
ਕੌਮਾਂਤਰੀ ਪੱਧਰ ਦੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਬਰਸੀ ਮੌਕੇ ਪ੍ਰਭਾਵਸ਼ਾਲੀ ਸਮਾਗਮ
ਕਾਮਰੇਡ ਸੁਰਜੀਤ ਪੂਰੀ ਜ਼ਿੰਦਗੀ ਫ਼ਿਰਕੂ ਫਾਸ਼ੀਵਾਦੀ ਤੇ ਸਾਮਰਾਜੀ ਤਾਕਤਾਂ ਵਿਰੁੱਧ ਡਟ ਕੇ ਲੜਦੇ ਰਹੇ:ਕਾਮਰੇਡ ਐਮ.ਏ. ਬੇਬੀ
ਕਾਮਰੇਡ ਸੁਰਜੀਤ ਦੇ ਜੱਦੀ ਪਿੰਡ ਆ ਕੇ ਬਹੁਤ ਖ਼ੁਸ਼ੀ ਹੋਈ: ਕਾਮਰੇਡ ਜੁਆਨ ਕਾਰਲੋਸ ਮਾਰਸਨ ਐਕੁਇਲੇਰਾ
ਕਾਮਰੇਡ ਸੁਰਜੀਤ ਦੀ ਰਾਜਨੀਤਕ ਸਮਝ ਦੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਕਾਇਲ ਸਨ: ਕਾਮਰੇਡ ਸੇਖੋਂ
ਸੀਪੀਆਈ(ਐਮ) ਪੰਜਾਬ ਇਕਾਈ ਵੱਲੋਂ ਕਿਊਬਾ ਨੂੰ ਪੰਜ ਲੱਖ ਰੁਪਏ ਤੇ ਕੇਂਦਰੀ ਕਮੇਟੀ ਨੂੰ ਦੋ ਲੱਖ ਰੁਪਏ ਦੀ ਆਰਥਿਕ ਮਦਦ
ਬੰਡਾਲਾ (ਜਲੰਧਰ), 7 ਦਸੰਬਰ ( ਰੋਗਿਜ਼ ਸੋਢੀ ) ਅੱਜ ਇੱਥੇ ਸੀਪੀਆਈ.(ਐਮ) ਦੇ ਜਨਰਲ ਸਕੱਤਰ ਕਾਮਰੇਡ ਐਮ.ਏ.ਬੇਬੀ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਅਣਵੰਡੇ ਭਾਰਤ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਸਮਾਜਵਾਦੀ ਦੇਸ਼ ਕਿਊਬਾ ਦੀ ਅਮਰੀਕਾ ਸਾਮਰਾਜ ਦੇ ਆਰਥਿਕ ਹਮਲਿਆਂ ਤੋਂ ਰਾਖੀ ਲਈ ਦ੍ਰਿੜਤਾ ਨਾਲ ਲੜਾਈ ਲੜੀ। ਉਨ੍ਹਾਂ ਦੇਸ਼ ਅਤੇ ਦੁਨੀਆਂ ਵਿੱਚ ਫ਼ਿਰਕੂ ਫਾਸ਼ੀਵਾਦੀ ਅਤੇ ਸਾਮਰਾਜੀ ਤਾਕਤਾਂ ਦੇ ਮਨਸੂਬੇ ਅਸਫ਼ਲ ਕਰਨ ਲਈ ਜ਼ਮੀਨੀ ਪੱਧਰ ‘ਤੇ ਵਿਚਾਰਧਾਰਕ ਲੜਾਈ ਲੜ੍ਨ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ।
ਕਾਮਰੇਡ ਬੇਬੀ ਅੱਜ ਸੀਪੀਆਈ(ਐਮ) ਦੇ ਸਾਬਕਾ ਕੌਮੀ ਜਨਰਲ ਸਕੱਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦੇ ਜੱਦੀ ਪਿੰਡ ਬੰਡਾਲਾ ਵਿਖੇ ਉਨ੍ਹਾਂ ਦੀ 17 ਵੀਂ ਬਰਸੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਸਮਾਗਮ ਦੇ ਮੁੱਖ ਮਹਿਮਾਨ ਕਿਊਬਾ ਦੇਸ਼ ਦੇ ਰਾਜਦੂਤ ਕਾਮਰੇਡ ਜੁਆਨ ਕਾਰਲੋਸ ਮਾਰਸਨ ਐਕੂਇਲੇਰਾ ਸਨ। ਇਸ ਮੌਕੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਅਤੇ ਪੰਜਾਬ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੀ ਮੌਜੂਦ ਸਨ।
