ਬੌਧਿਕ ਅਤੇ ਵਿਚਾਰਧਾਰਕ ਕੰਗਾਲੀ ਅਤੇ ਮੌਕਾ ਪ੍ਰਸਤੀ ਦੀ ਮਾਨਸਿਕਤਾ ਦਾ ਸ਼ਿਕਾਰ ਹੈ ਮੰਗਤ ਰਾਮ ਪਾਸਲਾ
-ਲਹਿੰਬਰ ਸਿੰਘ ਤੱਗੜ

ਕੁਝ ਦਿਨ ਪਹਿਲਾਂ ਕਈ ਕਾਮਰੇਡਾਂ ਅਤੇ ਦੋਸਤਾਂ ਨੇ ਮੈਨੂੰ ਇੱਕ ਅਖ਼ਬਾਰ ਦੀ ਕਟਿੰਗ ਭੇਜੀ। ਇਹ ਕਟਿੰਗ 27 ਮਾਰਚ 2026 ਦੀ ਪੰਜਾਬੀ ਅਖ਼ਬਾਰ ਜੱਗਬਾਣੀ ਵਿੱਚ ਛਪੀ ਇੱਕ ਖ਼ਬਰ ਦੀ ਹੈ। ਇਸ ਵਿੱਚ ਇੱਕ ਤਸਵੀਰ ਛਪੀ ਹੋਈ ਹੈ ਜਿਸ ਹੇਠਾਂ ਕੈਪਸ਼ਨ ਲਿਖੀ ਹੋਈ ਹੈ, ”ਜੋਤ ਜਗਾ ਕੇ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕਰਦੇ ਹੋਏ ਵਿਜੈ ਚੋਪੜਾ ਦੇ ਨਾਲ ਕਾਮਰੇਡ ਮੰਗਤ ਰਾਮ ਪਾਸਲਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਵਿਧਾਇਕ ਜੰਗੀ ਲਾਲ ਮਹਾਜਨ ਤੇ ਹੋਰ। ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਤੇ ਜੰਗੀ ਲਾਲ ਮਹਾਜਨ ਪੰਜਾਬ ਬੀਜੇਪੀ ਦੇ ਵੱਡੇ ਆਗੂ ਹਨ। ਖ਼ਬਰ ਅਨੁਸਾਰ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਐਮਪੀ ਅਵਿਨਾਸ਼ ਖੰਨਾ, ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ ਅਤੇ ਬੀਜੇਪੀ ਦੇ ਕੁਝ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ। ਪਰ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦੇ ਕਮਿਊਨਿਸਟ ਆਗੂਆਂ ਵਿੱਚੋਂ ਕੇਵਲ ਤੇ ਕੇਵਲ ਮੰਗਤ ਰਾਮ ਪਾਸਲਾ ਜੀ ਹੀ ਸੁਸ਼ੋਭਤ ਸਨ। ਖ਼ਬਰ ਦਾ ਹੈਡਿੰਗ ਸੀ, ”ਮਰਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਸ਼ਾਨਦਾਰ ਸ਼ੋਭਾ ਯਾਤਰਾ ‘ਚ ਨਜ਼ਰ ਆਈ ਅਯੁੱਧਿਆ ਨਗਰੀ ਦੀ ਝਲਕ”। ਖ਼ਬਰ ਵਿੱਚ ਖੱਬੇ ਪਾਸੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਤਸਵੀਰ ਹੈ ਅਤੇ ਸੱਜੇ ਪਾਸੇ ਸ਼੍ਰੀ ਵਿਜੇ ਚੋਪੜਾ ਜੀ, ਮੰਗਤ ਰਾਮ ਪਾਸਲਾ ”ਜੀ” ਅਤੇ ਬੀਜੇਪੀ ਦੇ ਕੁਝ ਹੋਰ ਆਗੂ ਸ਼ੁਭ ਜੋਤ ਜਗਾ ਰਹੇ ਹਨ। -ਅਸੀਂ ਇਸ ਕਟਿੰਗ ਦੀ ਫੋਟੋ ਵੀ ਇਸ ਆਰਟੀਕਲ ਵਿੱਚ ਲਾ ਰਹੇ ਹਾਂ।
ਵੈਸੇ ਮੇਰਾ ਤਾਂ ਵਿਚਾਰ ਇਹ ਹੈ ਕਿ ਉਪਰੋਕਤ ਕਟਿੰਗ ਦੀ ਫੋਟੋ ਪ੍ਰਕਾਸ਼ਤ ਕਰਨ ਅਤੇ ਉੱਪਰ ਲਿਖੇ ਕੁਝ ਸ਼ਬਦਾਂ ਤੋਂ ਬਾਅਦ ਤਾਂ ਹੋਰ ਕੁਝ ਵੀ ਲਿਖਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਕਟਿੰਗ ਅਤੇ ਇਸ ਵਿਚਲੀ ਤਸਵੀਰ ਆਪਣੇ ਆਪ ਹੀ ਸਭ ਕੁਝ ਬੋਲ ਰਹੀ ਹੈ। ਪਰ ਮੈਨੂੰ ਕਈ ਸਾਥੀਆਂ ਨੇ ਕਿਹਾ ਹੈ ਕਿ ਇਸ ਸੰਬੰਧੀ ਥੋੜਾ ਹੋਰ ਲਿਖਾਂ। ਸਾਡੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਤਾਂ ਇਸ ਸੰਬੰਧੀ ਲਿਖਣ ਲਈ ਮੇਰੀ ਜ਼ਿੰਮੇਵਾਰੀ ਹੀ ਲਾ ਦਿੱਤੀ ਹੈ। ਸੋ ਹਾਜ਼ਰ ਹਾਂ ਜੀ!
ਵੈਸੇ ਤਾਂ ”ਪਾਸਲਾ” ਜੀ ਨੂੰ ਨਾ ਇਹ ਕਿਸੇ ਨੇ ਪੁੱਛਣਾ ਹੈ ਅਤੇ ਨਾ ਹੀ ਕਿਸੇ ਨੂੰ ਇਹ ਪੁੱਛਣ ਦੀ ਲੋੜ ਹੀ ਹੈ ਕਿ ”ਪਾਸਲਾ ਜੀ! ਤੁਸੀਂ ਉਪਰੋਕਤ ਪ੍ਰੋਗਰਾਮ ਵਿੱਚ ਕਿਉਂ ਗਏ?” ਤਾਂ ਪਾਸਲਾ ਜੀ ਦਾ ਇਹ ਹੀ ਉੱਤਰ ਹੋਵੇਗਾ ਕਿ ”ਮੈਨੂੰ ਵਿਜੈ ਚੋਪੜਾ ਜੀ ਨੇ ਸੱਦਿਆ ਸੀ, ਇਸ ਲਈ ਮੈਂ ਚਲੇ ਗਿਆ।” ਜਾਂ ਕਹਿ ਦੇਣਗੇ ਕਿ ”ਜਦੋਂ ਮੈਨੂੰ ਪਰਬੰਧਕਾਂ ਨੇ ਸੱਦਿਆ ਸੀ ਤਾਂ ਫਿਰ ਮੈਂ ਜਾਣਾ ਹੀ ਸੀ।” ਜਿੱਥੇ ਕੋਈ ਸੱਦ ਲਵੇ ਉਥੇ ਹੀ ਥੋੜੋ ਚਲੇ ਜਾਈਦਾ ਹੈ। ਇਹ ਆਪ ਸੋਚੀਦਾ ਅਤੇ ਫ਼ੈਸਲਾ ਕਰੀ ਦਾ ਹੈ ਕਿ ਅਸੀਂ ਕਿੱਥੇ ਜਾਣਾ ਹੈ ਅਤੇ ਕਿੱਥੇ ਨਹੀਂ। ਸਭ ਤੋਂ ਵੱਡੀ ਉਦਾਹਰਣ ਹੈ ਕਿ ਦੋ ਕੁ ਸਾਲ ਪਹਿਲਾਂ ਜਦੋਂ ਅਯੁੱਧਿਆ ਵਿਖੇ ਬਾਬਰੀ ਮਸਜਿਦ ਦੀ ਥਾਂ ਉਸਾਰੇ ਗਏ ਸ਼੍ਰੀ ਰਾਮਚੰਦਰ ਦਾ ਉਦਘਾਟਨ ਕਰਨ ਦਾ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ ਹੋਣਾ ਸੀ ਅਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ”ਵੱਡੇ ਤੋਂ ਵੱਡੇ” ਵਿਅਕਤੀਆਂ ਨੇ ਸ਼ਾਮਲ ਹੋਣਾ ਸੀ, ਦੇ ਮੌਕੇ ‘ਤੇ ਪਰਬੰਧਕਾਂ ਵੱਲੋਂ ਸੀ.ਪੀ.ਆਈ.(ਐਮ.) ਉਸ ਸਮੇਂ ਦੇ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ, ਸੀ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਡੀ.ਰਾਜਾ, ਕੇਰਲਾ ਦੇ ਮੁੱਖ ਮੰਤਰੀ ਕਾਮਰੇਡ ਪੀ ਵਿਜੇਯਨ, ਪੋਲਿਟ ਬਿਊਰੋ ਮੈਂਬਰ ਕਾਮਰੇਡ ਬਰਿੰਦਾ ਕਰਤ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਸੀ। ਇਤਨੇ ਵੱਡੇ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸੱਦੇ ਜਾਣ ਦੇ ਬਾਵਜੂਦ ਸੀ.ਪੀ.ਆਈ.(ਐਮ.) ਅਤੇ ਸੀ.ਪੀ.ਆਈ. ਦੋਹਾਂ ਪਾਰਟੀਆਂ ਨੇ ਅਤੇ ਇਨ੍ਹਾਂ ਦੇ ਉਪਰੋਕਤ ਸਿਖਰਲੇ ਆਗੂਆਂ ਨੇ ਆਪਣੀ ਬੌਧਿਕ ਅਮੀਰੀ ਅਤੇ ਵਿਚਾਰਧਾਰਕ ਪ੍ਰਪੱਕਤਾ ਦਾ ਪ੍ਰਗਟਾਵਾ ਕਰਦਿਆਂ ਇਸ ਸਮਾਗਮ ਵਿੱਚ ਇਹ ਕਹਿ ਕੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਭਾਵੇਂ ਅਸੀਂ ਸਾਰੇ ਧਰਮਾਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਨ ਸਤਿਕਾਰ ਕਰਦੇ ਹਾਂ ਪਰ ਇਹ ਸਮਾਗਮ ਧਰਮਨਿਰਪੱਖਤਾ ਦੇ ਸੰਵਿਧਾਨਕ ਮੂਲ ਢਾਂਚੇ ਅਤੇ ਸਿਧਾਂਤਾਂ ਦੇ ਉਲਟ ਹੈ। ਪਰ ਮੰਗਤ ਰਾਮ ਪਾਸਲਾ ”ਜੀ” ਨੇ ਇਨ੍ਹਾਂ ਵੱਡੀਆਂ ਵੱਡੀਆਂ ਬੌਧਿਕ, ਸਿਧਾਂਤਕ ਅਤੇ ਵਿਚਾਰਧਾਰਕ ਮਾਨਤਾਵਾਂ ਅਤੇ ਗੱਲਾਂ ਤੋਂ ਕੀ ਲੈਣਾ ਸੀ, ਉਸ ਨੂੰ ਤਾਂ ਚਾਅ ਚੜ੍ਹ ਗਿਆ ਹੋਣਾ ਹੈ ਕਿ ਮੈਂ ਇਤਨੇ ਮਹੱਤਵਪੂਰਨ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਹੈ। ਜੇਕਰ ਪਾਸਲਾ ”ਜੀ” ਅੰਦਰ ਥੋੜੀ ਬਹੁਤ ਵੀ ਬੌਧਿਕ ਅਤੇ ਵਿਚਾਰਧਾਰਕ ਗੰਭੀਰਤਾ ਦੀ ਸੂਝ ਹੁੰਦੀ ਤਾਂ ਉਨ੍ਹਾਂ ਨੂੰ ਉਸ ਸਮਾਗਮ ਵਿੱਚ ਨਹੀਂ ਜਾਣਾ ਚਾਹੀਦਾ ਸੀ। ਜੇਕਰ ਪਾਸਲਾ ”ਜੀ” ਨੂੰ ਆਪ ਸਮਝ ਨਹੀਂ ਸੀ ਤਾਂ ਉਹ ਉਪਰੋਕਤ ਵੱਡੇ ਕਮਿਊਨਿਸਟ ਆਗੂਆਂ ਵੱਲੋਂ ਕੀਤੀ ਗਈ ਨਾਂਹ ਤੋਂ ਹੀ ਸਿਖ ਸਕਦੇ ਸਨ। ਜਿਸ ਸਮਾਗਮ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਸ ਵਿੱਚ ਸ਼ਾਮਲ ਹੋ ਕੇ ਅਤੇ ਬੀਜੇਪੀ ਆਗੂਆਂ ਨਾਲ ਮਿਲ ਕੇ ਸ਼ੋਭਾ ਯਾਤਰਾ ਦੀ ਜੋਤੀ ਜਗਾ ਕੇ ਪਾਸਲਾ ”ਜੀ” ਨੇ ਆਪਣੀ ਬੌਧਿਕ ਅਤੇ ਵਿਚਾਰਧਾਰਕ ਕੰਗਾਲੀ ਅਤੇ ਮੌਕਾ ਪ੍ਰਸਤੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੀ ਕੀਤਾ ਹੈ।
ਵੈਸੇ ਤਾਂ ਮੇਰੇ ਕੋਲ ਕੁਝ ਮਹੀਨੇ ਪਹਿਲਾਂ ਲਿਖੇ ਕਿਤਾਬਚੇ ”ਮੰਗਤ ਰਾਮ ਪਾਸਲਾ ਦੇ ਅੰਧ ਭਗਤਾਂ ਅਤੇ ਮਚਲੇ ਭਗਤਾਂ ਦੇ ਧਿਆਨ ਹਿੱਤ” ਵਿੱਚ ਮੈਂ ਜੋ ਕੁਝ ਵੀ ਲਿਖਿਆ ਹੈ ਉਸ ਸਭ ਕੁਝ ਤੋਂ ਵੀ ਇਹ ਹੀ ਸਪਸ਼ਟ ਹੁੰਦਾ ਹੈ ਕਿ ਬੌਧਿਕ ਅਤੇ ਵਿਚਾਰਧਾਰਕ ਤੌਰ ‘ਤੇ ਇਹ ਸ਼ਖਸ ਕੰਗਾਲ ਅਤੇ ਸੱਖਣਾ ਹੀ ਹੈ ਪਰ ਫਿਰ ਵੀ ਜੋ ਮਾੜੀ ਮੋਟੀ ਇਸ ਨੂੰ ਕਮਿਊਨਿਸਟ ਫਲਸਫ਼ੇ, ਵਿਚਾਰਧਾਰਾ ਅਤੇ ਨੈਤਿਕਤਾ ਦੀ ਜਾਣਕਾਰੀ ਹੈ, ਉਹ ਸਾਰੀ ਦੀ ਸਾਰੀ ਮੌਕਾਪ੍ਰਸਤੀ ਦੀ ਤਹਿ ਹੇਠ ਦੱਬ ਜਾਂਦੀ ਹੈ। ਮੈਂ ਉਸ ਕਿਤਾਬਚੇ ਵਿੱਚ ਲਿਖੀਆਂ ਗਈਆਂ ਇਸ ਦੀਆਂ ਮੌਕਾਪ੍ਰਸਤੀ ਦੀਆਂ ਘਟਨਾਵਾਂ ਦਾ ਮੁੜ ਵਰਣਨ ਨਹੀਂ ਕਰਾਂਗਾ। ਪਰ ਪਾਠਕਾਂ ਨੂੰ ਇਹ ਸਲਾਹ ਜ਼ਰੂਰ ਦਿਆਂਗਾ ਕਿ ਇਸ ਆਰਟੀਕਲ ਨੂੰ ਪੜ੍ਹਨ ਸਮੇਂ ਉਸ ਕਿਤਾਬਚੇ ਵਿਚਲੇ ਤੱਥਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਣ। ਦੂਸਰੇ ਸ਼ਬਦਾਂ ਵਿੱਚ ਇਸ ਆਰਟੀਕਲ ਨੂੰ ਮੇਰੇ ਪਹਿਲੇ ਕਿਤਾਬਚੇ ਦਾ ਅਗਲਾ ਚੈਪਟਰ ਹੀ ਸਮਝਿਆ ਜਾਏ।
ਜਿਵੇਂ ਹੀ ਮੇਰੇ ਸਾਹਮਣੇ ਪਾਸਲਾ ਜੀ ਦੀ ਜੱਗਬਾਣੀ ਵਾਲੀ ਤਸਵੀਰ ਅਤੇ ਖ਼ਬਰ ਆਈ ਮੇਰੇ ਮਨ ਵਿੱਚ ਉਸੇ ਹੀ ਸਮੇਂ ਪਾਸਲਾ ਜੀ ਦੀਆਂ ਅਜਿਹੀਆਂ ਹੀ ਹੋਰ ਅਨੇਕਾਂ ਘਟਨਾਵਾਂ ਤਾਜ਼ਾ ਹੋਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਵਿੱਚੋਂ ਸਾਰੀਆਂ ਦਾ ਤਾਂ ਨਹੀਂ ਪਰ ਦੋ ਚਾਰ ਦਾ ਵਰਣਨ ਇਥੇ ਜ਼ਰੂਰ ਕਰਾਂਗਾ।
ਸਾਡੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦਾ ਇੱਕ ਮਹੱਤਵਪੂਰਨ ਪਿੰਡ ਹੈ ਪਰਤਾਬਪੁਰਾ ਜਿਸ ਨੂੰ ਆਮ ਤੌਰ ‘ਤੇ ”ਪਰਤਾਪਰਾ” ਹੀ ਬੋਲਿਆ ਜਾਂਦਾ ਹੈ। ਪੰਜਾਬੀ ਬੋਲੀ ਦੇ ਪ੍ਰਸਿੱਧ ਕਵੀ ਅਤੇ ਗਜ਼ਲਕਾਰ ਡਾ. ਰਣਧੀਰ ਸਿੰਘ ਚੰਦ ਇਸੇ ਪਿੰਡ ਦੇ ਜੰਮਪਲ ਅਤੇ ਵਸਨੀਕ ਸਨ। ਇਹ ਪਿੰਡ ਫਿਲੌਰ-ਨੂਰਮਹਿਲ ਰੋਡ ‘ਤੇ ਪਿੰਡ ਬਿਲਗਾ ਦੇ ਨਜ਼ਦੀਕ ਹੈ। ਇਸ ਪਿੰਡ ਵਿੱਚ ਸੈਣ ਭਗਤ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਦੀ ਇੱਕ ਆਲੀਸ਼ਾਨ ਯਾਦਗਾਰ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਜਿਵੇਂ ਕਿ ਸਭ ਜਾਣਦੇ ਹਨ ਕਿ ਸੈਣ ਭਗਤ ਜੀ ਨਾਈ ਬਿਰਾਦਰੀ ਨਾਲ ਸੰਬੰਧਤ ਸਨ। ਇਥੇ ਹਰ ਸਾਲ ਭਗਤ ਸੈਣ ਜੀ ਦੀ ਯਾਦ ਵਿੱਚ ਇੱਕ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਅਤੇ ਕਈ ਸਮਾਗਮ ਹੁੰਦੇ ਹਨ। ਇਸ ਮੇਲੇ ਅਤੇ ਸਮਾਗਮ ਦਾ ਪ੍ਰਬੰਧ ਕਰਨ ਲਈ ਕਮੇਟੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਕਮੇਟੀਆਂ ਵਿੱਚ ਮੁੱਖ ਤੌਰ ‘ਤੇ ਨਾਈ ਭਾਈਚਾਰੇ ਦੇ ਪ੍ਰਭਾਵਸ਼ਾਲੀ ਵਿਅਕਤੀ ਸ਼ਾਮਲ ਹਨ ਕਿਉਂਕਿ ਇਸ ਭਾਈਚਾਰੇ ਵਾਲੇ ਲੋਕ ਭਗਤ ਸੈਣ ਜੀ ਨੂੰ ਆਪਣਾ ਕੁੱਲ ਗੁਰੂ, ਮਹਾਨ-ਰੂਹਾਨੀ ਰਹਿਬਰ ਅਤੇ ਮਾਣ ਦਾ ਪ੍ਰਤੀਕ ਮੰਨਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਹਰ ਸਾਲ ਦੇਸ਼ਾਂ ਵਿਦੇਸ਼ਾਂ ਵਿੱਚੋਂ ਇਸ ਭਾਈਚਾਰੇ ਨਾਲ ਸੰਬੰਧਤ ਅਤੇ ਹੋਰ ਸੰਗਤਾਂ ਆਉਂਦੀਆਂ ਹਨ।
ਗੱਲ 1990ਵਿਆਂ ਦੀ ਹੈ। ਉਸ ਸਮੇਂ ਮੈਂ ਪਾਰਟੀ ਦੀ ਫਿਲੌਰ ਤਹਿਸੀਲ ਕਮੇਟੀ ਦਾ ਸਕੱਤਰ ਸੀ ਅਤੇ ਮੰਗਤ ਰਾਮ ਪਾਸਲਾ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਸਮਿਆਂ ਵਿੱਚ ਪਾਰਟੀ ਦਾ ਤਹਿਸੀਲ ਕਮੇਟੀ ਦਫ਼ਤਰ ਨੂਰਮਹਿਲ ਵਿਖੇ ਕਾਮਰੇਡ ਭੋਲਾ ਸਿੰਘ ਚੀਮਾਂ ਦੇ ਚੁਬਾਰੇ ਵਿੱਚ ਹੁੰਦਾ ਸੀ। ਇੱਕ ਦਿਨ ਮੈਂ ਅਤੇ ਕੁਝ ਹੋਰ ਕਾਮਰੇਡ ਦਫ਼ਤਰ ਵਿੱਚ ਬੈਠੇ ਸੀ। ਸਾਡੇ ਕੋਲ ਪਿੰਡ ਪਰਤਾਬ ਪੁਰਾ ਦੀ ਸੈਣ ਭਗਤ ਯਾਦਗਾਰ ਕਮੇਟੀ ਦਾ ਇੱਕ ਵਫ਼ਦ ਆਇਆ ਜਿਸ ਵਿੱਚ ਚਾਰ ਪੰਜ ਵਿਅਕਤੀ ਸ਼ਾਮਲ ਸਨ। ਉਨ੍ਹਾਂ ਨੇ ਸਾਨੂੰ ਮੰਗਤ ਰਾਮ ਪਾਸਲੇ ਨੂੰ ਪਹੁੰਚਾਉਣ ਲਈ ਸੈਣ ਭਗਤ ਜੀ ਦੇ ਮੇਲੇ ਦਾ ਇੱਕ ਪੋਸਟਰ (ਇਸ਼ਤਿਹਾਰ) ਅਤੇ ਸੱਦਾ ਪੱਤਰ ਦਿੱਤਾ। ਸੱਦਾ ਪੱਤਰ ਵਿੱਚ ਮੰਗਤ ਰਾਮ ਨੂੰ ਮੇਲੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਹ ਲਿਖਿਆ ਹੋਇਆ ਸੀ ਕਿ ਉਥੇ ਤੁਹਾਨੂੰ ਸਨਮਾਨਤ ਕਰਨਾ ਹੈ। ਨਾਲ ਹੀ ਉਨ੍ਹਾਂ ਨੇ ਸਾਨੂੰ ਸਪਸ਼ਟ ਕੀਤਾ ਕਿ ਅਸੀਂ ਸੀ.ਪੀ.ਆਈ.(ਐਮ.) ਪਾਰਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਸ ਨੇ ਸਾਡੀ ਬਰਾਦਰੀ ਦੇ ਨੌਜੁਆਨ ਕਾਮਰੇਡ ਮੰਗਤ ਰਾਮ ਪਾਸਲਾ ਜੀ ਨੂੰ ਸੂਬਾ ਸਕੱਤਰ ਬਣਾ ਕੇ ਇਤਨਾ ਵੱਡਾ ਸਨਮਾਨ ਦਿੱਤਾ। ਉਨ੍ਹਾਂ ਕਮੇਟੀ ਵਾਲੇ ਵਿਅਕਤੀਆਂ ਨੇ ਸਾਨੂੰ ਇਹ ਪੋਸਟਰ ਅਤੇ ਸੱਦਾ ਪੱਤਰ ਪਾਸਲਾ ”ਜੀ” ਤੱਕ ਜ਼ਰੂਰੀ ਤੌਰ ‘ਤੇ ਪਹੁੰਚਾਉਣ ਦੀ ਤਾਕੀਦ ਕੀਤੀ। ਮੈਂ ਉਨ੍ਹਾਂ ਨੂੰ ਇਹ ਪਾਸਲਾ ਜੀ ਤੱਕ ਪਹੁੰਚਾਉਣ ਦਾ ਯਕੀਨ ਦਵਾਇਆ। ਦੋ ਚਾਰ ਦਿਨ ਬਾਅਦ ਮੈਂ ਜਲੰਧਰ ਸੂਬਾ ਦਫ਼ਤਰ ਗਿਆ। ਉਥੇ ਮੰਗਤ ਰਾਮ ਪਾਸਲਾ ਤਾਂ ਹੈ ਨਹੀਂ ਸੀ ਪਰ ਕਾਮਰੇਡ ਹਰਕੰਵਲ ਸਿੰਘ ਜੀ ਹਾਜ਼ਰ ਸਨ। ਮੈਂ ਹਰਕੰਵਲ ਜੀ ਨੂੰ ਉਹ ਪੋਸਟਰ ਅਤੇ ਸੱਦਾ ਪੱਤਰ ਫੜਨ ਅਤੇ ਮੰਗਤ ਰਾਮ ਨੂੰ ਦੇ ਦੇਣ ਲਈ ਕਿਹਾ। ਬਾਕੀ ਸਾਰੀ ਗੱਲ ਵੀ ਦੱਸੀ। ਹਰਕੰਵਲ ਸਿੰਘ ਜੀ ਨੇ ਪੋਸਟਰ ਅਤੇ ਸੱਦਾ ਪੱਤਰ ਪੜ੍ਹ ਤਾਂ ਲਏ ਪਰ ਲੈਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਹਰਕੰਵਲ ਸਿੰਘ ਨੇ ਮੈਨੂੰ ਵੀ ਪੂਰੇ ਜ਼ੋਰ ਨਾਲ ਕਿਹਾ ਕਿ ਤੁਸੀਂ ਇਹ ਕੁਝ ਪਾਸਲਾ ਜੀ ਨੂੰ ਬਿਲਕੁਲ ਨਾ ਦਿਓ। ਮੇਰੇ ਵੱਲੋਂ ਹੋਰ ਪੁੱਛਣ ‘ਤੇ ਹਰਕੰਵਲ ਸਿੰਘ ਨੇ ਮੈਨੂੰ ਸਮਝਾਇਆ ਅਤੇ ਕਿਹਾ ਕਿ ਜੇਕਰ ਮੈਂ ਪਾਸਲਾ ਜੀ ਨੂੰ ਇਹ ਦਿੱਤੇ ਤਾਂ ਉਸਨੇ ਬਹੁਤ ਗੁੱਸਾ ਕਰਨਾ ਹੈ ਅਤੇ ਤੇਰੇ ਨਾਲ ਲੜ ਪੈਣਾ ਹੈ। ਉਸਨੇ ਤੁਹਾਨੂੰ ਕਹਿਣਾ ਹੈ ਕਿ ਤੂੰ ਮੈਨੂੰ ਜਾਣ ਬੁਝ ਕੇ ਟਿੱਚਰਬਾਜ਼ੀ ਕਰਨ ਲਈ ਇਹ ਕੁਝ ਦੇ ਰਿਹਾ ਹੈਂ। ਨਾਲ ਹੀ ਹਰਕੰਵਲ ਸਿੰਘ ਨੇ ਮੈਨੂੰ ਹੋਰ ਸਮਝਾਇਆ ਕਿ ਇਹੋ ਜਿਹੇ ਜਾਤ ਪਾਤ ‘ਤੇ ਆਧਾਰਤ ਫੰਕਸ਼ਨਾਂ ਵਿੱਚ ਕਾਮਰੇਡ ਸ਼ਾਮਲ ਨਹੀਂ ਹੋਇਆ ਕਰਦੇ ਹਨ। ਗੱਲ ਕੀ ਕਿ ਹਰਕੰਵਲ ਸਿੰਘ ਨੇ ਪੂਰੀ ਸਖ਼ਤੀ ਨਾਲ ਮੈਨੂੰ ਰੋਕ ਦਿੱਤਾ। ਅੰਤ ਮੈਂ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਮੰਗਤ ਰਾਮ ਤੱਕ ਇਹ ਸੱਦਾ ਪੱਤਰ ਅਤੇ ਸੁਨੇਹਾ ਨਾ ਪਹੁੰਚਾਇਆ।
ਥੋੜੇ ਦਿਨ ਬੀਤ ਗਏ। ਸੈਣ ਭਗਤ ਜੀ ਦਾ ਮੇਲਾ ਵੀ ਲੰਘ ਗਿਆ। ਮੈਂ ਪਾਰਟੀ ਦੀ ਕਿਸੇ ਮੀਟਿੰਗ ਵਗ਼ੈਰਾ ਲਈ ਪਿੰਡ ਪਰਤਾਬਪੁਰਾ ਗਿਆ। ਕਾਮਰੇਡ ਬਲਦੇਵ ਸਿੰਘ ਪਰਤਾਬਪੁਰਾ ਦੇ ਘਰ ਬੈਠੇ ਸਾਂ। ਮੈਂ ਕਾਮਰੇਡ ਬਲਦੇਵ ਸਿੰਘ ਨੂੰ ਉਪਰੋਕਤ ਸਾਰੀ ਕਹਾਣੀ ਦੱਸਣੀ ਸ਼ੁਰੂ ਹੀ ਕੀਤੀ ਸੀ ਕਿ ਮੇਰੀ ਗੱਲ ਸੁਣਨ ਅਤੇ ਮੁੱਕਣ ਤੋਂ ਪਹਿਲਾਂ ਹੀ ਬਲਦੇਵ ਸਿੰਘ ਨੇ ਮੈਨੂੰ ਦੱਸ ਦਿੱਤਾ ਕਿ ”ਹਾਂ ਜੀ! ਕਾਮਰੇਡ ਪਾਸਲਾ ਜੀ ਨੂੰ ਸੱਦਿਆ ਗਿਆ ਸੀ, ਉਹ ਆਏ ਸਨ। ਮੇਲੇ ਵਿੱਚ ਸਟੇਜ ਤੋਂ ਉਨ੍ਹਾਂ ਦਾ ਬਹੁਤ ਹੀ ਮਾਨ ਸਨਮਾਨ ਕੀਤਾ ਗਿਆ। ਪਾਸਲਾ ਜੀ ਬਹੁਤ ਖੁਸ਼ ਸਨ।” ਮੇਰੇ ਸਿਰ ‘ਤੇ ਤਾਂ ਪਾਣੀ ਦਾ ਸੌ ਘੜਾ ਪੈ ਗਿਆ। ਮੈਂ ਤਾਂ ਚੁੱਪ ਹੀ ਕਰ ਗਿਆ। ਹੋਰ ਮੈਂ ਕਹਿਣਾ ਵੀ ਕੀ ਸੀ। ਥੋੜੇ ਦਿਨਾਂ ਬਾਅਦ ਹੀ ਮਿਲਣ ‘ਤੇ ਮੈਂ ਕਾਮਰੇਡ ਹਰਕੰਵਲ ਸਿੰਘ ਨੂੰ ਇਹ ਸਾਰਾ ਕੁਝ ਦੱਸਿਆ। ਹਰਕੰਵਲ ਸਿੰਘ ਜੀ ਵੀ ਹੈਰਾਨ ਰਹਿ ਗਏ ਅਤੇ ਝੂਠੇ ਜਿਹੇ ਹੋ ਕੇ ਮਿੰਨ੍ਹਾ-ਮਿੰਨ੍ਹਾ ਵਿਅੰਗਾਤਮਕ ਹਾਸਾ ਬਖੇਰਿਆ। -ਮੈਂ ਸਮਝਦਾ ਹਾਂ ਕਿ ਇਸ ਸੰਬੰਧੀ ਵੀ ਮੈਨੂੰ ਹੋਰ ਕੁਝ ਕਹਿਣ, ਸਮਝਾਉਣ ਜਾਂ ਸਪਸ਼ਟ ਕਰਨ ਦੀ ਕੋਈ ਲੋੜ ਨਹੀਂ ਹੈ। ਸਾਰਾ ਕੁਝ ਆਪਣੇ ਆਪ ‘ਚ ਹੀ ਸਵੈ-ਵਿਆਖਿਆਤਮਿਕ ਹੈ। ਮੰਗਤ ਰਾਮ ਦਾ ਬੌਧਿਕ ਅਤੇ ਵਿਚਾਰਧਾਰਕ ਕੱਚਘਰੜਪੁਣਾ ਅਤੇ ਮੌਕਾਪ੍ਰਸਤਪੁਣਾ ਹੀ ਹੋਰ ਸਪਸ਼ਟ ਹੁੰਦਾ ਹੈ।
