ਇਸ ਸਪਲਾਈ ਨੂੰ ਤੋੜਨ, ਖਤਮ ਕਰਨ ਨਾਲ ਹੀ ਨਸ਼ਿਆਾਂ ਉੱਪਰ ਕਾਬੂ ਪਾਉਣ ’ਚ ਮੱਦਦ ਮਿਲੇਗੀ। ਇਸ ਕੰਮ ਲਈ ਪੰਜਾਬ ਸਰਕਾਰ ਨੂੰ ਦੂਜੇ ਰਾਜਾਂ ਅਤੇ ਖਾਸ ਤੌਰ ’ਤੇ ਕੇਂਦਰੀ ਏਜੰਸੀਆਂ, ਕੇਂਦਰੀ ਬਲਾਂ, ਕੇਂਦਰੀ ਅਧਿਕਾਰੀਆਂ ਨਾਲ ਤਾਲ-ਮੇਲ ਬਿਠਾ ਕੇ ਕੰਮ ਕਰਨ ਦੀ ਲੋੜ ਹੈ। ਸਰਹੱਦ ਤੋਂ ਪਾਰ ਆ ਰਹੇ ਨਸ਼ਿਆਂ ਲਈ ਕੇਂਦਰੀ ਬਲਾਂ, ਕੇਂਦਰੀ ਏਜੰਸੀਆਂ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਰਾਜਨੀਤਕ ਇੱਛਾ ’ਚ ਕਮੀ ਦੇ ਪੱਖ ਤੋਂ ਕੇਂਦਰ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਨਸ਼ਿਆਂ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਪੈਦਾ ਹੋ ਗਈਆਂ ਹਨ, ਜਿਨਾਂ ਦੀ ਭਾਰਤ ਅੰਦਰ ਵੀ ਪੈਦਾਵਾਰ ਹੋ ਰਹੀ ਹੈ।
ਸਪਲਾਈ ਦੇ ਪੱਖ ਤੋਂ ਨਸ਼ਿਆਂ ਦੀ ਸਪਲਾਈ, ਵਪਾਰ ਨੂੰ ਰੋਕਣ ਲਈ ਬਹੁਤ ਸਾਰੇ ਰਾਸ਼ਟਰੀ ਕਾਨੂੰਨ ਹਨ। ਵੱਡੇ ਨਸ਼ਾ ਤਸਕਰਾਂ ਤੋਂ ਲੈ ਕੇ ਛੋਟੇ ਨਸ਼ਾ ਵਪਾਰੀ ਜੋ ਨਸ਼ੇ ਲੈਣ ਵਾਲੇ ਤੱਕ ਨਸ਼ਾ ਪਹੁੰਚਾਉਂਦੇ ਹਨ, ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ। ਅਜਿਹਾ ਬਿਲਕੁੱਲ ਨਹੀਂ ਹੋਣਾ ਚਾਹੀਦਾ ਕਿ ਵੱਡੇ ਨਸ਼ਾ ਵਪਾਰੀਆਂ ਨੂੰ ਰਿਸ਼ਵਤ ਲੈ ਕੇ ਜਾਂ ਕਿਸੇ ਉਪਰਲੇ ਦਬਾਅ ਅਧੀਨ ਛੱਡ ਦਿੱਤਾ ਜਾਵੇ ਅਤੇ ਛੋਟੇ ਨਸ਼ਾ ਵਪਾਰੀ ਉੱਪਰ ਹੀ ਸ਼ਿਕੰਜਾ ਕਸਿਆ ਜਾਵੇ ਅਤੇ ਨਸ਼ੇ ਦੇ ਸੇਵਨ ਕਰਨ ਵਾਲਿਆਂ ਨੂੰ ਹੀ ਹੀ ਤੰਗ ਪ੍ਰੇਸ਼ਾਨ ਕਰਕੇ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਨੂੰ ਸਫਲ ਮੁਹਿੰਮ ਵਜੋਂ ਦਰਸਾਇਆ ਜਾਵੇ। ਨਸ਼ੇ ਦੇ ਆਦੀ ਨਸ਼ੇੜੀ ਨੂੰ ਇਕ ਬਿਮਾਰ ਸਮਝਿਆ ਜਾਣਾ ਚਾਹੀਦਾ ਹੈ ਉਸ ਨੂੰ ਅਪਰਾਧੀ ਸਮਝ ਕੇ ਉਸ ਨਾਲ ਵਰਤਾਉ ਨਹੀਂ ਕਰਨਾ ਚਾਹੀਦਾ ਹੈ । ਪੰਜਾਬ ’ਚ ਜਿੰਨੇ ਵੀ ਨਸ਼ੇੜੀ ਹਨ, ਉਨ੍ਹਾਂ ਦੀ ਪਛਾਣ ਕਰਕੇ ਸਰਕਾਰੀ ਨਸ਼ਾ ਛੜਾਊ ਹਸਪਤਾਲਾਂ ’ਚ ਬਹੁਤ ਹੀ ਧਿਆਨ ਪੂਰਬਕ ਉਨ੍ਹਾਂ ਦਾ ਇਲਾਜ ਕਰਨਾ ਚਾਹੀਦਾ ਹੈ। ਇਸ ਕਿਸਮ ਦੇ ਹੋਰ ਹਸਪਤਾਲਾਂ ਦੀ ਸਿਰਜਣਾ ਸਮੇਤ ਵਿਸ਼ੇਸ਼ ਡਾਕਟਰ ਅਤੇ ਹੋਰ ਸਟਾਫ ਦੀ ਭਰਤੀ ਕਰਨੀ ਚਾਹੀਦੀ ਹੈ।