ਇਸ ਮੌਕੇ ਸੀਪੀਆਈ(ਐਮ) ਦੀ ਪੰਜਾਬ ਇਕਾਈ ਵੱਲੋਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਡਰਾਫਟ ਕਿਊਬਾ ਦੇ ਰਾਜਦੂਤ ਕਾਮਰੇਡ ਐਕੂਇਲੇਰਾ ਨੂੰ ਭੇਟ ਕੀਤਾ ਗਿਆ। ਇਸ ਤੋਂ ਬਿਨਾਂ ਪਾਰਟੀ ਦੀ ਕੇਂਦਰੀ ਕਮੇਟੀ ਨੂੰ ਦੋ ਲੱਖ ਰੁਪਏ ਦਿੱਤੇ ਗਏ।
ਕਾਮਰੇਡ ਐਮ.ਏ.ਬੇਬੀ ਨੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਸੁਰਜੀਤ ਆਪਣੀ ਪੂਰੀ ਜ਼ਿੰਦਗੀ ਫ਼ਿਰਕੂ ਫਾਸ਼ੀਵਾਦੀ ਅਤੇ ਸਾਮਰਾਜੀ ਤਾਕਤਾਂ ਖ਼ਿਲਾਫ਼ ਲੜਦੇ ਰਹੇ। ਕਮਿਊਨਿਸਟ ਆਗੂ ਨੇ ਕਿਹਾ ਕਿ ਉਨ੍ਹਾਂ ਸਣੇ ਹੋਰ ਅਨੇਕਾਂ ਨੌਜਵਾਨ ਹਨ, ਜਿਨ੍ਹਾਂ ਦਾ ਕਾਮਰੇਡ ਸੁਰਜੀਤ , ਕਾਮਰੇਡ ਬੀ.ਟੀ.ਰੰਧੀਵੇ, ਕਾਮਰੇਡ ਬੁਸਵਾਪੁਨੱਈਆ, ਕਾਮਰੇਡ ਈ.ਐਮ.ਐਸ. ਨੰਬੂਦਰੀਪਾਦ, ਜੋਤੀ ਬਾਸੂ ਵਰਗੇ ਮਹਾਨ ਕਮਿਊਨਿਸਟ ਆਗੂਆਂ ਨੇ ਮਾਰਗ ਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਭਾਵੇਂ ਕਿਸੇ ਅਕਾਦਮਿਕ ਯੂਨੀਵਰਸਿਟੀ ਵਿੱਚ ਨਹੀਂ ਪੜ੍ਹੇ ਸੀ ਪਰ ਉਨ੍ਹਾਂ ਨੇ ਮਿਹਨਤਕਸ਼ ਜਨਤਾ ਦੇ ਸੰਘਰਸ਼ਾਂ ਵਿੱਚ ਪੜ੍ਹਾਈ ਕੀਤੀ ਅਤੇ ਆਪਣੀ ਪੂਰੀ ਜ਼ਿੰਦਗੀ ਦਾ ਪਲ ਪਲ ਕਿਰਤੀ-ਕਿਸਾਨਾਂ ਦੀ ਮੁਕਤੀ ਲਈ ਲੜਦਿਆਂ ਲਾ ਦਿੱਤਾ। ਕਮਿਊਨਿਸਟ ਆਗੂ ਕਾਮਰੇਡ ਬੇਬੀ ਨੇ ਕਿਹਾ ਕਿ ਪਾਰਟੀ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਵਿੱਚ ਸੰਨ 1992 ਵਿੱਚ ਕਿਊਬਾ ਦੇਸ਼ ਨੂੰ ਉਸ ਸਮੇਂ ਅਨਾਜ ਅਤੇ ਆਰਥਿਕ ਮਦਦ,ਜੋ ਕਿ ਉਸ ਸਮੇਂ 10 ਹਜ਼ਾਰ ਕਰੋੜ ਰੁਪਏ ਦੀ ਬਣਦੀ ਸੀ, ਭੇਜੀ ਸੀ। ਉਨ੍ਹਾਂ ਕਿਹਾ ਕਿ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਸਿਮਾ ਰਾਓ ਨੇ ਅਮਰੀਕਾ ਸਾਮਰਾਜ ਦੇ ਦਬਾਅ ਵਿੱਚ ਆ ਕੇ ਕਿਊਬਾ ਨੂੰ ਅਨਾਜ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਕਾਮਰੇਡ ਬੇਬੀ ਨੇ ਕਿਹਾ ਕਿ ਉਹ ਖ਼ੁਦ ਉਸ ਵੇਲੇ ਰਾਜ ਸਭਾ ਦੇ ਮੈਂਬਰ ਸਨ ਅਤੇ ਕਾਮਰੇਡ ਸੁਰਜੀਤ ਦੇ ਨਾਲ ਵਫ਼ਦ ਵਿੱਚ ਸ਼ਾਮਲ ਸਨ। ਕਿਊਬਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਕਾਮਰੇਡ ਫੀਡਲ ਕਾਸਟਰੋ ਵਿਦਿਆਰਥੀ ਵਾਂਗ ਕਾਮਰੇਡ ਸੁਰਜੀਤ ਤੋਂ ਬਾਬਰੀ ਮਸਜਿਦ ਦੀ ਘਟਨਾ ਅਤੇ ਫ਼ਿਰਕਾਪ੍ਰਸਤ ਤਾਕਤਾਂ ਦਾ ਭਾਰਤ ਦੀ ਰਾਜਨੀਤੀ ਵਿੱਚ ਪ੍ਰਭਾਵ ਬਾਰੇ ਪੁੱਛ ਰਹੇ ਸਨ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਨੇ ਖ਼ਾਲਿਸਤਾਨੀ ਤਾਕਤਾਂ ਵਿਰੁੱਧ ਵੀ ਡਟ ਕੇ ਲੜਾਈ ਲੜੀ। ਜਿਸ ਲੜਾਈ ਵਿੱਚ ਕਾਮਰੇਡ ਗੁਰਨਾਮ ਸਿੰਘ ਉੱਪਲ, ਕਾਮਰੇਡ ਸੋਹਣ ਸਿੰਘ ਢੇਸੀ, ਕਾਮਰੇਡ ਦੀਪਕ ਧਵਨ ਵਰਗੇ ਨੌਜਵਾਨਾਂ ਸਣੇ ਸੈਂਕੜੇ ਕਮਿਊਨਿਸਟਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ।
ਕਾਮਰੇਡ ਬੇਬੀ ਨੇ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਲੜੇ ਅਤੇ ਜੇਤੂ ਸੰਘਰਸ਼ ਵਿੱਚ ਪੰਜਾਬੀਆਂ ਦੇ ਮੋਹਰੀ ਰੋਲ ਸਬੰਧੀ ਇਨਕਲਾਬੀ ਵਧਾਈ ਦਿੱਤੀ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਕਿਰਤੀ ਵਿਰੋਧੀ ਚਾਰ ਕਿਰਤ ਕੋਡਾਂ ਵਿਰੁੱਧ ਲੜਾਈ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਕਿਰਤੀ ਕੋਡਾਂ ਦੇ ਲਾਗੂ ਹੋਣ ਨਾਲ ਕਿਰਤੀਆਂ ਨੂੰ ਗੁਲਾਮਾਂ ਵਾਂਗ ਜ਼ਿੰਦਗੀ ਜਿਊਣੀ ਪਵੇਗੀ।
ਇਸ ਮੌਕੇ ਬਰਸੀ ਸਮਾਗਮ ਦੇ ਮੁੱਖ ਮਹਿਮਾਨ ਕਾਮਰੇਡ ਜੁਆਨ ਕਾਰਲੋਸ ਮਾਰਸਨ ਐਕੂਇਲੇਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਮਰੇਡ ਸੁਰਜੀਤ ਦੇ ਜੱਦੀ ਪਿੰਡ ਬੰਡਾਲਾ ਆ ਕੇ ਬਹੁਤ ਖ਼ੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਕਿਊਬਾ ਦੀ ਆਰਥਿਕ ਸਥਿਤੀ 85 ਫ਼ੀਸਦੀ ਟੁੱਟ ਗਈ ਸੀ ਅਤੇ ਅਮਰੀਕਾ ਦੇ ਕਿਊਬਾ ‘ਤੇ ਹਮਲੇ ਤੇਜ਼ ਹੋ ਗਏ ਸਨ। ਇਨ੍ਹਾਂ ਹਾਲਤਾਂ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਵਿੱਚ ਸੀਪੀਆਈ(ਐਮ) ਨੇ 1992 ਵਿੱਚ 10 ਹਜ਼ਾਰ ਕਰੋੜ ਰੁਪਏ ਦੇ ਅਨਾਜ ਸਮੇਤ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਅਤੇ ਆਰਥਿਕ ਮਦਦ ਦਿੱਤੀ ਜੋ ਕਿਊਬਾ ਦੇ ਵਾਸੀਆਂ ਲਈ ਵੱਡੀ ਰਾਹਤ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਰਾਸ਼ਟਰਪਤੀ ਕਾਮਰੇਡ ਫੀਡਲ ਕਾਸਟਰੋ ਇਕੱਲੀ-ਇਕੱਲੀ ਵਸਤ ਕਣਕ, ਚੌਲ਼ ਆਦਿ ਦਾ ਹਿਸਾਬ ਕਰ ਰਹੇ ਸਨ। ਕਾਮਰੇਡ ਐਕੁਇਲੇਰਾ ਨੇ ਕਿਹਾ ਕਿ ਕਿਊਬਾ ਦੇ ਲੋਕ ਅੱਜ ਵੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਕਾਮਰੇਡ ਫੀਡਲ ਕਾਸਟਰੋ ਦਾ ਸਤਿਕਾਰਤ ਸ਼ਖ਼ਸੀਅਤ ਦੇ ਬਰਾਬਰ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਦੇਸ਼ ਕਿਊਬਾ ਨੂੰ ਕਾਮਰੇਡ ਐਮ.ਏ.ਬੇਬੀ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚੋਂ ਕਰੋੜਾਂ ਰੁਪਏ ਦੀ ਆਰਥਿਕ ਮਦਦ ਭੇਜੀ ਜਾ ਰਹੀ ਹੈ। ਉਨ੍ਹਾਂ ਆਪਣੇ ਸੰਬੋਧਨ ਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ, ਕਾਮਰੇਡ ਫੀਡਲ ਕਾਸਟਰੋ, ਸਮਾਜਵਾਦ ਅਤੇ ਸੀਪੀਆਈ(ਐਮ) ਨੂੰ ਲੌਂਗ ਲਾਈਵ ਆਖਦਿਆਂ ਖ਼ਤਮ ਕੀਤਾ।
ਇਸ ਮੌਕੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕਿਹਾ ਕਿ ਖੱਬੀਆਂ ਪਾਰਟੀਆਂ ਫ਼ਿਰਕੂ ਫਾਸ਼ੀਵਾਦੀ, ਕਾਰਪੋਰੇਟਾਂ ਅਤੇ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਦੇਸ਼ ਵਿੱਚ ਲੜਾਈ ਲੜ ਰਹੀਆਂ ਹਨ। ਦੁਨੀਆਂ ਦੇ ਕਿਊਬਾ ਵਰਗੇ ਸਮਾਜਵਾਦੀ ਦੇਸ਼ਾਂ ਨਾਲ ਇੱਕਮੁੱਠਤਾ ਪ੍ਰਗਟ ਕਰਕੇ ਅਮਰੀਕਾ ਸਾਮਰਾਜ ਵਿਰੁੱਧ ਲੜਾਈ ਲੜੀ ਜਾ ਰਹੀ ਹੈ।
ਸਮਾਗਮ ਦੌਰਾਨ ਸੀਪੀਆਈ(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਬੋਲਦਿਆਂ ਕਿਹਾ ਕਿ ਕਾਮਰੇਡ ਸੁਰਜੀਤ ਨੇ ਆਪਣਾ ਸਿਆਸੀ ਜੀਵਨ 15-16 ਸਾਲਾਂ ਦੀ ਉਮਰ ਵਿੱਚ ਸੰਨ 1931-32 ਵਿੱਚ ਸ਼ੁਰੂ ਕੀਤਾ ਅਤੇ ਅੰਤਿਮ ਸਾਹਾਂ ਤੱਕ ਫ਼ਿਰਕੂ ਫਾਸ਼ੀਵਾਦੀ ਅਤੇ ਸਾਮਰਾਜੀ ਤਾਕਤਾਂ ਵਿਰੁੱਧ ਡਟ ਕੇ ਲੜਦੇ ਰਹੇ । ਉਨ੍ਹਾਂ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਨਸ਼ੇ, ਗੁੰਡਾਗਰਦੀ, ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਹੈ। ਅਫ਼ਸਰਸ਼ਾਹੀ ਬੇਲਗਾਮ ਹੋਈ ਪਈ ਹੈ। ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਸਰਕਾਰ ਇਨ੍ਹਾਂ ਚੋਣਾਂ ਨੂੰ ਹਰ ਹਰਬਾ ਵਰਤ ਕੇ ਜਿੱਤਣਾ ਚਾਹੁੰਦੀ ਹੈ ਪਰ ਅਜਿਹੀ ਧੱਕੇਸ਼ਾਹੀ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸੱਦਾ ਦਿੱਤਾ ਕਿ ਇਨ੍ਹਾਂ ਚੋਣਾਂ ਵਿੱਚ ਹੁਕਮਰਾਨ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਿੰਦਿਆਂ ਖੱਬੀਆਂ,ਧਰਮ ਨਿਰਪੱਖ ਅਤੇ ਅਗਾਂਹਵਧੂ ਧਿਰਾਂ ਨੂੰ ਜਿਤਾਇਆ ਜਾਵੇ।
ਇਸ ਸਮਾਗਮ ਨੂੰ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਪਿਰਥੀਪਾਲ ਸਿੰਘ ਮਾੜੀਮੇਘਾ, ਸੀਪੀਆਈ(ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਵਿਧਾਇਕ, ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆਂ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਾਰਟੀ ਦੇ ਬਜ਼ੁਰਗ ਕਾਮਰੇਡ ਮੋਹਨ ਸਿੰਘ ਜ਼ਿਲ੍ਹਾ ਪਠਾਨਕੋਟ (ਉਮਰ ਕਰੀਬ 90 ਸਾਲ) ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਤਿੰਨੋਂ ਸ਼ਖ਼ਸੀਅਤਾਂ ਕਾਮਰੇਡ ਐਮ.