ਅਜਿਹੀ ਹੀ ਇੱਕ ਹੋਰ ਘਟਨਾ ਮੇਰੇ ਚੇਤਿਆਂ ਵਿੱਚ ਵਸੀ ਹੋਈ ਹੈ। ਗੱਲ ਉਨ੍ਹਾਂ ਸਮਿਆਂ ਦੀ ਹੈ ਜਦੋਂ ਸੰਤ ਭਿੰਡਰਾਵਾਲਿਆਂ ਦੀ ਮੌਤ ਤੋਂ ਬਾਅਦ ਬਾਬਾ ਠਾਕਰ ਸਿੰਘ ਦਮਦਮੀ ਟਕਸਾਲ ਦੇ ਐਕਟਿੰਗ ਮੁਖੀ ਬਣ ਕੇ ਟਕਸਾਲ ਦੇ ਹੈਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿ ਰਹੇ ਸਨ। ਬਾਬਾ ਠਾਕਰ ਸਿੰਘ 2001 ਵਿੱਚ ਹੋਈ ਆਪਣੀ ਮੌਤ ਤੱਕ ਪੂਰੇ 17 ਸਾਲ ਇਹ ਕਹਿ ਕੇ ਝੂਠ ਬੋਲ ਕੇ ਆਪਣੀ ਝੂਠ ਦੀ ਦੁਕਾਨ ਚਲਾਉਂਦੇ ਰਹੇ ਅਤੇ ਲੋਕਾਂ ਨੂੰ ਗੁਮਰਾਹ ਕਰਦੇ ਰਹੇ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀਊਂਦੇ ਹਨ। ਇਸ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਨਜ਼ਦੀਕ ਹੀ ਇੱਕ ਪਿੰਡ ਹੈ ਖੱਬਾ ਰਾਜਪੂਤਾਂ। ਹੁਣ ਦਾ ਤਾਂ ਪਤਾ ਨਹੀਂ ਪਰ ਉਸ ਸਮੇਂ ਪਿੰਡ ਵਿੱਚ ਸੀਪੀਆਈ (ਐਮ) ਦਾ ਯੂਨਿਟ ਹੁੰਦਾ ਸੀ। ਉਨ੍ਹਾਂ ਹੀ ਦਿਨਾਂ ‘ਚ ਇਸ ਪਿੰਡ ਵਿੱਚ ਪਾਰਟੀ ਦਾ ਕੋਈ ਫੰਕਸ਼ਨ-ਪ੍ਰੋਗਰਾਮ ਮੀਟਿੰਗ ਵਗੈਰਾ ਹੋਈ। ਮੰਗਤ ਰਾਮ ਪਾਸਲਾ ਇਸ ਸੰਬੰਧੀ ਪਿੰਡ ਵਿੱਚ ਪਹੁੰਚੇ। ਪਾਰਟੀ ਪ੍ਰੋਗਰਾਮ ਦੇ ਖ਼ਤਮ ਹੋਣ ਤੋਂ ਬਾਅਦ ਜਾਂ ਪਹਿਲਾਂ ਪਿੰਡ ਦੇ ਕਾਮਰੇਡਾਂ ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਗਏ। ਮੱਥਾ ਟੇਕਿਆ, ਲੰਗਰ ਛਕਿਆ ਅੰਤ ਬਾਬਾ ਠਾਕਰ ਸਿੰਘ ਨਾਲ ਮੁਲਾਕਾਤ ਕੀਤੀ। ਬਾਬਾ ਠਾਕਰ ਸਿੰਘ ਨੇ ਪਾਸਲਾ ਜੀ ਦਾ ਸਨਮਾਨ ਕੀਤਾ ਅਤੇ ਸਿਰੋਪਾ ਸਾਹਿਬ ਪਾਸਲਾ ਜੀ ਦੇ ਗਲ ਵਿੱਚ ਪਾਇਆ। ਇਹ ਅਜੇ ਉਹ ਹੀ ਸਮਾਂ ਚੱਲ ਰਿਹਾ ਸੀ ਜਦੋਂ ਖ਼ਾਲਿਸਤਾਨੀ ਦਹਿਸ਼ਤਗਰਦੀ ਅਜੇ ਜਾਰੀ ਸੀ ਅਤੇ ਇਨ੍ਹਾਂ ਵੱਲੋਂ ਹੋਰ ਨਿਰਦੋਸ਼ ਲੋਕਾਂ ਦੇ ਨਾਲ ਨਾਲ ਕਮਿਊਨਿਸਟਾਂ ਨੂੰ ਸ਼ਹੀਦ ਕਰਨ ਦਾ ਕੰਮ ਲਗਾਤਾਰ ਜਾਰੀ ਸੀ। ਸੰਤ ਭਿੰਡਰਾਵਾਲੇ ਦਾ ਹੈਡ ਕੁਆਰਟਰ ਇਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਜੇ ਵੀ ਖ਼ਾਲਿਸਤਾਨੀ ਦਹਿਸ਼ਤਕਾਰਾਂ ਦਾ ਇੱਕ ਕੇਂਦਰ ਹੀ ਸੀ। ਇਸ ਵਾਕਿਆ ਬਾਰੇ ਮੈਨੂੰ ਜਾਣਕਾਰੀ ਪਹਿਲਾਂ ਵੀ ਸੀ ਜਦੋਂ ਪਾਸਲਾ ਜੀ ਬਾਬਾ ਠਾਕਰ ਸਿੰਘ ਤੋਂ ਸਿਰੋਪਾ ਲੈ ਕੇ ਆਏ ਸਨ । ਪਰ ਕੁਝ ਸਮਾਂ ਪਹਿਲਾਂ ਕਾਮਰੇਡ ਰਣਵੀਰ ਸਿੰਘ ਵਿਰਕ ਵੱਲੋਂ ਕਿਸੇ ਸੰਦਰਭ ਵਿੱਚ ਮੁੜ ਮੈਨੂੰ ਇਸ ਵਾਕਿਆਤ ਬਾਰੇ ਯਾਦ ਕਰਵਾਇਆ ਗਿਆ। ਅਸੀਂ ਫਿਰ ਇਹ ਹੀ ਕਹਿੰਦੇ ਹਾਂ ਕਿ ਮੰਗਤ ਰਾਮ ਦੀ ਇਸ ਕਾਰਵਾਈ ਦੇ ਅਰਥਾਂ ਬਾਰੇ ਵੀ ਬਹੁਤਾ ਕੁਝ ਕਹਿਣ ਜਾਂ ਸਪਸ਼ਟ ਕਰਨ ਦੀ ਲੋੜ ਨਹੀਂ। ਇਹ ਵੀ ਆਪਣੇ ਆਪ ਵਿੱਚ ਹੀ ਸਵੈ-ਵਿਆਖਿਆਤਮਕ ਹੀ ਹੈ ਕਿ ਮੰਗਤ ਰਾਮ ਦਾ ਕਮਿਊਨਿਸਟ ਵਿਚਾਰਾਂ, ਸਿਧਾਂਤਾਂ, ਰਵਾਇਤਾਂ ਆਦਿ ਨਾਲ ਵੀ ਬਹੁਤਾ ਵਾਹ-ਵਾਸਤਾ ਨਹੀਂ ਹੈ, ਸਿਰਫ਼ ਲਬਾਦਾ ਹੀ ਪਾਇਆ ਹੋਇਆ ਹੈ।
ਇਸ ਦੇ ਨਾਲ ਲੱਗਦਿਆਂ ਹੀ ਇੱਕ ਹੋਰ 30-35 ਸਾਲ ਪੁਰਾਣੀ ਛੋਟੀ ਜਿਹੀ ਕਹਾਣੀ ਯਾਦ ਆ ਰਹੀ ਹੈ ਜੋ ਮੰਗਤ ਰਾਮ ਦੀ ਓਪਰੀ ਅਤੇ ਕੱਚੀ ਸਮਝ ਦਾ ਹੀ ਸਬੂਤ ਹੈ। ਸਾਡੇ ਸਾਰੇ ਸਾਥੀਆਂ, ਸਨੇਹੀਆਂ ਪਾਠਕਾਂ ਅਤੇ ਸਰੋਤਿਆਂ ਨੂੰ ਪਤਾ ਹੀ ਹੈ ਕਿ ਅਸੀਂ ਕਮਿਊਨਿਸਟ ਜਦੋਂ ਖ਼ਾਲਿਸਤਾਨੀ ਦਹਿਸ਼ਤਗਰਦਾਂ ਦੀਆਂ ਦਹਿਸ਼ਤਗਰਦੀ ਤੇ ਲੋਕ ਵਿਰੋਧੀ, ਦੇਸ਼ ਧਰੋਹੀ ਅਤੇ ਫਿਰਕੂ ਕਾਰਨਾਮਿਆਂ ਦਾ ਵਿਰੋਧ ਅਤੇ ਆਲੋਚਨਾ ਕਰਦੇ ਹਾਂ ਤਾਂ ਆਪਣੀ ਗੱਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਮ ਤੌਰ ‘ਤੇ ਹੀ ਲਿਖਦੇ ਜਾਂ ਕਹਿੰਦੇ ਹੁੰਦੇ ਹਾਂ ਕਿ ਇਨ੍ਹਾਂ ਦੇਸ਼ ਦੁਸ਼ਮਣ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਸਿੱਖ ਧਰਮ ਦੇ ਉੱਚੇ ਸੁੱਚੇ ਅਸੂਲਾਂ, ਸਿਧਾਂਤਾਂ, ਵਿਚਾਰਾਂ, ਰਵਾਇਤਾਂ ਦੇ ਵੀ ਉਲਟ ਹਨ। ਸਾਡੀ ਇਸ ਤਰ੍ਹਾਂ ਕੀਤੀ ਗਈ ਪੇਸ਼ਕਾਰੀ ਸਾਡੇ ਵਿਚਾਰਾਂ ਨੂੰ ਹੋਰ ਵੀ ਪਰਪੱਕ ਅਤੇ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ। ਉਨ੍ਹਾਂ ਦਿਨਾਂ ਵਿੱਚ ਹੀ ਮੰਗਤ ਰਾਮ ਪਾਸਲਾ ਦਾ ਲੋਕ ਲਹਿਰ ਵਿੱਚ ਛਪਿਆ ਇਕ ਆਰਟੀਕਲ ਮੈਂ ਪੜ੍ਹਿਆ। ਇਹ ਆਰਟੀਕਲ ਆਰਐਸਐਸ, ਬੀਜੇਪੀ ਅਤੇ ਕਈ ਹੋਰ ਕੱਟੜ ਹਿੰਦੂਵਾਦੀ ਫਿਰਕੂ ਸੰਗਠਨਾਂ ਦੀਆਂ ਫਿਰਕੂ ਅਤੇ ਭੜਕਾਊ ਕਾਰਵਾਈਆਂ ਵਿਰੁੱਧ ਸੀ। ਕਈ ਅਜਿਹੀਆਂ ਭੜਕਾਊ ਕਾਰਵਾਈਆਂ ਦਾ ਵੇਰਵਾ ਵੀ ਆਰਟੀਕਲ ਵਿੱਚ ਦੱਸਿਆ ਗਿਆ। ਜਿਨ੍ਹਾਂ ਵਿੱਚ ਬਾਬਰੀ ਮਸਜਿਦ ਨੂੰ ਢਾਹੁਣਾ ਵੀ ਸ਼ਾਮਲ ਸੀ। ਆਪਣੀ ਗੱਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਰਟੀਕਲ ਵਿੱਚ ਮੰਗਤ ਰਾਮ ਨੇ ਇਹ ਲਿਖਿਆ ਕਿ ਉਪਰੋਕਤ ਫ਼ਿਰਕੂ ਸੰਗਠਨਾਂ ਦੀਆਂ ਇਹ ਭੜਕਾਊ ਕਾਰਵਾਈਆਂ ਹਿੰਦੂ ਧਰਮ ਦੀਆਂ ਉੱਚੀਆਂ ਸੁੱਚੀਆਂ ਅਗਾਂਹ ਵਧੂ ਰਵਾਇਤਾਂ, ਅਸੂਲਾਂ, ਸਿਧਾਂਤਾਂ, ਵਿਚਾਰਾਂ ਦੇ ਵੀ ਵਿਰੁੱਧ ਹਨ। ਇਹ ਲਾਈਨਾਂ ਪੜ੍ਹ ਕੇ ਮੇਰਾ ਮੱਥਾ ਇਕ ਦਮ ਠਣਕਿਆ ਅਤੇ ਮੈਂ ਸੋਚਣ ਲੱਗ ਪਿਆ ਕਿ ਹਿੰਦੂ ਧਰਮ ਦੀਆਂ ਅਜਿਹੀਆਂ ਕਿਹੜੀਆਂ ਅਗਾਂਹਵਧੂ, ਉੱਚੀਆਂ ਸੁੱਚੀਆਂ ਰਵਾਇਤਾਂ, ਸਿਧਾਂਤ, ਅਸੂਲ, ਕਾਰਨਾਮੇ ਹਨ ਜਿਨ੍ਹਾਂ ਬਾਰੇ ਮੰਗਤ ਰਾਮ ਗੱਲ ਕਰ ਰਿਹਾ ਹੈ। ਉਸ ਸਮੇਂ ਵੀ ਅਤੇ ਅੱਜ ਵੀ ਮੇਰੀ ਇਹ ਹੀ ਸੋਚ ਹੈ ਕਿ ਹਿੰਦੂ ਧਰਮ ਦੇ ਸਾਰੇ ਅਸੂਲ, ਸਿਧਾਂਤ, ਰਵਾਇਤਾਂ ਆਦਿ ਮਨੂ-ਸਮ੍ਰਿਤੀ ਅਨੁਸਾਰ ਮਾਨਵ ਜਾਤ ਨੂੰ ਜਾਤਾਂ-ਪਾਤਾਂ, ਦੇਵਤਿਆਂ-ਰਾਖਸ਼ਾਂ, ਊਚਾਂ-ਨੀਚਾਂ ਵਿੱਚ ਵੰਡਣ ਵਾਲੇ, ਔਰਤ ਵਿਰੋਧੀ ਸਤੀ, ਜੌਹਰ, ਬਹੁ-ਪਤੀ, ਬਹੁ-ਪਤਨੀ, ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣਾ, ਬਾਲ-ਵਿਆਹ, ਦੇਵ-ਦਾਸੀ ਪ੍ਰਥਾ, ਵਿਧਵਾ ਔਰਤਾਂ ਦਾ ਅੱਤ ਦਾ ਤਰਿਸਕਾਰ, ਛੂਤ-ਛਾਤ, ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦੇਣਾ ਅਤੇ ਅਜਿਹਾ ਹੋਰ ਬਹੁਤ ਕੁਝ, ਮਨੁਖ਼ਤਾ ਵਿਰੋਧੀ ਹਨ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਣਾ ਹੈ। ਮੰਗਤ ਰਾਮ ਵੱਲੋਂ ਹਿੰਦੂ ਧਰਮ ਦੀਆਂ ਉੱਚੀਆਂ ਸੁੱਚੀਆਂ ਰਵਾਇਤਾਂ, ਅਸੂਲਾਂ ਸਿਧਾਂਤਾਂ ਆਦਿ ਬਾਰੇ ਤੱਥਹੀਣ ਤਰਕ ਦੇਣਾ, ਉਸਦੀ ਬਹੁਤ ਹੀ ਪੇਤਲੀ , ਓਪਰੀ ਅਤੇ ਨਾਕਸ ਸੋਚ ਅਤੇ ਸਮਝ ਦਾ ਹੀ ਪ੍ਰਗਟਾਵਾ ਹੈ।
ਮੇਰੇ ਕੋਲ ਮੰਗਤ ਰਾਮ ਦੀਆਂ ਅਜਿਹੀਆਂ ਹੋਰ ਅਨੇਕਾਂ ਕਾਰਵਾਈਆਂ ਦੀਆਂ ਜਾਣਕਾਰੀਆਂ ਹਨ ਪਰ ਮੈਂ ਉਨ੍ਹਾਂ ਸਾਰੀਆਂ ਬਾਰੇ ਇਥੇ ਲਿਖਣ ਦੀ ਲੋੜ ਨਹੀਂ ਸਮਝਦਾ। ਬੀਜੇਪੀ ਦੇ ਆਗੂਆਂ ਨਾਲ ਮਿਲਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਸ਼ੋਭਾ ਯਾਤਰਾ ਦੀ ਸ਼ੁਭ ਜੋਤ ਜਗਾ ਕੇ ਆਰੰਭ ਕਰਨਾ, ਇੱਕ ਜਾਤੀ (ਨਾਈ ਭਾਈਚਾਰਾ) ਦੇ ਸਮਾਗਮ ‘ਚ ਉਸ ਜਾਤੀ ਦੇ ਆਗੂ ਦੇ ਤੌਰ ‘ਤੇ ਸਨਮਾਨ ਕਰਵਾਉਣਾ, ਸੰਤ ਭਿੰਡਰਾਵਾਲੇ ਦੇ ਹੈਡਕੁਆਰਟਰ ਵਿੱਚ ਜਾਕੇ ਖ਼ਾਲਿਸਤਾਨੀ ਦਹਿਸ਼ਤਗਰਦਾਂ ਦੇ ਪਰਤੀਕ ਜਾਂ ਨੁਮਾਇੰਦੇ ਬਾਬਾ ਠਾਕਰ ਸਿੰਘ ਤੋਂ ਸਿਰੋਪਾ ਗਲ ਵਿੱਚ ਪੁਆਉਣਾ, ”ਹਿੰਦੂ ਧਰਮ ਦੀਆਂ ਉੱਚੀਆਂ-ਸੁੱਚੀਆਂ, ਅਗਾਂਹ ਵਧੂ ਰਵਾਇਤਾਂ, ਅਸੂਲਾਂ, ਸਿਧਾਂਤਾਂ ਦੇ ਸੋਹਲੇ ਪੜ੍ਹਨਾ” ਆਦਿ ਸਭ ਕੁਝ ਤੋਂ ਹੀ ਇਹ ਪੂਰੀ ਤਰ੍ਹਾਂ ਸਾਫ਼ ਅਤੇ ਸਪਸ਼ਟ ਹੋ ਜਾਂਦਾ ਹੈ ਕਿ ਮੰਗਤ ਰਾਮ ਵਾਸਤੇ ਬੌਧਿਕਤਾ ਵਿਚਾਰਧਾਰਾ ਵਰਗੀਆਂ ਉੱਚ ਪੱਧਰੀ ਭਾਵਨਾਵਾਂ, ਕਦਰਾਂ ਕੀਮਤਾਂ ਦੀ ਕੋਈ ਮਹੱਤਤਾ ਨਾ ਹੈ ਅਤੇ ਨਾ ਹੀ ਕਦੇ ਸੀ। ਇਸ ਸ਼ਖਸ ਵਾਸਤੇ ”ਮੌਕਾਪ੍ਰਸਤੀ” ਹੀ ਸਭ ਤੋਂ ਵੱਡੀ ਵਿਚਾਰਧਾਰਾ, ਸਿਧਾਂਤ ਅਤੇ ਅਸੂਲ ਸੀ ਅਤੇ ਹੈ।
ਮੰਗਤ ਰਾਮ ਪਾਸਲਾ ਦੀ ਬੌਧਿਕਤਾ, ਵਿਚਾਰਧਾਰਾ, ਅਸੂਲਾਂ ਸਿਧਾਂਤਾਂ ਆਦਿ ਬਾਰੇ ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਹੁਣ ਅਸੀਂ ਇਸ ਸ਼ਖਸ ਦੀਆਂ ਰਾਜਨੀਤਿਕ ਮੌਕਾਪ੍ਰਸਤੀਆਂ ਅਤੇ ਬੇ-ਅਸੂਲੇਪਨ ਬਾਰੇ ਵੀ ਦੋ-ਚਾਰ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਸਾਲ 2001 ਵਿੱਚ ਜਦੋਂ ਸ਼ਖਸ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਣਾ ਪਿਆ ਸੀ, ਉਸ ਸਮੇਂ ਹੋਰ ਕਈ ਝੂਠੀਆਂ ਤੋਹਮਤਾਂ ਦੇ ਨਾਲ ਨਾਲ ਇਹ ਭਗੌੜਾ ਪੂਰੇ ਜ਼ੋਰ-ਸ਼ੋਰ ਨਾਲ ਪਰਚਾਰ ਕਰਦਾ ਹੁੰਦਾ ਸੀ ਕਿ ਕਾਮਰੇਡ ਸੁਰਜੀਤ ਨੇ ਬੀਜੇਪੀ ਨੂੰ ਸੱਤਾ/ਸਰਕਾਰ ਤੋਂ ਬਾਹਰ ਰੱਖਣ ਦੇ ਬਹਾਨੇ ਨਾਲ ਸੀਪੀਆਈ (ਐਮ) ਨੂੰ ਕਾਂਗਰਸ ਪਾਰਟੀ ਦੀ ਹਿਮਾਇਤੀ ਬਣਾ ਦਿੱਤਾ ਹੈ। ਮੰਗਤ ਰਾਮ ਤੇ ਉਸਦੀ ਜੁੰਡਲੀ ਇਹ ਪਰਚਾਰ ਕਰਦੇ ਸਨ ਕਿ ਪਾਰਟੀ ਨੂੰ ਬੀਜੇਪੀ ਅਤੇ ਕਾਂਗਰਸ ਪਾਰਟੀ ਦੋਹਾਂ ਤੋਂ ਹੀ ਬਰਾਬਰ ਦੀ ਦੂਰੀ (ਇਕੁਈਡਿਸਟੈਂਸ) ਬਣਾ ਕੇ ਰੱਖਣੀ ਚਾਹੀਦੀ ਹੈ। ਸੀਪੀਆਈ (ਐਮ) ਉਸ ਸਮੇਂ ਵੀ, ਉਸ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਆਪਣੀ ਦਾਅ-ਪੇਚਕ ਲਾਈਨ ਦੀ ਲਗਾਤਾਰ ਵਿਆਖਿਆ ਕਰਦੀ ਆ ਰਹੀ ਹੈ ਕਿ ਸਮੇਂ ਸਮੇਂ ਅਨੁਸਾਰ ਪਾਰਟੀ ਦੀ ਦਾਅ-ਪੇਚਕ ਲਾਈਨ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ। ਜਦੋਂ ਤੱਕ ਦੇਸ਼ ਵਿੱਚ ਰਾਜਨੀਤਿਕ ਤੌਰ ‘ਤੇ ਕਾਂਗਰਸ ਪਾਰਟੀ ਦੀ ਅਜ਼ਾਰੇਦਾਰੀ ਰਹੀ ਉਸ ਸਮੇਂ ਤੱਕ ਕਾਂਗਰਸ ਪਾਰਟੀ ਨੂੰ ਹਰਾਉਣਾ ਸੀਪੀਆਈ (ਐਮ) ਦਾ ਮੁੱਖ ਰਾਜਸੀ ਏਜੰਡਾ ਰਿਹਾ। ਜਦੋਂ ਫ਼ਿਰਕੂ ਅਤੇ ਹਿੰਦੂਤਵੀ ਪਾਰਟੀ ਬੀਜੇਪੀ ਫ਼ਿਰਕੂ ਨਾਅਰੇ ਅਤੇ ਫ਼ਿਰਕੂ ਕਾਰਵਾਈਆਂ ਕਰਕੇ ਵੱਡੀ ਤਾਕਤ ਬਣ ਗਈ ਤਾਂ ਪਾਰਟੀ ਨੇ ਦੋਹਾਂ ਨੂੰ ਹੀ ਹਰਾਉਣ ਅਤੇ ਤੀਸਰੇ ਮੋਰਚੇ ਨੂੰ ਮਜ਼ਬੂਤ ਕਰਨ ਦੀ ਦਾਅ ਪੇਚਕ ਲਾਈਨ ਤੈਅ ਕੀਤੀ। ਇਸ ਤੋਂ ਬਾਅਦ ਜਦੋਂ ਦੇਸ਼ ਵਿੱਚ ਬੀਜੇਪੀ ਦੇ ਕੇਂਦਰੀ ਸਰਕਾਰ ਵਿੱਚ ਸ਼ਾਮਲ ਹੋਣ ਅਤੇ ਕੇਂਦਰੀ ਸਰਕਾਰ ਤੇ ਕਾਬਜ਼ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਤਾਂ ਪਾਰਟੀ ਨੇ ਬੀਜੇਪੀ ਨੂੰ ਤਾਕਤ ਵਿੱਚ ਆਉਣ ਤੋਂ ਰੋਕਣ ਲਈ ਕਾਂਗਰਸ ਸਮੇਤ ਸਾਰੀਆਂ ਗੈਰਫਿਰਕੂ, ਜਮਹੂਰੀ ਅਤੇ ਧਰਮ ਨਿਰਪੱਖ ਪਾਰਟੀਆਂ ਅਤੇ ਸ਼ਕਤੀਆਂ ਨੂੰ ਇਕੱਠੇ ਹੋਣ ਦੀ ਦਾਅ ਪੇਚਕ ਲਾਈਨ ਤੈਅ ਕੀਤੀ। ਇਹੋ ਰਾਜਨੀਤਕ ਲਾਈਨ ਅੱਜ ਵੀ ਜਾਰੀ ਹੈ।
ਜਿਥੋਂ ਤੱਕ ਮੰਗਤ ਰਾਮ ਪਾਸਲਾ ਜੁੰਡਲੀ ਦੀ ਰਾਜਨੀਤਕ ਲਾਈਨ ਦਾ ਸਬੰਧ ਹੈ ਇਸਦੀ ਇਕੋ ਇੱਕ ਵਿਆਖਿਆ ਬਣਦੀ ਹੈ ਅਤੇ ਉਹ ਹੈ ”ਮੌਕਾਪ੍ਰਸਤੀ ਤੇ ਸਿਰਫ ਮੌਕਾ ਪ੍ਰਸਤੀ” । ਇਥੇ ਅਸੀਂ ਇਸ ਸ਼ਖਸ ਦੀਆਂ ਰਾਜਨੀਤਕ ਮੌਕਾਪ੍ਰਸਤੀਆਂ ਦੀਆਂ ਥੋੜੀਆਂ ਉਦਾਹਰਣਾਂ ਪੇਸ਼ ਕਰ ਰਹੇ ਹਾਂ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ”ਪੰਜਾਬ ਡੈਮੋਕਰੈਟਿਕ ਅਲਾਇੰਸ” ਨਾਂ ਦੇ ਇੱਕ ਅਜਿਹੇ ਗਠਜੋੜ ਵਿੱਚ ਮੰਗਤ ਰਾਮ ਪਾਸਲਾ ਸ਼ਾਮਲ ਹੋ ਗਿਆ ਜਿਸ ਵਿੱਚ ਖਾਲਿਸਤਾਨੀ ਵਿਚਾਰਧਾਰਾ ਵਾਲੇ ਆਗੂ ਵੀ ਸ਼ਾਮਲ ਸਨ। ਇਸ ਗਠਜੋੜ ਵੱਲੋਂ ਇੱਕ ਇਸ਼ਤਿਹਾਰ ਛਾਪਿਆ ਗਿਆ ਜਿਸ ਵਿੱਚ ਮੰਗਤ ਰਾਮ ਪਾਸਲਾ, ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ, ਅਮਰੀਕ ਸਿੰਘ ਅਜਨਾਲਾ ਵਰਗੇ ”ਆਗੂਆਂ” ਦੀਆਂ ਤਸਵੀਰਾਂ ਇਕੱਠੀਆਂ ਹੀ ਛਾਪੀਆਂ ਗਈਆਂ। ਇਨ੍ਹਾਂ ਚੋਣਾਂ ਵਿੱਚ ਖਾਲਿਸਤਾਨੀ ਵਿਚਾਰਾਂ ਵਾਲੀ ਬੀਬੀ ਪਰਮਜੀਤ ਕੌਰ ਖਾਲੜਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਸੀ ਅਤੇ ਪਾਸਲਾ ਜੀ ਨੇ ਮਿਹਨਤਕਸ਼ ਲੋਕਾਂ ਦੇ ਖੂੰਨ ਨਾਲ ਰੰਗਿਆ ਲਾਲ ਝੰਡਾ ਬੀਬੀ ਜੀ ਦੇ ਖਾਲਿਸਤਾਨੀ ਝੰਡੇ ਦੇ ਨਾਲ ਟੰਗ ਦਿੱਤਾ।
ਹੋਰ ਸੁਣੋ ! 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਤਾਂ ਸਿਰੇ ਦੀ ਮੌਕਾਪ੍ਰਸਤੀ ਵਿਖਾਉਂਦੇ ਹੋਏ ਮੰਗਤ ਰਾਮ ਪਾਸਲਾ ਨੇ ਆਪਣੀ ਪਾਰਟੀ ਦਾ ਲਾਲ ਝੰਡਾ ਸੁੱਟ ਹੀ ਦਿੱਤਾ ਅਤੇ ”ਸੰਯੁਕਤ ਸਮਾਜ ਮੋਰਚੇ” ਦੇ ਬੈਨਰ ਹੇਠ ਹਰੇ ਝੰਡੇ, ਹਰੇ ਪਰਨੇ ਅਤੇ ਹਰੀਆਂ ਪੱਗਾਂ ਬੰਨ੍ਹ ਕੇ ਚੋਣਾਂ ਲੜੀਆਂ। ਉਪਰੋਕਤ ਦੋਹਾਂ ”ਕਾਰਨਾਮਿਆਂ” ਤੋਂ ਸਪਸ਼ਟ ਹੁੰਦਾ ਹੈ ਕਿ ਬੌਧਿਕ ਅਤੇ ਵਿਚਾਰਧਾਰਕ ਕੰਗਾਲੀ ਦੇ ਸ਼ਿਕਾਰ ਇਸ ਵਿਅਕਤੀ ਨੂੰ ਲਾਲ ਝੰਡੇ ਦੀ ਮਹੱਤਤਾ ਅਤੇ ਮਹਾਨਤਾ ਦਾ ਵੀ ਕੋਈ ਅਹਿਸਾਸ ਜਾਂ ਸਮਝ ਨਹੀਂ ਹੈ। ਇਸ ਦੀ ਸੋਚ ਅਨੁਸਾਰ ਲਾਲ ਝੰਡਾ ਸਿਰਫ ਇਕ ਕੱਪੜੇ ਦਾ ਟੋਟਾ ਹੀ ਹੈ, ਜਦੋਂ ਅਤੇ ਜਿਥੇ ਜੀ ਕੀਤਾ ਉਥੇ ਟੰਗ ਦਿੱਤਾ ਅਤੇ ਜਦੋਂ ਅਤੇ ਜਿਥੇ ਜੀ ਕੀਤਾ ਸੁੱਟ ਦਿੱਤਾ ਜਾਂ ਲਪੇਟ ਕੇ ਜੇਬ ‘ਚ ਪਾ ਲਿਆ। ਇਸ ਵਰਤਾਰੇ ਨੂੰ ਸਿਰੇ ਦੀ ਮੌਕਾਪ੍ਰਸਤੀ ਹੀ ਕਿਹਾ ਜਾਂਦਾ ਹੈ।
ਅਸੀਂ ਪਿਛਲੇ ਸਮਿਆਂ ਵਿੱਚ ਇੱਕ ਵਾਰ ਨਹੀਂ ਕਈਂ ਵਾਰ ਇਸ ਪਾਸਲਾ ”ਜੀ” ਨੂੰ ਪੁੱਛ ਚੁੱਕੇ ਹਾਂ ਕਿ ਦਸੋ ਤਾਂ ਸਹੀ ਕਿ 2019 ਦੀਆਂ ਚੋਣਾਂ ਵਿੱਚ ਤੁਸੀਂ ਖਾਲਿਸਤਾਨੀਆਂ ਨਾਲ ਸਾਂਝਾ ਮੋਰਚਾ ਕਿਉਂ ਬਣਾਇਆ, ਲਾਲ ਝੰਡੇ ਨੂੰ ਖਾਲਿਸਤਾਨੀਆਂ ਦੇ ਝੰਡੇ ਨਾਲ ਕਿਉਂ ਟੰਗਿਆ ਅਤੇ 2022 ਦੀਆਂ ਚੋਣਾਂ ਵਿੱਚ ਲਾਲ ਝੰਡੇ ਨੂੰ ਲੁਕੋ ਕੇ ਹਰਾ ਝੰਡਾ ਕਿਉਂ ਚੁੱਕਿਆ? ਪਰ ਪਾਸਲਾ ਜਾਂ ਉਸਦੇ ਕਿਸੇ ਨਾਲ ਦੇ ਨੇ ਅੱਜ ਤੱਕ ਸਾਡੇ ਇਸ ਸਵਾਲ ਦਾ ਉੱਤਰ ਨਹੀਂ ਦਿੱਤਾ। ਇਨ੍ਹਾਂ ਨੇ ਉੱਤਰ ਇਸ ਲਈ ਨਹੀਂ ਦਿੱਤਾ ਕਿਉਂਕਿ ਇਨ੍ਹਾਂ ਕੋਲ ਸਾਡੇ ਇਨ੍ਹਾਂ ਸਵਾਲਾਂ ਦਾ ਉੱਤਰ ਹੈ ਹੀ ਨਹੀਂ ਹੈ। ਸਾਨੂੰ ਪਤਾ ਹੈ ਕਿ ਇਨ੍ਹਾਂ ਨੇ ਹੁਣ ਵੀ ਉੱਤਰ ਨਹੀਂ ਦੇਣਾ ਪਰ ਫਿਰ ਵੀ ਅਸੀਂ ਇਨ੍ਹਾਂ ਨੂੰ ਹੁਣ ਫਿਰ ਕਹਿੰਦੇ ਹਾਂ ਕਿ 2019 ਵਿੱਚ ਲਾਲ ਝੰਡੇ ਨੂੰ ਖ਼ਾਲਿਸਤਾਨੀ ਝੰਡੇ ਨਾਲ ਕਿਉਂ ਟੰਗਿਆ ਅਤੇ 2022 ਵਿੱਚ ਲਾਲ ਝੰਡੇ ਨੂੰ ਜੇਬ ਵਿੱਚ ਪਾ ਕੇ ਹਰਾ ਝੰਡਾ ਕਿਉਂ ਚੁੱਕਿਆ? -ਦੱਸੋ-
