ਪਹਿਲੀ ਅਗਸਤ 2026 ਨੂੰ ਕਾਮਰੇਡ ਸੁਰਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ 18 ਸਾਲ ਦਾ ਸਮਾਂ ਬੀਤ ਗਿਆ ਹੈ। ਉਨ੍ਹਾਂ ਦੇ ਵਿਛੋੜੇ ਨਾਲ ਇੱਕ ਅਜਿਹੇ ਜੀਵਨ ਦਾ ਅੰਤ ਹੋ ਗਿਆ ਹੈ ਜਿਸ ਨੇ ਦੇਸ਼ ਦੀ ਕਮਿਊਨਿਸਟ ਲਹਿਰ ਨੂੰ ਉਸਾਰਨ ’ਚ ਭਾਰੀ ਯੋਗਦਾਨ ਪਾਇਆ ਸੀ। ਕਾਮਰੇਡ ਸੁਰਜੀਤ ਕਮਿਊਨਿਸਟ ਪਾਰਟੀ ਦੀ ਉਸ ਪੁਸ਼ਤ ਨਾਲ ਸੰਬੰਧ ਰੱਖਦੇ ਸਨ ਜਿਸ ਦੀਆਂ ਸਿਆਸੀ ਗਤੀਵਿਧੀਆਂ ਆਜ਼ਾਦੀ ਤੋਂ ਪਹਿਲਾਂ ਬਰਤਾਨਵੀ ਸਾਮਰਾਜਵਾਦ ਵਿਰੁੱਧ ਸੰਘਰਸ਼ ਅਤੇ ਫਿਰ ਆਜ਼ਾਦੀ ਤੋਂ ਬਾਅਦ ਦੇ ਯੁੱਗ ’ਚ ਲੋਕ ਸੰਘਰਸ਼ਾਂ ਨਾਲ ਸੰਬੰਧਤ ਸਨ। ਆਪਣੇ ਸਿਆਸੀ ਜੀਵਨ ’ਚ ਉਹ ਪਹਿਲਾਂ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ, ਫਿਰ ਸਮਾਜਵਾਦੀ ਕਾਂਗਰਸ ਪਾਰਟੀ ’ਚ ਅਤੇ ਅਖੀਰ ਉਹ ਕਮਿਊਨਿਸਟ ਪਾਰਟੀ ’ਚ। ਉਨ੍ਹਾਂ ਦਾ ਇਹ ਸਿਆਸੀ ਸਫ਼ਰ ਉਨ੍ਹਾਂ ਦੇ ਸਿਆਸੀ ਅਤੇ ਸਿਧਾਂਤਕ ਵਿਕਾਸ ਦਾ ਵੀ ਇੱਕ ਸੰਕੇਤ ਹੈ। ਉਨ੍ਹਾਂ ਦੇ ਪਹਿਲੇ ਕੰਮ, ਜੋ ਕਿਸਾਨੀ ਨੂੰ ਸੰਗਠਤ ਕਰਨ ਨਾਲ ਜੁੜੇ ਹੋਏ ਸਨ, ਦੇ ਦੋ ਮੰਤਵ ਸਨ। ਇੱਕ ਤਾਂ ਇਹ ਕਿ ਸਾਮਰਾਜ ਵਿਰੋਧੀ ਲਹਿਰ ’ਚ ਕਿਸਾਨੀ ਨੂੰ ਨਾਲ ਲਿਆ ਜਾਵੇ ਤੇ ਦੂਜਾ ਜਗੀਰਦਾਰੀ ਵਿਰੁੱਧ ਸੰਘਰਸ਼ ’ਚ ਕਿਸਾਨੀ ਨੂੰ ਮੁਹਰਲੀਆਂ ਸਫ਼ਾਂ ’ਚ ਲਿਆਂਦਾ ਜਾਵੇ। ਕਿਸਾਨ ਲਹਿਰ ਨਾਲ ਉਨ੍ਹਾਂ ਦਾ ਜੋ ਜ਼ਿੰਦਗੀ ਭਰ ਦਾ ਸਾਥ ਰਿਹਾ ਹੈ ਉਹ ਇਸ ਸਮਝ ਤੋਂ ਪ੍ਰੇਰਤ ਸੀ ਕਿ 1947 ’ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਜਮਹੂਰੀ ਇਨਕਲਾਬ ਦੇ ਟੀਚੇ ਪ੍ਰਾਪਤ ਨਹੀਂ ਹੋਏ।