ਏ. ਬੇਬੀ , ਕਾਮਰੇਡ ਨਿਲੋਤਪਾਲ ਬਾਸੂ ਅਤੇ ਕਾਮਰੇਡ ਐਕੂਇਲੇਰਾ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਸੂਬਾਈ ਆਗੂਆਂ ਕਾਮਰੇਡ ਭੂਪ ਚੰਦ ਚੰਨੋ ਅਤੇ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਕੀਤੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਜਲੰਧਰ-ਕਪੂਰਥਲਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਨਿਭਾਈ।
ਇਸ ਮੌਕੇ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਕਾਮਰੇਡ ਗੁਰਨੇਕ ਸਿੰਘ ਭੱਜਲ, ਕਾਮਰੇਡ ਸਤਿਨਾਮ ਸਿੰਘ ਬੜੈਚ, ਕਾਮਰੇਡ ਸਵਰਨਜੀਤ ਸਿੰਘ ਦਲਿਓ, ਕਾਮਰੇਡ ਜਤਿੰਦਰਪਾਲ ਸਿੰਘ, ਕਾਮਰੇਡ ਪਰਸ਼ੋਤਮ ਲਾਲ ਬਿਲਗਾ , ਕਾਮਰੇਡ ਬਲਜੀਤ ਸਿੰਘ ਗਰੇਵਾਲ ਤੋਂ ਇਲਾਵਾ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਆਦਿ ਮੌਜੂਦ ਸਨ।
ਸਮਾਗਮ ਤੋਂ ਬਾਅਦ ਕਾਮਰੇਡ ਬੇਬੀ, ਕਾਮਰੇਡ ਬਾਸੂ , ਕਾਮਰੇਡ ਐਕੂਇਲੇਰਾ, ਕਾਮਰੇਡ ਸੇਖੋਂ ਆਦਿ ਆਗੂਆਂ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਅਤੇ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਗੁਰਚੇਤਨ ਸਿੰਘ ਬਾਸੀ ਦਾ ਹਾਲ ਜਾਣਿਆ ਅਤੇ ਉਮੀਦ ਪ੍ਰਗਟਾਈ ਕਿ ਉਹ ਜਲਦ ਸਿਹਤਯਾਬ ਹੋਣਗੇ।
ਇਸ ਮੌਕੇ ਵਿਸ਼ਾਲ ਸਿਹਤ ਜਾਂਚ ਕੈਂਪ ਵੀ ਲਾਇਆ ਗਿਆ, ਜਿਸ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਡਾ.ਸਵੈਮਾਨ ਸਿੰਘ ਯੂ.ਐਸ.ਏ. ਦੀ ਟੀਮ 5 ਰਿਵਰਜ਼ ਹਾਰਟ ਐਸੋਸੀਏਸ਼ਨ ਦੇ ਸ੍ਰ. ਜਸਵਿੰਦਰ ਪਾਲ ਸਿੰਘ ਪੱਖੋਕੇ , ਸੁਰਿੰਦਰ ਕੌਰ ਪੱਖੋਕੇ , ਸੰਗਰਾਮ ਸਿੰਘ ਪੱਖੋਕੇ , ਵਿਵੇਕ ਸਿੰਘ , ਬਿਕਰਮਜੀਤ ਸਿੰਘ , ਅੰਗਰੇਜ਼ ਸਿੰਘ ਗਿੱਲ , ਸ਼ੌਰਿਆ ਕੰਬੋਜ, ਡਾ. ਹਰਨੂਰ ਸਿੰਘ, ਡਾ. ਮਨਪ੍ਰਿਯਾ ਵਿਰਕ, ਯਕਸ਼ਿਤਾ ਗਰਗ, ਡਾ. ਰਮਨਦੀਪ ਸਿੰਘ, ਡਾ. ਅਨਮੋਲਦੀਪ ਸਿੰਘ, ਡਾ .ਹਰਸ਼ਿਤਾ ਤੇ ਡਾ. ਤਰਨਪ੍ਰੀਤ ਕੌਰ ਹਾਜ਼ਰ ਸਨ।
![]()