ਆਓ ਹੁਣ ਅੱਗੇ ਚੱਲੀਏ। ਜਿਸ ਦਿਨ ਤੋਂ ਇਸ ਪਾਸਲਾ ”ਜੀ” ਨੇ ਸੀਪੀਆਈ (ਐਮ) ਨਾਲ ਗੱਦਾਰੀ ਕਰਕੇ ਆਪਣੀ ”ਢਾਈ ਇੱਟ ਦੀ ਵੱਖਰੀ ਮਸੀਤ” ਬਣਾਈ ਹੈ, ਉਸੇ ਦਿਨ ਤੋਂ ਹੀ ਇਹ ਸ਼ਖਸ ਲਗਾਤਾਰ ਬਾਰ ਬਾਰ ਇਹ ਕਹਿੰਦਾ ਆ ਰਿਹਾ ਹੈ ਕਿ ਕਮਿਊਨਿਸਟ ਏਕਤਾ ਹੋਣੀ ਚਾਹੀਦੀ ਹੈ, ਸਾਰੀਆਂ ਖੱਬੇ-ਪੱਖੀ ਪਾਰਟੀਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ ਬਗ਼ੈਰਾ ਬਗ਼ੈਰਾ…। ਅਸੀਂ ਉਸੇ ਦਿਨ ਤੋਂ ਹੀ ਇਸਦੇ ਇਸ ਕਹਿਣ ਦਾ ਉੱਤਰ ਦਿੰਦੇ ਹੋਏ ਕਹਿੰਦੇ ਆ ਰਹੇ ਹਾਂ ਕਿ ਜੇਕਰ ਤੁਸੀਂ ਸੱਚਮੁੱਚ ਹੀ ਇਸ ਏਕਤਾ ਲਈ ਗੰਭੀਰ ਹੋ ਅਤੇ ਸੱਚਮੁੱਚ ਹੀ ਏਕਤਾ ਚਾਹੁੰਦੇ ਹੋ ਤਾਂ ਸਾਡੇ ਸਿਰਫ਼ ਇੱਕ ਸਵਾਲ ਦਾ ਉੱਤਰ ਦੇ ਦਿਓ ਕਿ ਪਹਿਲਾਂ ਤੁਸੀਂ ਇਹ ਦਸ ਦਿਓ ਕਿ ਤੁਸੀਂ ਸੀਪੀਆਈ (ਐਮ) ਨੂੰ ਤੋੜਿਆ ਕਿਉਂ? ਜਦੋਂ ਤੁਸੀਂ ਸਾਡੇ ਇਸ ਸਵਾਲ ਦਾ ਸਹੀ ਉੱਤਰ ਦੇ ਦਿਓਗੇ ਤਾਂ ਉਸੇ ਸਮੇਂ ਏਕਤਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਅਸਲੀਅਤ ਇਹ ਹੈ ਕਿ ਇਸ ਸਵਾਲ ਦਾ ਠੀਕ ਉੱਤਰ ਦੇਣ ਦੀ ਹਿੰਮਤ ਅਤੇ ਯੋਗਤਾ ”ਮੰਗਤ ਰਾਮ ਪਾਸਲਾ” ਨਾਂ ਦੇ ਇਸ ਵਿਅਕਤੀ ਕੋਲ ਹੈ ਹੀ ਨਹੀਂ । ਵੈਸੇ ਵੀ ਇਹ ਬੇਸ਼ਰਮਪੁਣੇ ਦੀ ਸਿਖਰ ਹੀ ਹੈ ਕਿ ਜਿਹੜੇ ਵਿਅਕਤੀ ਨੇ ਏਕਤਾ ਤੋੜੀ ਹੈ, ਉਹ ਹੀ ਏਕਤਾ ਦੀ ਦੁਹਾਈ ਦੇ ਰਿਹਾ ਹੈ। -ਇਥੇ ਅਸੀਂ ਏਕਤਾ ਲਈ ਇੱਕ ਹੋਰ ਪੇਸ਼ਕਸ਼ ਵੀ ਇਸ ਪਾਸਲਾ ”ਜੀ” ਨੂੰ ਜੋ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਾਂ, ਅੱਜ ਮੁੜ ਕਰਨ ਜਾ ਰਹੇ ਹਾਂ। ਇਹ ਪੇਸ਼ਕਸ਼ ਅਸੀਂ ਆਪਣੇ ਕੋਲੋਂ ਨਹੀਂ ਬਲਕਿ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ‘ਚੋਂ ਰੌਸ਼ਨੀ ਲੈ ਕੇ ਕਰ ਰਹੇ ਹਾਂ। ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਵਿੱਚ ਦਰਜ ਹੈ ਕਿ ਮਹਾਨ ਗ਼ਦਰੀ ਬਾਬਿਆਂ ਅਤੇ ਬਹੁਤ ਵੱਡੇ ਕੱਦ ਦੇ ਸਿਰਮੌਰ ਕਮਿਊਨਿਸਟ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਨੇ ਇੱਕ ਵਾਰ ਨਹੀਂ ਬਲਕਿ ਦੋ ਵਾਰ, ਪਹਿਲਾਂ ਕਿਰਤੀ ਪਾਰਟੀ ਨੂੰ ਅਤੇ ਫਿਰ ਲਾਲ ਕਮਿਊਨਿਸਟ ਪਾਰਟੀ ਨੂੰ ਬਿਨਾ ਸ਼ਰਤ ਭੰਗ ਕਰਕੇ ਭਾਰਤ ਦੀ ਕਮਿਊਨਿਸਟ ਪਾਰਟੀ (ਸੀਪੀਆਈ) ਵਿੱਚ ਸ਼ਾਮਿਲ ਕਰ ਦਿੱਤਾ ਸੀ । ਲਾਲ ਪਾਰਟੀ ਨੂੰ ਸੀਪੀਆਈ ਵਿੱਚ ਸ਼ਾਮਲ ਕਰਨ ਵੇਲੇ ਤਾਂ ਕਾਮਰੇਡ ਤੇਜਾ ਸਿੰਘ ਸੁਤੰਤਰ ਨੇ ਇੱਕ ਹੋਰ ਵੱਡੀ ਮਹਾਨਤਾ ਦਾ ਪ੍ਰਗਟਾਵਾ ਵੀ ਕੀਤਾ। ਇਤਿਹਾਸ ਵਿੱਚ ਦਰਜ ਹੈ ਕਿ ਲਾਲ ਪਾਰਟੀ ਨੂੰ ਬਿਨਾ ਸ਼ਰਤ ਭੰਗ ਕਰਨ ਦੇ ਫ਼ੈਸਲੇ ਤੋਂ ਬਾਅਦ ਏਕਤਾ ਅਮਲ ਨੂੰ ਪੂਰਾ ਕਰਨ ਲਈ ਕੇਂਦਰੀ ਕਮੇਟੀ ਦੇ ਆਦੇਸ਼ ਅਨੁਸਾਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੋ ਉਸ ਸਮੇਂ ਸੀਪੀਆਈ ਦੇ ਸੂਬਾ ਸਕੱਤਰ ਸਨ ਅਤੇ ਕਾਮਰੇਡ ਤੇਜਾ ਸਿੰਘ ਸੁਤੰਤਰ ਵਿਚਕਾਰ ਤਹਿਸੀਲ ਫਿਲੌਰ ਦੇ ਪਿੰਡ ਮੁਠੱਡਾ ਕਲਾਂ ਵਿਖੇ ਕਾਮਰੇਡ ਹਜ਼ਾਰਾ ਸਿੰਘ ਦੇ ਖੂਹ ਤੇ ਇੱਕ ਗੁਪਤ ਮੀਟਿੰਗ ਹੋਈ। ਗੁਪਤ ਇਸ ਲਈ ਕਿਉਂਕਿ ਕਾਮਰੇਡ ਤੇਜਾ ਸਿੰਘ ਸੁਤੰਤਰ ਉਸ ਸਮੇਂ ਵੀ ਵਾਰੰਟਡ (ਗੁਪਤਵਾਸ) ਸਨ। ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਕਾਮਰੇਡ ਸੁਤੰਤਰ ਨੇ ਕਾਮਰੇਡ ਸੁਰਜੀਤ ਨੂੰ ਕਿਹਾ ਕਿ ”ਦਸ ਤੇਰੀਆਂ ਕੀ ਸ਼ਰਤਾਂ ਹਨ ਲਾਲ ਪਾਰਟੀ ਵਾਲਿਆਂ ਨੂੰ ਸੀਪੀਆਈ ‘ਚ ਮੁੜ ਸ਼ਾਮਲ ਕਰਨ ਲਈ? ” ਕਾਮਰੇਡ ਸੁਰਜੀਤ ਨੇ ਕਾਮਰੇਡ ਸੁਤੰਤਰ ਨੂੰ ਉੱਤਰ ਦਿੱਤਾ, ”ਪਹਿਲੀ ਸ਼ਰਤ ਤਾਂ ਇਹ ਹੀ ਹੈ ਕਿ ਤੁਹਾਨੂੰ ਨਹੀਂ ਪਾਰਟੀ ਵਿੱਚ ਲੈਣਾ ਕਿਉਂਕਿ ਤੁਸੀਂ ਇੱਕ ਵਾਰ ਨਹੀਂ ਸਗੋਂ ਦੋ ਵਾਰ ਪਾਰਟੀ ਤੋੜੀ ਹੈ।” ਕਾਮਰੇਡ ਸੁਤੰਤਰ ਹੱਸ ਪਏ ਅਤੇ ਕਹਿਣ ਲੱਗੇ ਕਿ ”ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਇਹੋ ਕੁਝ ਹੀ ਕਹਿਣਾ ਹੈ… ਚਲੋ ਠੀਕ ਹੈ ਅੱਗੇ ਦੱਸ।” ਇਹ ਮੀਟਿੰਗ ਸਫ਼ਲ ਹੋਈ ਅਤੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਨੂੰ ਛੱਡ ਕੇ ਬਾਕੀ ਲੱਗ ਪੱਗ ਸਾਰੇ ਲਾਲ ਪਾਰਟੀ ਵਾਲੇ ਕਾਮਰੇਡ ਸੀਪੀਆਈ ਵਿੱਚ ਸ਼ਾਮਲ ਕਰ ਲਏ ਗਏ। ਇਹ ਜਾਣਕਾਰੀ ਬਹੁਤ ਘੱਟ ਕਾਮਰੇਡਾਂ ਨੂੰ ਹੈ ਅਤੇ ਕਮਿਊਨਿਸਟ ਲਹਿਰ ਦਾ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ‘ਚੋਂ ਤਾਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਲਾਲ ਪਾਰਟੀ ਤੋੜਨ ਤੋਂ ਬਾਅਦ 1952 ਤੋਂ ਲੈ ਕੇ 1962 ਤੱਕ ਕਾਮਰੇਡ ਤੇਜਾ ਸਿੰਘ ਸੁਤੰਤਰ ਕਮਿਊਨਿਸਟ ਪਾਰਟੀ ਦੇ ਮੈਂਬਰ ਨਹੀਂ ਸਨ। ਉਹ ਰਾਮ ਨਗਰ ਡਕੈਤੀ ਕੇਸ ਵਿੱਚ ਵਾਰੰਟਡ ਅਤੇ ਅੰਡਰਗਰਾਊਂਡ ਸਨ ਪਰ ਪਾਰਟੀ ਦੇ ਸੰਪਰਕ ਵਿੱਚ ਸਨ। 1962 ਵਿੱਚ ਵਾਰੰਟ ਮਨਸੂਖ਼ ਹੋਣ ਤੋਂ ਬਾਅਦ ਉਹ ਜਲੰਧਰ ਸ਼ਹਿਰ ਵਿੱਚ ਪਰਗਟ ਹੋਏ ਅਤੇ ਸੀਪੀਆਈ ਵਿੱਚ ਸ਼ਾਮਲ ਹੋਏ। ਉਸੇ ਸਮੇਂ ਭਾਰਤ-ਚੀਨ ਸਰਹੱਦੀ ਲੜਾਈ ਦੇ ਮੁੱਦੇ ‘ਤੇ ਕਾਮਰੇਡ ਸੁਰਜੀਤ ਅਤੇ ਹੋਰ ਅਨੇਕਾਂ ਕਾਮਰੇਡ ਜੇਲ੍ਹ ਵਿੱਚ ਹੋਣ ਕਾਰਨ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਧੱਕੇ ਨਾਲ ਪਾਰਟੀ ਦਾ ਸੂਬਾ ਸਕੱਤਰ ਬਣ ਗਿਆ ਸੀ।