ਪੰਜਾਬ ’ਚ ਸਾਮਰਾਜ ਵਿਰੋਧੀ ਲਹਿਰ ਦਾ ਜੋ ਉਨ੍ਹਾਂ ਦਾ ਮੁੱਢਲਾ ਅਨੁਭਵ ਸੀ ਅਤੇ ਉਸ ਤੋਂ ਮਗਰੋਂ ਪੰਜਾਬ ਦੀ ਵੰਡ ਤੋਂ ਬਾਅਦ ਜੋ ਫ਼ਿਰਕੂ ਟਕਰਾਓ ਤੇ ਭੇਦ ਭਾਵ ਦੀ ਭਾਵਨਾ ਉਜਾਗਰ ਹੋਈ ਉਸ ਪ੍ਰਤੀ ਸਮਝ ਦੇ ਆਧਾਰ ’ਤੇ ਹੀ ਉਨ੍ਹਾਂ ਨੇ ਫਿਰ ਫ਼ਿਰਕਾਪ੍ਰਸਤੀ ਨਾਲ ਕਦੇ ਵੀ ਕੋਈ ਸਮਝੌਤਾਵਾਦੀ ਸਟੈਂਡ ਨਹੀਂ ਲਿਆ। ਉਨ੍ਹਾਂ ਦੀ ਇਹ ਅਟੱਲ ਸਮਝ ਸੀ ਜੇਕਰ ਫ਼ਿਰਕਾਪ੍ਰਸਤੀ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਭਾਰਤ ਵਰਗੇ ਅਜੋਕੇ ਧਰਮ-ਨਿਰਪੱਖ ਦੇਸ਼ ਦੇ ਤੌਰ ’ਤੇ ਦੇਸ਼ ਨੂੰ ਤਬਾਹ ਕਰ ਦੇਵੇਗੀ। ਇਸ ਤੋਂ ਬਿਨਾਂ ਉਨ੍ਹਾਂ ਨੇ ਇਸ ਤੱਥ ਨੂੰ ਵੀ ਬਹੁਤ ਡੂੰਘੀ ਤਰ੍ਹਾਂ ਸਮਝਿਆ ਕਿ ਸਾਮਰਾਜਵਾਦ ਭਾਰਤ ਵਰਗੇ ਬਹੁਕੌਮੀਅਤਾਂ ਵਾਲੇ ਦੇਸ਼ ਨੂੰ ਕਿਵੇਂ ਨਾ ਕਿਵੇਂ ਤੋੜਨ ਲਈ ਪੂਰੀ ਤਰ੍ਹਾਂ ਸਰਗਰਮ ਹੈ। ਇਸ ਲਈ ਕਾਮਰੇਡ ਸੁਰਜੀਤ ਹਰ ਕਿਸਮ ਦੀ ਫ਼ਿਰਕਾਪ੍ਰਸਤੀ ਅਤੇ ਵੱਖਵਾਦੀ ਲਹਿਰਾਂ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਦੇ ਰਹੇ। ਇਹ ਵਿਚਾਰ ਉਨ੍ਹਾਂ ਦੀ ਬੁਨਿਆਦੀ ਮਾਰਕਸਵਾਦੀ ਸਮਝ ਤੋਂ ਪੈਦਾ ਹੋਏ ਸਨ ਕਿ ਵੱਖਵਾਦੀ ਤਾਕਤਾਂ ਹਮੇਸ਼ਾ ਮਜ਼ਦੂਰ ਜਮਾਤ ਦੀ ਏਕਤਾ ਨੂੰ ਭੰਗ ਕਰਦੀਆਂ ਹਨ। ਕਾਮਰੇਡ ਸੁਰਜੀਤ ਨੇ ਮਾਰਕਸਵਾਦ-ਲੈਨਿਨਵਾਦ ਦੇ ਅਸੂਲਾਂ ਨੂੰ ਸਥਾਪਤ ਕਰਨ ਦੇ ਸੰਘਰਸ਼ ’ਚ ਵਡਮੁੱਲਾ ਯੋਗਦਾਨ ਪਾਇਆ। ਸਿੱਟੇ ਵਜੋਂ ਉਨ੍ਹਾਂ ਕਦੇ ਵੀ ਸੋਧਵਾਦੀ ਤੇ ਮਾਰਕੇਬਾਜ਼ੀ ਸਿਧਾਂਤਕ ਪੈਂਤੜਾ ਨਹੀਂ ਲਿਆ। ਸੀਪੀਆਈ (ਐਮ) ਦੇ ਨੇਤਾ ਦੇ ਤੌਰ ’ਤੇ ਕੌਮਾਂਤਰੀ ਕਮਿਊਨਿਸਟ ਲਹਿਰ ਬਾਰੋੇ ਉਨ੍ਹਾਂ ਦਾ ਸਭ ਤੋਂ ਲੰਮਾ ਤਜਰਬਾ ਸੀ। ਜਦ ਸੋਵੀਅਤ ਸੰਘ ਟੁੱਟ ਰਿਹਾ ਸੀ ਅਤੇ ਸਮਾਜਵਾਦ ਨੂੰ ਵੱਡਾ ਧੱਕਾ ਲੱਗਾ ਸੀ, ਉਨ੍ਹਾਂ ਨੇ ਕਮਿਊਨਿਸਟ ਲਹਿਰ ਨੂੰ ਉਤਸ਼ਾਹਿਤ ਕਰਨ ’ਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ। ਪਾਰਟੀ ਦੇ ਜਨਰਲ ਸਕੱਤਰ ਦੇ ਤੌਰ ’ਤੇ ਉਨ੍ਹਾਂ ਨੇ ਬੜੀ ਸਿਆਣਪ ਨਾਲ ਪਾਰਟੀ ਨੂੰ ਇਸ ਔਖੇ ਸਮੇਂ ’ਚ ਸੰਕਟ ’ਚੋਂ ਬਾਹਰ ਕੱਢਿਆ। ਉਨ੍ਹਾਂ ਨੇ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਾਰਕਸਵਾਦ-ਲੈਨਿਨਵਾਦ ਨੂੰ ਦੂਜੇ ਦੇਸ਼ਾਂ ਦੇ ਮਾਡਲ ਦੇ ਆਧਾਰ ’ਤੇ ਮਕੈਨੀਕਲ ਢੰਗ ਨਾਲ ਠੋਸਣਾ ਨਹੀਂ ਚਾਹੀਦਾ ਸਗੋਂ ਇਸ ਨੂੰ ਭਾਰਤੀ ਹਾਲਤਾਂ ਅਨੁਸਾਰ ਸਿਰਜਣਾਤਮਕ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।
ਕਾਮਰੇਡ ਸੁਰਜੀਤ ਸਿਆਸੀ ਦਾਅਪੇਚਾਂ ਦੇ ਵੱਡੇ ਮਾਹਰ ਸਨ। ਉਹ ਅਜਿਹੇ ਮੌਕੇ ਸਿਰਜਣ ’ਚ ਭਾਰੀ ਨਿਪੁੰਨਤਾ ਰੱਖਦੇ ਸਨ ਜਿਨ੍ਹਾਂ ਰਾਹੀਂ ਪਾਰਟੀ ਦੀ ਸਿਆਸੀ ਦਾਅਪੇਚਕ ਲਾਈਨ ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਦੀ ਇਸ ਨਿਪੁੰਨਤਾ ਦੀ ਇੱਕ ਝਲਕ 1987 ਤੋਂ 1991 ਤੱਕ ਦੇ ਸਮੇਂ ਤੋਂ ਮਿਲਦੀ ਹੈ ਜਦੋਂ ਖੱਬੀਆਂ ਤਾਕਤਾਂ ਨੇ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਜਨਤਾ ਦਲ ਅਤੇ ਖੇਤਰੀ ਪਾਰਟੀਆਂ ਦੀ ਸਰਕਾਰ ਨੂੰ ਬਾਹਰੋਂ ਸਮਰਥਨ ਦਿੱਤਾ ਅਤੇ ਭਾਜਪਾ ਨੂੰ ਵੀ ਸੱਤਾ ਤੋਂ ਬਾਹਰ ਰੱਖਣ ਦੀ ਭੂਮਿਕਾ ਨਿਭਾਈ ਅਤੇ ਕਦੇ ਵੀ ਆਪਣੇ ਅਸੂਲਾਂ ਨੂੰ ਦਰਕਿਨਾਰ ਨਹੀਂ ਕੀਤਾ। ਇਨ੍ਹਾਂ ਤੋਂ ਮਗਰੋਂ ਫਿਰ ਉਨ੍ਹਾਂ ਨੇ ਆਪਣੀ ਸਿਆਸੀ ਮੁਹਾਰਤ ਦਾ ਸਬੂਤ ਦਿੱਤਾ ਜਦੋਂ ਉਨ੍ਹਾਂ ਨੇ ਭਾਜਪਾ ਦੇ ਫ਼ਿਰਕੂ ਖ਼ਤਰੇ ਨੂੰ ਭਾਂਪਦਿਆਂ ਸਾਰੀਆਂ ਧਰਮ-ਨਿਰਪੱਖ ਪਾਰਟੀਆਂ ਦੀ ਏਕਤਾ ਬਣਾਈ ਤੇ ਇੰਝ ਕਰਦੇ ਹੋਏ ਕਾਂਗਰਸ ਨਾਲ ਵੀ ਕੋਈ ਸਮਝੌਤਾ ਨਹੀਂ ਕੀਤਾ। ਜੇਕਰ ਭਾਰਤੀ ਸਿਆਸਤ ’ਚ ਕਾਂਗਰਸ ਅਤੇ ਭਾਜਪਾ ਤੋਂ ਬਿਨਾਂ ਤੀਜੇ ਬਦਲ ਦੀ ਸੰਭਾਵਨਾ ਨੂੰ ਕਿਸੇ ਲੀਡਰ ਨੇ ਸਭ ਤੋਂ ਵੱਧ ਮਹਿਸੂਸ ਕੀਤਾ ਉਹ ਕਾਮਰੇਡ ਸੁਰਜੀਤ ਹੀ ਸਨ ਅਤੇ ਉਨਾਂ ਨੇ ਹੀ ਅੱਸੀਵਿਆਂ ਦੇ ਅੰਤ ’ਚ ਇਸ ਤਰ੍ਹਾਂ ਦਾ ਇੱਕ ਬਦਲ ਪੈਦਾ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਕਾਮਰੇਡ ਸੁਰਜੀਤ ਕੌਮਾਂਤਰੀਵਾਦ ਦੀ ਭਾਵਨਾ ਨਾਲ ਪੂਰੀ ਤਰ੍ਹਾਂ ਲਬਰੇਜ਼ ਸਨ। ਸਾਮਰਾਜਵਾਦ ਦੇ ਖ਼ਿਲਾਫ਼ ਸੰਘਰਸ਼ ਲਈ ਉਨ੍ਹਾਂ ਦੀ ਦ੍ਰਿੜ੍ਹ ਪ੍ਰਤੀਬੱਧਤਾ ਸੀ। ਇਸੇ ਤਰ੍ਹਾਂ ਦੀ ਪ੍ਰਤੀਬੱਧਤਾ ਉਨ੍ਹਾਂ ਨੇ ਸਮਾਜਵਾਦ ਦੀ ਰਾਖੀ ਕਰਨ ’ਚ ਵਿਖਾਈ ਅਤੇ ਜਦੋਂ 1990ਵਿਆਂ ਦੇ ਸ਼ੁਰੂ ’ਚ ਇੱਕ ਨਾਖੁਸ਼ਗਵਾਰ ਸਥਿਤੀ ਪੈਦਾ ਹੋ ਗਈ ਤਾਂ ਉਹ ਆਪਣੇ ਸਿਧਾਂਤਾਂ ਅਤੇ ਵਿਚਾਰਾਂ ’ਚ ਪੂਰੀ ਤਰ੍ਹਾਂ ਅਡੋਲ ਰਹੇ। ਕੌਮਾਂਤਰੀ ਪੱਧਰ ’ਤੇ ਵੀਅਤਨਾਮ, ਕਿਊਬਾ, ਅਤੇ ਫ਼ਲਸਤੀਨ ਆਦਿ ਦੇਸ਼ਾਂ ਨਾਲ ਇੱਕਮੁੱਠਤਾ ਕਾਇਮ ਕਰਨ ਦੀ ਮੁਹਿੰਮ ਦੇ ਕਾਮਰੇਡ ਸੁਰਜੀਤ ਮੋਹਰੀ ਸਨ। ਕਮਿਊਨਿਸਟ ਪਾਰਟੀ ਪ੍ਰਤੀ ਉਨ੍ਹਾਂ ਦੀ ਲਗਨ ਤੇ ਪ੍ਰਤੀਬੱਧਤਾ ਇੱਕ ਨਿਵੇਕਲੀ ਮਿਸਾਲ ਹੈ। ਪਾਰਟੀ ਦੇ ਸਭ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਉਹ ਆਪਣੀ ਸਾਰੀ ਤਾਕਤ ਤੇ ਸਮਾਂ ਲਾ ਦਿੰਦੇ ਸਨ। ਉਨ੍ਹਾਂ ਦਾ ਇੱਕੋ ਇੱਕ ਟੀਚਾ ਪਾਰਟੀ ਦਾ ਵਿਕਾਸ ਕਰਨਾ ਅਤੇ ਦੇਸ਼ ’ਚ ਜਮਹੂਰੀ ਇਨਕਲਾਬ ਤੇ ਸਮਾਜਵਾਦ ਦੇ ਸੰਕਲਪ ਨੂੰ ਅੱਗੇ ਵਧਾਉਣਾ ਸੀ। ਅੱਜ ਇਸ ਮੌਕੇ ’ਤੇ ਅਸੀਂ ਉਨ੍ਹਾਂ ਦੀ ਮੌਜ਼ੂਦਗੀ ਤੋਂ ਵਾਂਝੇ ਹੋ ਗਏ ਹਾਂ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਜੋ ਵਡਮੁੱਲਾ ਵਿਰਸਾ ਤੇ ਇੱਕ ਕਰਮਯੋਗੀ ਦੀ ਮਿਸਾਲ ਉਹ ਛੱਡ ਕੇ ਗਏ ਹਨ ਸਾਨੂੰ ਉਸ ਤੋਂ ਪੇ੍ਰਰਨਾ ਲੈ ਕੇ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲਣ ਲਈ ਦ੍ਰਿੜ੍ਹ ਪ੍ਰਤੀਬੱਧਤਾ ਨਾਲ ਅੱਗੇ ਵਧਣਾ ਚਾਹੀਦਾ ਹੈ।
ਇਕ ਅਗਸਤ 2026 ਨੂੰ ਉਹਨਾਂ ਦੀ ਬਰਸੀ ਸਮੇਂ
ਕਾਮਰੇਡ ਸੁਰਜੀਤ ਨੂੰ ਯਾਦ ਕਰਦਿਆਂ — ਸੁਖਵਿੰਦਰ ਸਿੰਘ ਸੇਖੋ
![]()