ਨੌਜਵਾਨ ਨਸ਼ੇ ਵਾਲੇ ਪਾਸੇ ਕਿਉਂ ਚਲੇ ਜਾਂਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜੇ ਥੋੜਾ ਬਹੁਤਾ ਰੁਜ਼ਗਾਰ ਮਿਲਦਾ ਵੀ ਹੈ ਉਹ ਕੱਚਾ ਅਤੇ ਨਿਗੂਣੀ ਤਨਖਾਹ ਉੱਪਰ ਹੁੰਦਾ ਹੈ। ਇਸ ਨਿਰਾਸ਼ਤਾ ਕਾਰਨ ਨੌਜਵਾਨ ਸੌਖੇ ਹੀ ਨਸ਼ਿਆਂ ਦੀ ਲਤ ’ਚ ਫਸ ਜਾਂਦੇ ਹਨ। ਨਸ਼ੇ ਦਾ ਵਪਾਰ ਉਨ੍ਹਾਂ ਦੇ ਅੱਖਾਂ ਸਾਹਮਣੇ ਚਲ ਰਿਹਾ ਹੈ, ਉਨ੍ਹਾਂ ਚੋਂ ਕੁੱਝ ਇਸ ਧੰਦੇ ਨਾਲ ਜੁੜ ਕੇ ਨਸ਼ੇੜੀ ਬਣ ਜਾਂਦੇ ਹਨ। ਸਰਕਾਰ ਨੂੰ ਪੱਕਾ ਅਤੇ ਚੰਗਾ ਰੁਜ਼ਗਾਰ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਸਿੱਖਿਆ ਪਾਠਕਰਮ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਸਰਕਾਰ ਅਤੇ ਪੰਚਾਇਤਾਂ ਨੂੰ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵਿਕਸਤ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵੱਲ ਅਕਰਸ਼ਿਤ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਆਪ ਵੀ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਨਸ਼ਿਆਂ ਤੋਂ ਦੂਰ ਰੱਖਣ ’ਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਬੱਚਿਆਂ ਨੂੰ ਸਮਾਜ ਸੇਵਾ ਦੇ ਕਾਰਜ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਪਿੰਡ ’ਚ ਨਸ਼ਾ ਵਿਰੋਧੀ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ। ਸਰਕਾਰ ਅਤੇ ਪੁਲਿਸ ਨੂੰ ਇਨ੍ਹਾਂ ਕਮੇਟੀਆਂ ਨਾਲ ਟਕਰਾਅ ਕਰਨ ਦੀ ਥਾਂ ਇਨ੍ਹਾਂ ਕਮੇਟੀਆਂ ਤੋਂ ਸਹਿਯੋਗ ਲੈਣਾ ਚਾਹੀਦਾ ਹੈ। ਮੀਡੀਆ ਨੂੰ ਵੀ ਆਪਣੀ ਹਾਂ ਪੱਖੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਾਂ ਹੀ ਸਫਲ ਹੋ ਸਕੇਗੀ ਜੇ ਨਸ਼ੇ ਨਾਲ ਜੁੜੇ ਸਾਰੇ ਪਹਿਲੂਆਂ ਦਾ ਸਰਕਾਰ ਹੱਲ ਕਰੇਗੀ, ਨਹੀਂ ਤਾਂ ਇਹ ਮੁਹਿੰਮ ਵੀ ਖਾਨਾਪੂਰਤੀ ਵਜੋਂ ਯਾਦ ਰੱਖੀ ਜਾਵੇਗੀ। ਪੰਜਾਬ ਦੇ ਸੂਝਵਾਨ ਅਗਾਂਹਵਧੂ ਅਤੇ ਪੰਜਾਬ ਨੂੰ ਹੱਸਮੁੱਖ ਅਤੇ ਖੁਸ਼ਹਾਲ ਚਾਹੁਣ ਵਾਲੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਪੰਜਾਬ ਦੇ ਮੱਥੇ ਤੋਂ ਨਸ਼ਿਆਂ ਦੀ ਲਾਹਨਤ ਦਾ ਧੱਬਾ ਲਾਹੁਣ ਲਈ ਸਰਕਾਰ ਉਪਰ ਦਬਾਅ ਪਾਉਂਦੇ ਹੋਏ ਆਪਣੀ-ਆਪਣੀ ਯਥਾ ਯੋਗ ਭੂਮਿਕਾ ਨਿਭਾਈਏ।
-ਮੋਬਾ : 94170-44516

Loading