ਮੰਗਤ ਰਾਮ ਪਾਸਲਾ ”ਜੀ” ਕਮਿਊਨਿਸਟਾਂ ਦੀ ਏਕਤਾ ਦਾ ਢੰਡੋਰਾ ਤਾਂ ਉਸੇ ਦਿਨ ਤੋਂ ਪਿੱਟਦੇ ਆ ਰਹੇ ਹਨ ਜਿਸ ਦਿਨ ਉਨ੍ਹਾਂ ਨੇ ਸੀਪੀਆਈ (ਐਮ) ਨਾਲ ਗੱਦਾਰੀ ਕਰਕੇ ਆਪਣਾ ਵੱਖਰਾ ਚੁੱਲ੍ਹਾ ਜਲਾਇਆ ਸੀ ਪਰ ਜਦੋਂ ਅਸੀਂ ਕਿਰਤੀ ਪਾਰਟੀ, ਲਾਲ ਪਾਰਟੀ, ਕਾਮਰੇਡ ਤੇਜਾ ਸਿੰਘ ਸੁਤੰਤਰ ਦੀਆਂ ਉਪਰੋਕਤ ਇਤਿਹਾਸਕ ਘਟਨਾਵਾਂ ਤੋਂ ਸਬਕ ਸਿੱਖ ਕੇ ਕਮਿਊਨਿਸਟ ਏਕਤਾ ਲਈ ਰਾਹ ਦੱਸਦੇ ਹਾਂ ਤਾਂ ਇਹ ”ਜੀ” ਮੂੰਹ ਵਿੱਚ ਘੁੰਗਣੀਆਂ ਪਾਕੇ ਚੁੱਪ ਹੋ ਜਾਂਦੇ ਹਨ, ਕੁਝ ਵੀ ਨਹੀਂ ਬੋਲਦੇ । ਮੈਨੂੰ ਮੇਰੇ ਕਈ ਕਾਮਰੇਡ ਅਤੇ ਦੋਸਤ ਬਾਰ ਬਾਰ ਅਤੇ ਲਗਾਤਾਰ ਇਹ ਕਹਿੰਦੇ ਰਹਿੰਦੇ ਹਨ ਕਿ ਕਾਮਰੇਡ ਤੱਗੜ ਜੀ! ਤੁਸੀਂ ਵੀ ਬਹੁਤ ਭੋਲੇ ਹੋ ਜੋ ਮੰਗਤ ਰਾਮ ਵਰਗੇ ਮੌਕਾਪ੍ਰਸਤ ਭਗੌੜੇ ਤੋਂ ਇਹ ਆਸ ਰੱਖ ਰਹੇ ਹੋ ਕਿ ਉਹ ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਗ਼ਦਰੀ ਬਾਬਿਆਂ ਵਰਗੇ ਮਹਾਨ ਸੂਰਬੀਰ ਕਮਿਊਨਿਸਟ ਆਗੂਆਂ ਦੇ ਪਦ-ਚਿੰਨ੍ਹਾਂ ‘ਤੇ ਚੱਲਣਗੇ।
ਕਮਿਊਨਿਸਟਾਂ ਦੀ ਏਕਤਾ ਦਾ ਨਾਅਰਾ ਲਾਉਣ ਵਾਲੇ ਇਸ ਪਾਸਲਾ ”ਜੀ” ਦੀ ਮੱਕਾਰੀ ਅਤੇ ਮੌਕਾਪ੍ਰਸਤੀ ਦੀ ਸਿਖਰ ਦਾ ਅੰਦਾਜ਼ਾ ਇਸ ਦੀ ”ਪਾਰਟੀ” ਵੱਲੋਂ ਅਖ਼ਤਿਆਰ ਕੀਤੀ ਗਈ ਰਾਜਨੀਤਕ ਲਾਈਨ ਤੋਂ ਹੀ ਲੱਗ ਜਾਂਦਾ ਹੈ। ਸਾਡੇ ਕਾਮਰੇਡ, ਅਗਾਂਹਵਧੂ ਸ਼ਕਤੀਆਂ ਅਤੇ ਰਾਜਨੀਤੀ ਤੋਂ ਸੁਚੇਤ ਸਾਰੇ ਹੀ ਲੋਕ ਜਾਣਦੇ ਹਨ ਕਿ ਕੇਰਲਾ ਵਿੱਚ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਉਥੋਂ ਦੀਆਂ ਸਾਰੀਆਂ ਮੁੱਖ ਰਾਜਨੀਤਿਕ ਪਾਰਟੀਆਂ ਦੋ ਰਾਜਨੀਤਿਕ ਫਰੰਟਾਂ ਵਿੱਚ ਵੰਡੀਆਂ ਹੋਈਆਂ ਹਨ। ਇੱਕ ਫਰੰਟ ਹੈ ਸੀਪੀਆਈ (ਐਮ) ਦੀ ਅਗਵਾਈ ਵਾਲਾ ਖੱਬਾ ਜਮਹੂਰੀ ਮੋਰਚਾ/ਲੈਫਟ ਡੈਮੋਕਰੈਟਿਕ ਫਰੰਟ (ਐਲਡੀਐਫ਼) ਅਤੇ ਦੂਸਰਾ ਹੈ ਕਮਿਊਨਿਸਟ -ਵਿਰੋਧੀ ਮੋਰਚਾ ਯੂਨਾਈਟਿਡ ਡੈਮੋਕਰੈਟਿਕ ਫਰੰਟ (ਯੂਡੀਐਫ਼) । ਇਸ ਦੀ ਅਗਵਾਈ ਕਾਂਗਰਸ ਪਾਰਟੀ ਕਰਦੀ ਹੈ। ਇਸ ਫਰੰਟ ਵਿੱਚ ਲੱਗ ਪੱਗ ਸਾਰੀਆਂ ਕਮਿਊਨਿਸਟ ਵਿਰੋਧੀ ਪਾਰਟੀਆਂ ਸ਼ਾਮਲ ਹਨ। ਪਰ ਇਹ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ ਕਿ ਕੇਰਲਾ ਵਿੱਚ ਮੰਗਤ ਰਾਮ ਪਾਸਲਾ ”ਜੀ” ਦੀ ਪਾਰਟੀ ਉਪਰੋਕਤ ਕਮਿਊਨਿਸਟ-ਵਿਰੋਧੀ ਮੋਰਚੇ ਯੂਡੀਐਫ਼ ਵਿੱਚ ਸ਼ਾਮਲ ਹੈ। 2022 ਦੀਆਂ ਚੋਣਾਂ ਵਿੱਚ ਇਸ ਕਮਿਊਨਿਸਟ-ਵਿਰੋਧੀ ਮੋਰਚੇ ਨੇ ਵਿਧਾਨ ਸਭਾ ਦੀ ਇੱਕ ਸੀਟ ਵੀ ਮੰਗਤ ਰਾਮ ”ਜੀ” ਦੀ ਪਾਰਟੀ ਨੂੰ ਜਿਤਾ ਦਿੱਤੀ ਸੀ। 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਸਲਾ ਪਾਰਟੀ ਦੋ ਜਾਂ ਤਿੰਨ ਸੀਟਾਂ ਮੰਗਦੀ ਸੀ ਪਰ ਇਸ ਵਾਰ ਵੀ ਇੱਕ ਸੀਟ ਹੀ ਮਿਲੀ ਹੈ। ਨਤੀਜਾ 4 ਮਈ ਨੂੰ ਆਵੇਗਾ। ਉੱਪਰ ਵਰਣਨ ਕੀਤੀਆਂ ਗਈਆਂ ਸਾਰੀਆਂ ਘਟਨਾਵਾਂ ਅਤੇ ਮੌਕਿਆਂ ਜਿਵੇਂ ਕਿ ਪਾਸਲਾ ”ਜੀ” ਵੱਲੋਂ ਬੀਜੇਪੀ ਆਗੂਆਂ ਨਾਲ ਮਿਲਕੇ ਸਾਂਝੇ ਤੌਰ ‘ਤੇ ਸ਼੍ਰੀ ਰਾਮ ਭਗਵਾਨ ਸ਼ੋਭਾ ਯਾਤਰਾ ਦੀ ਪਵਿੱਤਰ ਜੋਤੀ ਜਗਾਉਣਾ, ਸੰਤ ਭਿੰਡਰਾਵਾਲੇ ਦੇ ਪੈਰੋਕਾਰਾਂ ਵੱਲੋਂ ਸਿਰੋਪਾ ਪ੍ਰਾਪਤ ਕਰਨਾ, ਇੱਕ ਜਾਤ ਦੇ ਆਗੂ ਦੇ ਤੌਰ ‘ਤੇ ਉਸ ਭਾਈਚਾਰੇ ਵੱਲੋਂ ਸਨਮਾਨਤ ਹੋਣਾ, ਹਿੰਦੂ ਧਰਮ ਦੀਆਂ ”ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ, ਰਵਾਇਤਾਂ, ਅਸੂਲਾਂ ਨੂੰ ਖੋਜਦੇ ਫਿਰਨਾ,” ਇੱਕ ਪਾਸੇ ਕਮਿਊਨਿਸਟ ਏਕਤਾ ਦਾ ਢੰਡੋਰਾ ਪਿੱਟਣਾ ਅਤੇ ਦੂਸਰੇ ਪਾਸੇ ਕਮਿਊਨਿਸਟ ਵਿਰੋਧੀ ਰਾਜਨੀਤਿਕ ਮੋਰਚੇ ਵਿੱਚ ਸ਼ਾਮਲ ਹੋਣਾ ਅਤੇ ਅਜਿਹਾ ਹੋਰ ਬਹੁਤ ਕੁਝ ਹੈ ਜੋ ਅਸੀਂ ਇਥੇ ਲਿਖ ਨਹੀਂ ਸਕੇ, ਤੋਂ ਸਾਡਾ ਇਹ ਨਿਰਣਾ ਬਿਲਕੁਲ ਸਹੀ ਅਤੇ ਬਾ-ਦਲੀਲ ਸਾਬਤ ਹੁੰਦਾ ਹੈ ਕਿ ਇਹ ਸ਼ਖਸ ਬੁਨਿਆਦੀ ਤੌਰ ‘ਤੇ ਬੌਧਿਕ ਅਤੇ ਵਿਚਾਰਧਾਰਕ ਕੰਗਾਲੀ ਅਤੇ ਮੌਕਾਪ੍ਰਸਤੀ ਦੀ ਮਾਨਸਿਕਤਾ ਵਿੱਚ ਗ੍ਰਸਿਆ ਹੋਇਆ ਹੈ।
-ਮੋਬਾ: 94635-42023

Loading